ਪੇਸ਼ਾਵਰ- ਭਾਰਤ ਸਮੇਤ ਹੋਰਨਾਂ ਮੁਲਕਾਂ ’ਚ ਦਹਿਸ਼ਤ ਫੈਲਾਉਣ ਵਾਲਾ ਪਾਕਿਸਤਾਨ ਹੁਣ ਦਹਿਸ਼ਤ ਨਾਲ ਕੁਰਲਾ ਰਿਹਾ ਹੈ। ਦੱਸ ਦਈਏ ਕਿ ਪਾਕਿਸਤਾਨ ‘ਚ ਹਰ ਰੋਜ਼ ਅੱਤਵਾਦੀ ਹਮਲੇ ਹੋ ਰਹੇ ਹਨ ਜਿਸ ਦੌਰਾਨ ਇਹ ਅੱਤਵਾਦੀ ਕਿਸੇ ਵੀ ਫੌਜ ਜਾਂ ਪੁਲਸ ਨੂੰ ਨਹੀਂ ਬਖਸ਼ ਰਹੇ। ਹੁਣ ਅੱਤਵਾਦੀਆਂ ਨੇ ਪਾਕਿਸਤਾਨੀ ਫੌਜ ਦੇ ਫਰੰਟੀਅਰ ਫੌਜ ਦੇ ਹੈੱਡਕੁਆਰਟਰ ‘ਤੇ ਘਾਤਕ ਅੱਤਵਾਦੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਇਹ ਹੈੱਡਕੁਆਰਟਰ ਖੈਬਰ ਪਖਤੂਨਖਵਾ ਸੂਬੇ ਦੇ ਮੁਹੰਮਦ ਜ਼ਿਲ੍ਹੇ ’ਚ ਸਥਿਤ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਮੁਤਾਬਕ ਸੁਰੱਖਿਆ ਬਲਾਂ ਨੇ ਇਸ ਮੁਕਾਬਲੇ ‘ਚ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ।ਰਿਪੋਰਟ ਮੁਤਾਬਕ ਇਹ ਹਮਲਾ ਤੜਕੇ ਹੋਇਆ। ਇਹ ਅੱਤਵਾਦੀ ਫਰੰਟੀਅਰ ਕੋਰ ਦੇ ਹੈੱਡਕੁਆਰਟਰ ‘ਤੇ ਹਮਲਾ ਕਰਨ ਆਏ ਸਨ ਪਰ ਇਸ ਤੋਂ ਪਹਿਲਾਂ ਕਿ ਉਹ ਅੰਦਰ ਦਾਖਲ ਹੁੰਦੇ, ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਮਾਰ ਦਿੱਤਾ। ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ (ਸੀ.ਡੀ.ਟੀ.) ਨੇ ਦੱਸਿਆ ਕਿ ਪਾਕਿਸਤਾਨ ਦੇ ਪਿਸ਼ਿਨ ਜ਼ਿਲੇ ‘ਚ ਸੁਰਖਾਬ ਸ਼ਰਨਾਰਥੀ ਕੈਂਪ ‘ਚ ਵੀ ਅੱਤਵਾਦੀ ਹਮਲਾ ਹੋਇਆ, ਜਿਸ ‘ਚ 5 ਅੱਤਵਾਦੀ ਮਾਰੇ ਗਏ। ਇਨ੍ਹਾਂ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।