ਪਾਣੀਆਂ ਦੇ ਮੁੱਦੇ ‘ਤੇ ਬੁੱਧਵਾਰ ਦਿੱਲੀ ਵਿੱਚ ਪੰਜਾਬ ਅਤੇ ਹਰਿਆਣਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ.ਪਾਟਿਲ ਨੇ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਸੀਐਮ ਨਾਇਬ ਸਿੰਘ ਸੈਣੀ ਦੋਵਾਂ ਨੇ ਆਪਣੇ-ਆਪਣੇ ਸੂਬਿਆਂ ਦੇ ਪੱਖ ਰੱਖੇ। ਦੋਵਾਂ ਸੂਬਿਆਂ ਵਿੱਚ ਇਹ ਚੌਥੇ ਗੇੜ ਦੀ ਮੀਟਿੰਗ ਸੀ, ਜਿਸ ਦੌਰਾਨ ਇੱਕ ਘੰਟੇ ਤੱਕ ਪਾਣੀ ਦੇ ਵਿਵਾਦ ਨੂੰ ਲੈ ਕੇ ਮੰਥਨ ਹੋਇਆ।
ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਦੋਹਾਂ ਸੂਬਿਆਂ ਵਿੱਚ ਪਾਣੀ ਦਾ ਮਸਲਾ ਬਹੁਤ ਹੀ ਗੰਭੀਰ ਹੈ ਅਤੇ ਮੀਟਿੰਗ ਦੌਰਾਨ ਹੁਣ ‘ਸਿੰਧੂ ਜਲ ਸਮਝੌਤਾ’ ਰੱਦ ਹੋਣ ਪਿੱਛੋਂ ਪੰਜਾਬ ਨੂੰ ਇਹ ਉਮੀਦ ਜਾਗੀ ਹੈ ਕਿ 23 ਐਮ.ਐਫ. ਪਾਣੀ ਹੋਰ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰਾਵੀ, ਚਿਨਾਬ ਤੇ ਉਜ ਦਰਿਆ ਦਾ ਪਾਣੀ ਮਿਲ ਸਕਦਾ ਹੈ ਅਤੇ ਜੇਕਰ ਇਹ ਪਾਣੀ ਪੰਜਾਬ ਨੂੰ ਮਿਲਦਾ ਹੈ ਤਾਂ ਅੱਗੇ ਹਰਿਆਣਾ ਨੂੰ ਪਾਣੀ ਦੇਣ ਵਿੱਚ ਪੰਜਾਬ ਨੂੰ ਕੋਈ ਦਿੱਕਤ ਨਹੀਂ ਹੈ, ਪਰ ਪੰਜਾਬ ਆਪਣਾ ਹੱਕ ਨਹੀਂ ਦੇਵੇਗਾ। ਅਸੀਂ ਸਰਹੱਦੀ ਇਲਾਕੇ ਵਿਚ ਰਹਿੰਦੇ ਹਾਂ। ਅਸੀਂ ਪਾਕਿਸਤਾਨ ਨਾਲ ਲੜਾਈ ਕਰੀਏ ਜਾਂ ਹਰਿਆਣਾ ਨਾਲ। ਹਰ ਵਾਰ ਪਾਣੀ ਦੇ ਮੁੱਦੇ ਨੂੰ ਲੈ ਕੇ ਸਿਆਸਤ ਕੀਤੀ ਜਾਂਦੀ ਹੈ, ਜੋ ਅਸੀ ਨਹੀਂ ਚਾਹੁੰਦੇ। ਜੇਕਰ ਸਿਆਸਤ ਕਰਨੀ ਹੈ ਤਾਂ ਸਿੱਖਿਆ ‘ਤੇ ਕਰੋ ਜਾਂ ਕਿਸੇ ਹੋਰ ਮਸਲੇ ਨੂੰ ਲੈ ਕੇ ਕਰੋ। ਸਮਝ ਨਹੀਂ ਆ ਰਹੀ ਅਸੀਂ ਪਾਕਿ ਤੋਂ ਡਰੀਏ ਜਾਂ ਹਰਿਆਣਾ ਤੋਂ। ਪੰਜਾਬ ਅਤੇ ਹਰਿਆਣਾ ਦੋ ਭਰਾ ਹਨ, ਜਿਹਨਾਂ ਵਿਚ ਇਕ ਕੰਧ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਕੋਈ ਨਹਿਰ ਨਹੀਂ ਬਣੇਗੀ। ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ। ਹੁਣ ਤੱਕ ਪਾਣੀ ‘ਤੇ ਸਿਰਫ਼ ਰਾਜਨੀਤੀ ਹੋਈ ਹੈ। ਪੰਜਾਬ ਤੇ ਹਰਿਆਣਾ ਦੋ ਭਰਾ ਹਨ, ਕੋਈ ਸਟੇਟਾਂ ਨਹੀਂ। ਸਿੰਧੂ ਜਲ ਸਮਝੌਤੇ ਦਾ ਪਾਣੀ ਪੰਜਾਬ ਚੈਨਲ ਰਾਹੀਂ ਹੀ ਆਵੇਗਾ, ਤਾਂ ਹੀ ਅੱਗੇ ਪਾਣੀ ਦੇਵਾਂਗੇ, ਪਰ ਪੰਜਾਬ ਦਾ ਹੱਕ ਕਿਤੇ ਨਹੀਂ ਜਾਣ ਦੇਵਾਂਗੇ। ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ, ਜਿਸ ਦੌਰਾਨ ਕੇਂਦਰ ਨੇ ਮਸਲੇ ਨੂੰ ਹੱਲ ਕਰਨ ਲਈ ਸਕਾਰਾਤਮਕਤਾ ਜਵਾਬ ਦਿੱਤਾ। ਐਸਵਾਈਐਲ ਦੇ ਮੁੱਦੇ ‘ਤੇ ਹੁਣ ਅਗਲੇ ਗੇੜ ਦੀ ਮੀਟਿੰਗ 5 ਅਗਸਤ ਨੂੰ ਹੋਵੇਗੀ।
ਹਰਿਆਣਾ ਦੇ ਮੁੱਖ-ਮੰਤਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ‘ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਬੈਠਕ ਬਹੁਤ ਦੋਸਤਾਨਾ ਮਾਹੌਲ ਵਿਚ ਹੋਈ ਹੈ। ਇਸ ਦੇ ਚੰਗੇ ਨਤੀਜੇ ਨਿਕਲਣ ਦੀ ਆਸ ਹੈ। ਇਸ ਦੌਰਾਨ ਨਾਇਬ ਸੈਣੀ ਨੇ ਪੰਜਾਬ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵੇ ਭਰਾ-ਭਰਾ ਹਨ। ਅਸੀਂ ਮਿਲ ਕੇ ਹੱਲ ਕੱਢਾਂਗੇ ਹੱਲ।