ਮਾਨਸਾ – ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਮੰਡਲ ਮਾਨਸਾ ਵੱਲੋਂ ਸੂਬਾ ਕਮੇਟੀ ਦੇ ਸੱਦੇ ਉੱਪਰ ਮੰਡਲ ਪੱਧਰ ਤੇ ਰੋਸ ਪ੍ਰਦਰਸ਼ਨ ਮੰਡਲ ਪ੍ਰਧਾਨ ਲੱਖਣ ਲਾਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੰਚ ਸੰਚਾਲਣ ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਵੱਲੋਂ ਕੀਤਾ ਗਿਆ। ਮੰਡਲ ਸਕੱਤਰ ਦਰਸ਼ਨ ਸਿੰਘ ਜੋਗਾ ਵੱਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸੂਬਾ ਕਮੇਟੀ ਵੱਲੋਂ 2 ਜੂਨ 2025 ਤੋਂ 20 ਜੂਨ 2025 ਤੱਕ ਮੰਡਲ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਲਈ ਦਿੱਤੇ ਗਏ ਸੱਦੇ ਵਜੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਵਿੱਚ ਸੂਬਾ ਸਕੱਤਰ ਅਮਰਜੀਤ ਸਿੰਘ ਸਿੱਧੂ ਅਤੇ ਸਰਕਲ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਰੱਲਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੰਬੋਧਨ ਕਰਦੇ ਹੋਏ ਜਗਰਾਜ ਰੱਲਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਪੈਨਸ਼ਨਰਾਂ ਦੇ ਬਕਾਏ ਦਾ ਏਰੀਅਰ ਇੱਕਸਾਰ ਨਾ ਪਾਉਣ ਦੇ ਵਿਰੋਧ ਵਿੱਚ ਕੀਤਾ ਗਿਆ ਹੈ। ਪੰਜਾਬ ਦੇ ਪੈਨਸ਼ਨਰਾਂ ਦਾ ਏਰੀਅਰ ਅਪ੍ਰੈਲ ਮਹੀਨੇ ਦੀ ਪੈਨਸ਼ਨ ਨਾਲ ਜਾਰੀ ਕੀਤਾ ਜਾਣਾ ਸੀ ਪ੍ਰੰਤੂ ਨਹੀਂ ਕੀਤਾ ਗਿਆ। ਜਦੋਂ ਮਈ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਤਾਂ ਜੂਨ ਮਹੀਨੇ ਦੀ ਪੈਨਸ਼ਨ ਨਾਲ ਏਰੀਅਰ ਜਾਰੀ ਤਾਂ ਕੀਤਾ ਪ੍ਰੰਤੂ ਪਾਵਰਕਾਮ ਦੇ ਅੱਧੇ ਦਫਤਰਾਂ ਵਿੱਚ ਏਰੀਅਰ ਜਾਰੀ ਨਹੀਂ ਕੀਤਾ ਗਿਆ ਜਿਸ ਦਾ ਪੈਨਸ਼ਨਰਾਂ ਵਿੱਚ ਵਿਆਪਕ ਰੋਸ ਦੀ ਲਹਿਰ ਹੈ। ਰੱਲਾ ਨੇ ਕਿਹਾ ਕਿ ਮੈਨੇਜਮੈਂਟ ਜਾਣ ਬੁੱਝ ਕੇ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਪੈਨਸ਼ਨਰ ਇੱਕਜੁੱਟ ਹਨ।
ਸੂਬਾ ਸਕੱਤਰ ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਨੂੰ ਵਾਰ ਵਾਰ ਮਿਲਣ ਤੇ ਵਿਸ਼ਵਾਸ ਦੁਆਉਣ ਦੇ ਬਾਵਜੂਦ ਫਿਰ ਪੈਨਸ਼ਨਰਾਂ ਨਾਲ ਕੋਝਾ ਮਜਾਕ ਕਰ ਰਹੀ ਹੈ ਅਤੇ ਪੈਨਸ਼ਨਰਾਂ ਦਾ ਏਰੀਅਰ ਜਾਰੀ ਕਰਨ ਵਿੱਚ ਆਨਾ-ਕਾਨੀ ਕਰ ਰਹੀ ਹੈ। ਜਦੋਂ ਕਿ ਪੰਜਾਬ ਸਰਕਾਰ ਦੀਆਂ ਸਪੱਸ਼ਟ ਹਦਾਇਤਾਂ ਹਨਾ ਕਿ ਏਰੀਅਰ ਜਲਦੀ ਜਾਰੀ ਕੀਤਾ ਜਾਵੇ। ਉਹਨਾਂ ਕਿਹਾ ਕਿ ਮਈ ਮਹੀਨੇ ਨਾਲ ਅੱਧੇ ਪੈਨਸ਼ਰਨਾਂ ਦਾ ਏਰੀਅਰ ਜਾਰੀ ਕਰ ਦਿੱਤ ਗਿਆ ਪ੍ਰੰਤੂ ਅੱਧੇ ਪੈਨਸ਼ਨਰਾਂ ਆਪਣੇ ਏਰੀਅਰ ਦੀ ਉਡੀਕ ਕਰ ਰਹੇ ਹਨ। ਉਹਨਾਂ ਮੈਨੇਜਮੈਂਟ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜੂਨ ਮਹੀਨੇ ਦੀ ਪੈਨਸ਼ਨ ਨਾਲ ਰਹਿੰਦੇ ਪੈਨਸ਼ਨਰਾਂ ਦੀਆਂ ਤਿੰਨ ਕਿਸ਼ਤਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਮੈਨੇਜਮੈਂਟ ਦੇ ਖਿਲਾਫ ਪੈਨਸ਼ਨਰ ਸੰਘਰਸ਼ ਕਰਨ ਲਈ ਤਿਆਰ ਬੈਠੇ ਹਨ। ਉਹਨਾਂ ਇਹ ਵੀ ਕਿਹਾ ਕਿ ਮੈਨੇਜੈਮੈਂਟ ਨੂੰ ਵਾਰ ਵਾਰ ਮੀਟਿੰਗਾਂ ਦੌਰਾਨ ਕਿਹਾ ਗਿਆ ਕਿ 200 ਰੁਪਏ ਵਿਕਾਸ ਫੰਡ ਦੇ ਨਾਮ ਤੇ ਪੈਨਸ਼ਨਰਾਂ ਦਾ ਕੱਟਣਾ ਬੰਦ ਕੀਤਾ ਜਾਵੇ ਪ੍ਰੰਤੂ ਮੈਨੇਜਮੈਂਟ ਵਿਸ਼ਵਾਸ ਦੁਆ ਕੇ ਵਿਸ਼ਵਾਸਘਾਤ ਕਰ ਰਹੀ ਹੈ। ਅਖੀਰ ਵਿੱਚ ਉਹਨਾਂ ਪੈਨਸ਼ਨਰਾਂ ਨੂੰ ਲੜਾਈ ਲੜਨ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ। ਹੋਰਾਂ ਤੋਂ ਇਲਾਵਾ ਬਿੱਕਰ ਸਿੰਘ ਮੰਘਾਣੀਆ, ਚਾਨਣ ਰਾਮ, ਜੋਗਿੰਦਰ ਮਾਨਸ਼ਾਹੀਆ, ਦਰਸ਼ਨ ਮੋਫਰ, ਬਘੇਲ ਸਿੰਘ, ਜਗਜੀਤ ਸਿੰਘ ਜੋਗਾ, ਬਲਦੇਵ ਸਿੰਘ ਬਰਨਾਲਾ, ਕਰਮ ਸਿੰਘ ਜੋਗਾ, ਮਨਿੰਦਰ ਸਿੰਘ, ਮੇਜਰ ਸਿੰਘ, ਜਗਮੇਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।