ਮੋਗਾ – ਮੋਗਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਪਿੰਡ ਚੁਗਾਵਾਂ ਕੋਲ ਲਗਾਏ ਨਾਕੇ ਦੌਰਾਨ ਤਿੰਨ ਨੌਜਵਾਨਾਂ ਨੂੰ ਦੋ ਹੈਂਡ ਗ੍ਰਨੇਡ ਅਤੇ ਹੋਰ ਹਥਿਆਰਾਂ ਸਮੇਤ ਕਾਬੂ ਕਰ ਲਿਆ। ਦਰਅਸਲ ਪੁਲਿਸ ਨੇ ਨਾਕੇ ’ਤੇ ਇਕ ਕਾਲੇ ਰੰਗ ਦੀ ਪਿਕਅੱਪ ਗੱਡੀ ਨੰਬਰ ਪੀ.ਬੀ. 04 ਏ.ਸੀ. 2831 ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿਚ ਸਵਾਰ ਤਿੰਨ ਨੌਜਵਾਨਾਂ ਨੇ ਪਹਿਲਾਂ ਤਾਂ ਗੱਡੀ ਪੁਲਸ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਬੈਰੀਕੇਡ ਲਗਾ ਕੇ ਗੱਡੀ ਰੋਕ ਲਈ ਅਤੇ ਡਰਾਇਵਰ ਅਤੇ ਉਸ ਦੇ ਨਾਲ ਬੈਠੇ ਨੌਜਵਾਨ ਨੇ ਪੁਲਸ ਪਾਰਟੀ ’ਤੇ ਪਿਸਤੌਲ ਤਾਣ ਲਈ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਹੱਥ ’ਚ ਹੈਂਡ ਗਰਨੇਡ ਫੜ ਲਿਆ। ਚੰਗੀ ਗੱਲ ਇਹ ਰਹੀ ਕਿ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਤਿੰਨਾਂ ਨੌਜਵਾਨਾਂ ਨੂੰ ਦਬੋਚ ਲਿਆ। ਇਸ ਦੌਰਾਨ ਜਦੋਂ ਪੁਲਿਸ ਨੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 2 ਗ੍ਰਨੇਡ, 2 ਪਿਸਤੌਲ, 1 ਮੈਗਜ਼ੀਨ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਹੋਏ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤਿੰਨੇ ਮੁਲਜ਼ਮ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਨਾਉਣ ਦੀ ਫਿਰਾਕ ਵਿਚ ਸਨ। ਐੱਸਐੱਸਪੀ ਮੋਗਾ ਚਰਨਜੀਤ ਸਿੰਘ ਸੋਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਕੈਨੇਡਾ ਬੈਠੇ ਗੈਂਗਸਟਰ ਅਰਸ਼ਦੀਪ ਸਿੰਘ ਡਾਲਾ ਉਰਫ ਅਰਸ਼ ਡਾਲਾ ਦੇ ਸੰਬੰਧ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿਚ ਮਿਲੇ ਟਿਫਨ ਬੰਬ ਵਿਚ ਇਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪਹਿਲਾਂ ਤੋਂ ਹੀ ਨਾਮਜ਼ਦ ਹੈ, ਇਨ੍ਹਾਂ ਤਿੰਨਾਂ ’ਤੇ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਿੱਥੋਂ ਇਨ੍ਹਾਂ ਦੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਨੇ ਕਿੱਥੇ ਵਾਰਦਾਤ ਕਰਨੀ ਸੀ ਅਤੇ ਇਨ੍ਹਾਂ ਦੇ ਹੋਰ ਮਨਸੂਬੇ ਕੀ ਸਨ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁੱਚਾ ਸਿੰਘ ਵਾਸੀ ਸ਼ਾਦੀਵਾਲਾ ਥਾਣਾ ਕੋਟ ਈਸੇ ਖ਼ਾਂ, ਬਲਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਮਿਸਤਰੀਆਂ ਵਾਲੀ ਗਲੀ ਫਤਿਹਗੜ੍ਹ ਪੰਜਤੂਰ ਅਤੇ ਵਰਿੰਦਰ ਸਿੰਘ ਉਰਫ ਵਿੰਦਾ ਪੁੱਤਰ ਜਸਵਿੰਦਰ ਸਿੰਘ ਵਾਸੀ ਮਖੂ ਜਿਲ੍ਹਾ ਫਿਰੋਜ਼ਪੁਰ ਸ਼ਾਮਿਲ ਹਨ। ਐੱਸਐੱਸਪੀ ਚਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਸੰਭਾਵਨਾ ਹੈ ਕਿ ਹਥਿਆਰ ਵਿਦੇਸ਼ ਤੋਂ ਭਿਜਵਾਏ ਗਏ ਹਨ। ਸ਼ੁਰੂਆਤੀ ਪੁੱਛਗਿੱਛ ’ਚ ਇਸ ਗੱਲ ਦੇ ਸੰਕੇਤ ਮਿਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਰੁਕਾਵਟ ਪਾਉਣ ਵਰਗੀ ਕਿਸੇ ਸਾਜ਼ਿਸ਼ਸ ਤੋਂ ਐੱਸਐੱਸਪੀ ਚਰਨਜੀਤ ਸਿੰਘ ਨੇ ਇਨਕਾਰ ਕੀਤਾ ਹੈ। ਉਨ੍ਹਾਂ ਹਿਕਾ ਕਿ ਅਜਿਹੀ ਕੋਈ ਗੱਲ ਅਜੇ ਤਕ ਸਾਹਮਣੇ ਨਹੀਂ ਆਈ, ਪਰ ਇੰਨਾ ਤੈਅ ਹੈ ਕਿ ਇਨ੍ਹਾਂ ਲੋਕਾਂ ਨੂੰ ਧਾਰਮਿਕ ਸਥਾਨਾਂ ’ਤੇ ਧਮਾਕੇ ਕਰ ਕੇ ਪੰਜਾਬ ’ਚ ਦਹਿਸ਼ਤ ਫੈਲਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸੇ ਉਦੇਸ਼ ਨਾਲ ਕਈ ਚੈਨਲਾਂ ਤੋਂ ਚਲਦੇ ਹੋਏ ਹਥਿਆਰਾਂ ਦੀ ਖੇਪ ਇਨ੍ਹਾਂ ਲੋਕਾਂ ਤਕ ਪਹੁੰਚਾਈ ਗਈ ਸੀ। ਐੱਸਐੱਸਪੀ ਨੇ ਕਿਹਾ ਕਿ ਪੁਲਿਸ ਨੇ ਤਿੰਨੇ ਖ਼ਿਲਾਫ਼ ਥਾਣਾ ਮਹਿਣਾ ’ਚ ਹੱਤਿਆ ਦੀ ਕੋਸ਼ਿਸ਼ ਤਹਿਤ 307, ਅਸਲਾ ਐਕਟ ਅਤੇ ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸਐੱਸਪੀ ਅਨੁਸਾਰ, ਇਕ ਕਾਰ ’ਚ ਸਵਾਰ ਤਿੰਨਾਂ ਨੂੰ ਪੁਲਿਸ ਨੇ ਨਾਕੇ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ’ਤੇ ਹਮਲਾ ਕਰ ਦਿੱਤਾ। ਭੱਜਣ ਦਾ ਯਤਨ ਕੀਤਾ ਪਰ ਪੁਲਿਸ ਨੇ ਹਿੰਮਤੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ।