India

ਪੁਤਿਨ ਨੂੰ ਜ਼ੇਲੈਂਸਕੀ ਨਾਲ ਸਿੱਧੀ ਗੱਲ ਕਰਨ ਦੀ ਦਿੱਤੀ ਸਲਾਹ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਮੁਲਾਕਾਤ ਕੀਤੀ। ਵਰਚੂਅਲ ਮਾਧਿਅਮ ਰਾਹੀਂ ਹੋਈ ਇਹ ਬੈਠਕ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ। ਇੰਨਾ ਹੀ ਨਹੀਂ, ਪੂਰੀ ਵਿਸ਼ਵ ਵਿਵਸਥਾ ਤਬਦੀਲੀ ਵੱਲ ਵਧ ਰਹੀ ਹੈ, ਜਿਸ ਕਾਰਨ ਕੂਟਨੀਤਕ ਪਹਿਲਕਦਮੀਆਂ ਦੀ ਮਹੱਤਤਾ ਵਧ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਮੈਂ ਭਿਆਨਕ ਹਮਲੇ ਦਾ ਸ਼ਿਕਾਰ ਹੋਏ ਯੂਕਰੇਨ ਦੇ ਲੋਕਾਂ ਨੂੰ ਭਾਰਤ ਵੱਲੋਂ ਦਿੱਤੀ ਜਾ ਰਹੀ ਮਨੁੱਖੀ ਸਹਾਇਤਾ ਦਾ ਸੁਆਗਤ ਕਰਦਾ ਹਾਂ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਤੇ ਸਭ ਤੋਂ ਪੁਰਾਣੇ ਲੋਕਤੰਤਰ ਹੋਣ ਦੇ ਨਾਤੇ ਅਸੀਂ ਕੁਦਰਤੀ ਭਾਈਵਾਲ ਹਾਂ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਅਮਰੀਕਾ ਦੇ ਦੁਵੱਲੇ ਸਬੰਧਾਂ ‘ਚ ਜੋ ਪ੍ਰਗਤੀ ਹੋਈ ਹੈ… ਇੱਕ ਦਹਾਕੇ ਪਹਿਲਾਂ ਜੋ ਨਵੀਂ ਗਤੀ ਪੈਦਾ ਹੋਈ ਹੈ, ਉਸ ਦੀ ਕਲਪਨਾ ਕਰਨਾ ਮੁਸ਼ਕਲ ਸੀ। ਜਦੋਂ ਮੈਂ ਪਿਛਲੇ ਸਾਲ ਸਤੰਬਰ ‘ਚ ਅਮਰੀਕਾ ਦਾ ਦੌਰਾ ਕੀਤਾ ਸੀ ਤਾਂ ਬਿਡੇਨ ਨੇ ਕਿਹਾ ਸੀ ਕਿ ਭਾਰਤ ਅਤੇ ਅਮਰੀਕਾ ਦੀ ਦੋਸਤੀ ਕਈ ਗਲੋਬਲ ਸਮੱਸਿਆਵਾਂ ਦਾ ਹੱਲ ਲੱਭਣ ‘ਚ ਮਦਦਗਾਰ ਹੋ ਸਕਦੀ ਹੈ। ਮੈਂ ਇਸ ‘ਤੇ ਬਿਡੇਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ…

ਇਸ ਗੱਲਬਾਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਬੁੱਚਾ ‘ਚ ਬੇਕਸੂਰ ਨਾਗਰਿਕਾਂ ਦੀਆਂ ਹੱਤਿਆਵਾਂ ਦਾ ਵੀ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਹਾਲ ਹੀ ‘ਚ ਬੁਚਾ ਸ਼ਹਿਰ ‘ਚ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜੋ ਬਹੁਤ ਚਿੰਤਾਜਨਕ ਸੀ। ਭਾਰਤ ਨੇ ਇਸ ਦੀ ਨਿੰਦਾ ਕੀਤੀ ਅਤੇ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਉਠਾਈ। ਪੀਐੱਮ ਮੋਦੀ ਨੇ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਗੱਲਬਾਤ ਦੇ ਫਲਦਾਇਕ ਨਤੀਜੇ ਨਿਕਲਣਗੇ, ਜਿਸ ਨਾਲ ਸ਼ਾਂਤੀ ਬਣੇਗੀ।

ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਸੰਕਟ ‘ਤੇ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ- ‘ਮੈਂ ਇਸ ਮੁੱਦੇ ‘ਤੇ ਯੂਕਰੇਨ ਅਤੇ ਰੂਸ ਦੋਵਾਂ ਦੇ ਰਾਸ਼ਟਰਪਤੀਆਂ ਨਾਲ ਕਈ ਵਾਰ ਟੈਲੀਫੋਨ ‘ਤੇ ਗੱਲਬਾਤ ਕੀਤੀ ਹੈ। ਮੈਂ ਨਾ ਸਿਰਫ਼ ਦੋਵਾਂ ਧਿਰਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ, ਸਗੋਂ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਸਿੱਧੀ ਗੱਲਬਾਤ ਦਾ ਸੁਝਾਅ ਵੀ ਦਿੱਤਾ। ਇੰਨਾ ਹੀ ਨਹੀਂ, ਹਾਲ ਹੀ ਵਿਚ ਭਾਰਤ ਦੀ ਸੰਸਦ ਵਿਚ ਵੀ ਯੂਕਰੇਨ ਦੇ ਮੁੱਦੇ ‘ਤੇ ਸਾਰੀਆਂ ਪਾਰਟੀਆਂ ਵਲੋਂ ਕਾਫੀ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਹ ਮੁਲਾਕਾਤ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ‘ਟੂ ਪਲੱਸ ਟੂ’ ਮੰਤਰੀ ਪੱਧਰੀ ਗੱਲਬਾਤ ਵੀ ਹੋ ਰਹੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵਾਸ਼ਿੰਗਟਨ ‘ਚ ਮੌਜੂਦ ਹਨ। ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਦਾ ਕਹਿਣਾ ਹੈ ਕਿ ਜੋ ਬਿਡੇਨ ਪ੍ਰਧਾਨ ਮੰਤਰੀ ਮੋਦੀ ਨੂੰ ਰੂਸੀ ਹਮਲੇ ਵਿਰੁੱਧ ਸਖ਼ਤ ਰੁਖ਼ ਅਪਣਾਉਣ ਦੀ ਅਪੀਲ ਕਰਨਗੇ। ਯਾਨੀ ਸਪੱਸ਼ਟ ਤੌਰ ‘ਤੇ ਇਸ ਬੈਠਕ ‘ਚ ਯੂਕਰੇਨ ਯੁੱਧ ਦਾ ਮੁੱਦਾ ਵੀ ਉਠ ਸਕਦਾ ਹੈ। ਧਿਆਨ ਰਹੇ ਕਿ ਰੂਸ ਅਤੇ ਅਮਰੀਕਾ ਦੋਵੇਂ ਲਗਾਤਾਰ ਭਾਰਤ ਨੂੰ ਆਪਣੇ ਪੱਖ ‘ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜ ਸਾਲਾਂ ਦੇ ਲਗਾਤਾਰ ਯਤਨਾਂ ਤੋਂ ਬਾਅਦ ਭਾਰਤ ਅਤੇ ਅਮਰੀਕਾ ਸਪੇਸ ਸਿਚੂਏਸ਼ਨਲ ਅਵੇਅਰਨੈਸ (ssa) ਮੈਮੋਰੰਡਮ ਆਫ਼ ਅੰਡਰਸਟੈਂਡਿੰਗ (mos) ‘ਤੇ ਹਸਤਾਖਰ ਕਰਨਗੇ। ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਇਹ ਵੱਡਾ ਸੌਦਾ ਹੋਵੇਗਾ। ਇਸ ਤਹਿਤ ਦੋਵੇਂ ਦੇਸ਼ ਖਤਰੇ ਦੀ ਸਥਿਤੀ ‘ਚ ਉਪਗ੍ਰਹਿ ਅਤੇ ਹੋਰ ਸੰਪਤੀਆਂ ਦੇ ਅੰਕੜਿਆਂ ਦਾ ਆਦਾਨ-ਪ੍ਰਦਾਨ ਕਰਨਗੇ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin