Culture Articles

ਪੁਰਾਣਾ ਵਿਰਸਾ: ਵਿਆਹ-ਸ਼ਾਦੀਆਂ ਤੇ ਰੀਤੀ ਰਿਵਾਜ

ਵਿਚੋਲਾ:- ਮੈਂ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਲੜਕੇ ਅਤੇ ਲੜਕੀ ਦਾ ਰਿਸ਼ਤਾ ਵਿਚੋਲੇ ਰਾਂਹੀ ਹੁੰਦਾ ਸੀ।ਵਿਚੋਲੇ ਦਾ ਕਿਰਦਾਰ ਅਹਿਮ ਹੁੰਦਾ ਸੀ।ਕੁੜੀ ਤੇ ਮੁੰਡੇ ਵਾਲੇ ਪਾਸਿਉ ਉਸ ਦੀ ਚਾਂਦੀ ਹੁੰਦੀ ਸੀ।ਨਾਂ ਹੀ ਹੁਣ ਵਾਂਗ ਲੜਕਾ ਲੜਕੀ ਇੱਕ ਦੂਸਰੇ ਨੂੰ ਦੇਖਦੇ ਸੀ।ਸੱਭ ਕੁੱਛ ਵਿਚੋਲੇ ਦੇ ਹੀ ਹੱਥ ਵਿੱਚ ਹੁੰਦਾ ਸੀ।

ਛੁਆਰਾ:- ਵਿਚੋਲੇ ਰਾਹੀਂ ਰਿਸ਼ਤਾ ਤਹਿ ਹੋਣ ਤੇ ਮੁੰਡੇ ਨੂੰ ਛੁਆਰਾ ਲਗਾਇਆ ਜਾਂਦਾ ਸੀ।ਯਾਰਾਂ ਦੋਸਤਾ ਰਿਸ਼ਤੇਦਾਰਾਂ ਆਂਡ ਗੁਵਾਡ ਨੂੰ ਦਾਵਤ ਦੇ ਦਿੱਤੀ ਜਾਂਦੀ ਸੀ।ਪ੍ਰਹੋਣਿਆ ਦੀ ਆਮਦ ਦੇ ਨਾਲ ਹੀ ਮੰਜੇ ਬਿਸਤਰੇ ਇਕੱਠੇ ਕਰਣ ਦਾ ਇੰਤਜ਼ਾਮ ਸ਼ੁਰੂ ਹੋ ਜਾਂਦਾ ਸੀ।ਲੋਕ ਵਿਆਹ ਸ਼ਾਦੀਆਂ ਤੇ ਬਿਸਤਰਾ ਵਧੀਆ ਧੋਕੇ ਸਾਫ ਕਰ ਕੇ ਦਿੰਦੇ ਸੀ।ਸਾਰਾ ਪਿੰਡ ਹੀ ਜਿਸ ਘਰ ਵਿਆਹ ਹੁੰਦਾ ਸੀ ਆਪਣਾ ਧੀ ਪੁੱਤ ਸਮਝ ਸ਼ਰੀਕ ਹੁੰਦੇ ਸਨ।ਹਰ ਇਕ ਸ਼ਰਦਾ ਬਣਦਾ ਦੁੱਧ ਵਿਆਹ ਵਾਲੇ ਘਰ ਪੁਚਾਉਂਦਾ ਸੀ।

ਲਾਊਡ ਸਪੀਕਰ:- ਸਾਰੇ ਪਿੰਡ ਦੇ ਵਿੱਚ ਵਿਆਹ ਵਾਲਾ ਮਹੌਲ ਹੁੰਦਾ ਸੀ।ਭਾਈ ਸਪੀਕਰ ਵਾਲੇ ਦੀ ਵੀ ਕਾਫ਼ੀ ਅਹਿਮਤ ਹੁੰਦੀ ਸੀ।ਕਈ ਦਿਨ ਪਹਿਲਾ ਹੀ ਲਾਉਡ ਸਪੀਕਰ ਦੋਨਾ ਮੰਜਿਆ ਨਾਲ ਕੋਠੇ ਤੇ ਬੰਨ ਡੱਬੇ ਵਿੱਚੋਂ ਤਵਾ ਕੱਢ ਮਸ਼ੀਨ ਤੇ ਰੱਖ ਸੂਈ ਬਦਲ ਬਦਲ ਰਿਕਾਰਡ ਉਸ ਸਮੇ ਦੇ ਇਨਾਮੀ ਕਲਾਕਾਰ ਜਮਲਾ ਜੱਟ,ਰੰਮਤਾ,ਆਸਾ ਸਿੰਘ ਮਸਤਾਨਾ,ਨਰਿੰਦਰ ਬੀਬਾ,ਪ੍ਰਕਾਸ਼ ਕੌਰ,ਸੁਰਿੰਦਰ ਕੌਰ ਦੇ ਲਾਏ ਜਾਂਦੇ ਸਨ।

ਗਾਉਣ:- ਵਿਆਹ ਤੋ ਕਈ ਦਿਨ ਪਹਿਲਾ ਗਾਉਣ ਬਠਾਇਆ ਜਾਂਦਾ ਸੀ।ਗਾਉਣ ਦੇ ਨਾਲ ਜ਼ਨਾਨੀਆਂ ਸਿੱਠਣੀਆਂ ਵੀ ਦਿੰਦੀਆਂ ਸਨ।ਮੈਨੂੰ ਯਾਦ ਹੈ ਮੇਰੇ ਵੀਰ ਦੇ ਵਿਆਹ ਤੇ ਮੇਰੇ ਮਾਸੜ ਨੂੰ ਕੁੜੀਆਂ ਨੇ ਸਿੱਠਣੀ ਪਾਈ ਸੀ।ਹੋਰ ਤੇ ਹਰਦੀਪ ਸਿੰਘ ਚੰਗਾ ਭਲਾ ਤੇ ਅੱਖਾ ਟੀਰ ਮਟੀਰੀਆਂ।

ਨਾਨਕਾ ਮੇਲ:- ਵਿਆਹ ਸ਼ਾਦੀਆਂ ਵਿੱਚ ਨਾਨਕੇ ਮੇਲ ਦੀ ਆਮਦ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ।ਛੜੇ ਵੀ ਇਸ ਆਮਦ ਵਿੱਚ ਮੋਰੀ ਹੁੰਦੇ ਸਨ।ਅਕਸਰ ਕੁੜੀਆ ਛੜਿਆਂ ਨੂੰ ਬੋਲੀ ਮਾਰਦੀਆਂ ਸਨ।ਛੜੇ ਜੇਠ ਨੂੰ ਲੱਸੀ ਨਹੀਂ ਦੇਣੀ ਦਿਉਰ ਭਾਂਵੇ ਮੱਝ ਝੁੰਗ ਜੇ।ਦਿਉਰ ਛੋਟਾ ਹੁੰਦਾ ਸੀ ਤੇ ਭਾਬੀ ਦਾ ਗਹਿਣਾ ਤੇ ਲਾਡਲਾ ਹੁੰਦਾ ਸੀ।ਛੜਿਆ ਬਾਰੇ ਕੁੜੀਆਂ ਬੋਲੀ ਪਾਉਂਦੀਆਂ ਸਨ।ਜਾਂ ਤਾਂ ਛੜਿਉ ਵਿਆਹ ਕਰਵਾ ਲਉ,ਨਹੀਂ ਤਾ ਵੜ ਜਾਉ ਖੂਹ ਦੀ ਟਿੰਡ ਵਿੱਚ ਵੇ,ਛੜੇ ਨਹੀਂ ਰਹਿਣੇ ਪਿੰਡ ਵਿੱਚ ਵੇ।

ਵਿਆਹ:-ਛੁਆਰੇ ਤੋਂ ਸਾਲ ਬਾਅਦ ਵਿਆਹ ਹੁੰਦੇ ਸਨ।ਵਿਆਹ ਵਾਲੇ ਦਿਨ ਪਹਿਲਾ ਮੁੰਡੇ ਨੂੰ ਖਾਰੇ ਤੇ ਚੜਾਂ ਕੇ ਸਿਹਰਾ ਬੰਦੀ ਕਰ ਘੋੜੀ ਤੇ ਚੜਾਂ ਭਾਬੀਆਂ ਵੱਲੋਂ ਸੁਰਮਾ ਪਾਈ ਤੇ ਭੈਣਾਂ ਵੱਲੋਂ ਵਾਂਗਾਂ ਗੁੰਦੀਆਂ ਜਾਂਦੀਆਂ ਸਨ।ਕਈ ਕਈ ਦਿਨ ਬਰਾਤਾਂ ਗੁਰਦੁਆਰਿਆ ਜਾਂ ਸਰਾਵਾ ਵਿੱਚ ਠਹਿਰਦੀਆਂ ਸਨ।ਵਿਆਹ ਦੀ ਕੁੜੀ ਦੇ ਪਿੰਡ ਜਦੋਂ ਆਮਦ ਹੁੰਦੀ ਸੀ।ਗ੍ਰੰਥੀ ਅਰਦਾਸ ਕਰਣ ਤੋਂ ਬਾਅਦ ਮਿਲਨਣੀਆਂ ਕਰਦਾ ਸੀ।ਬਰਾਤਦੇ ਠਹਿਰਾਉਣ ਤੋਂ ਬਾਅਦ ਮੰਜੇ ਬਿਸਤਰਿਆਂ ਤੇ ਹੀ ਬਰਾਤ ਨੂੰ ਸਟੀਲ ਦੀਆਂ ਪਲੇਟਾਂ ਵਿੱਚ ਮਿੱਠੀ ਬੂੰਦੀ,ਮੱਠੀ ਦੇ ਨਾਲ ਸਟੀਲ ਦੇ ਗਲਾਸਾਂ ਵਿੱਚ ਚਾਹ ਪਰੋਸੀ ਜਾਂਦੀ ਸੀ।ਬਾਅਦ ਵਿੱਚ ਗ੍ਰੰਥੀ ਸਿੰਘ ਗੁਰਦੁਆਰੇ ਵਿੱਚ ਲਾਵਾ ਪੜ੍ਹ ਵਿਆਹ ਦੀ ਰੰਸਮ ਪੂਰੀ ਕਰਦਾ ਸੀ।ਇਸ ਤੋਂ ਬਾਅਦ ਸਿਹਰਾ ਮੁੰਡੇ ਵੱਲੋਂ ਉਸ ਦਾ ਯਾਰ ਅਤੇ ਕੁੜੀ ਵੱਲੋਂ ਸਿੱਖਿਆ ਉਸ ਦੀ ਸਹੇਲੀ ਬੋਲਦੀ ਸੀ।ਉਸ ਤੋ ਬਾਅਦ ਕੁੜੀ ਦੀਆਂ ਸਹੇਲੀਆਂ ਵੱਲੋਂ ਘਰ ਜਾਕੇ ਵਿਆਹ ਵਾਲੇ ਮੁੰਡੇ ਕੋਲੋ ਛੰਦ ਸੁਣੇ ਜਾਂਦੇ ਸੀ।ਜਦੋਂ ਬਰਾਤ ਵਾਪਸ ਜਾਦੀ ਸੀ।ਕੁੜੀ ਦਾ ਭਰਾ ਤੇ ਨੈਣ ਉਹਨਾਂ ਦੇ ਨਾਲ ਜਾਦੀ ਸੀ।

ਪਾਣੀ ਵਾਰਨਾ:- ਬਰਾਤ ਜਦੋਂ ਘਰ ਵਾਪਸ ਆਉਦੀ ਸੀ ਮੁੰਡੇ ਦੀ ਮਾਂ ਵੱਲੋਂ ਪਾਣੀ ਵਾਰ ਕੇ ਉਹਨਾ ਦਾ ਸਵਾਗਤ ਕੀਤਾ ਜਾਂਦਾ ਸੀ।ਅਗਲੇ ਦਿਨ ਗਾਨੇ ਖੇਡੇ ਜਾਂਦੇ ਸਨ।

ਭੰਡ ਬਨਾਮ ਖੁਸਰੇ:- ਸ਼ਾਦੀ ਤੋ ਅਗਲੇ ਦਿਨ ਭੰਡਾਂ,ਖੁਸਰਿਆਂ ਛੁਰੀ ਮਾਰ ਆਦਿ ਦਾ ਤਾਂਤਾ ਲੱਗ ਜਾਂਦਾ ਸੀ।ਵਿਆਹ ਤੋ ਬਾਅਦ ਸਾਰੇ ਪਰੋਣਿਆ ਨੂੰ ਭਾਜੀ ਦਿੱਤੀ ਜਾਦੀ ਸੀ।

ਮੁਕਲਾਵਾ:- ਵਿਆਹ ਤੋਂ ਬਾਅਦ ਸਾਲ ਬਾਅਦ ਮੁਕਲਾਵਾ ਲੈਣ ਮੁੰਡਾ ਸੌਹਰੇ ਘਰ ਜਾਂਦਾ ਸੀ।ਮੁਕਲਾਵੇ ਤੋਂ ਬਾਅਦ ਘਰ ਜਾਕੇ ਘੁੰਡ ਚਕਾਈ ਦੀ ਰੰਸਮ ਪੂਰੀ ਹੁੰਦੀ ਸੀ ਫਿਰ ਕੁੜੀ ਮੁੰਡਾ ਉਸ ਵਕਤ ਇੱਕ ਦੂਸਰੇ ਨੂੰ ਦੇਖਦੇ ਸੀ।ਜੋ ਹੁਣ ਵਿਆਹ ਪੈਲਿਸਾ ਵਿੱਚ ਤਿੰਨ ਜਾਂ ਚਾਰ ਘੰਟੇ ਚ ਸਿਮਟ ਕੇ ਰਹਿ ਜਾਂਦਾ ਹੈ।ਹੋਲੀ ਹੋਲੀ ਇਹ ਰੀਤੀ ਰਿਵਾਜ ਖਤਮ ਹੋ ਰਹੇ ਹਨ ਲੋੜ ਹੈ ਇਹਨਾਂ ਨੂੰ ਸੁਰਜੀਤ ਕਰਣ ਦੀ ਜਿਸ ਤੋਂ ਨਵੀਂ ਪੀੜੀ ਅਨਜਾਨ ਹੈ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

ਆਯੁਰਵੇਦ ਦਾ ਗਿਆਨ: ਈਥਰਿਕ ਪਰਤ ਦਾ ਅਨੁਭਵ !

admin

ਮੈਲਬੌਰਨ ‘ਚ ਦੋ ਨਵੇਂ ਇੰਡੀਅਨ ਕਮਿਊਨਿਟੀ ਸੈਂਟਰਾਂ ਲਈ ਫੰਡਿੰਗ ਉਪਲਬਧ ਹੈ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin