ਦੀਨਾਨਗਰ – ਸ਼ਨਿਚਰਵਾਰ ਨੂੰ ਬਾਹਰਲੇ ਜ਼ਿਲ੍ਹੇ ਤੋਂ ਆਈਆਂ ਪੁਲਿਸ ਅਤੇ ਐੱਸਡੀਆਰਐਫ ਦੀਆਂ ਟੀਮਾਂ ਵੱਲੋਂ ਨਾਨੋਨੰਗਲ ਪੁਲ਼ ‘ਤੇ ਯੂਬੀਡੀਸੀ ਨਹਿਰ ‘ਚ ਚਲਾਇਆ ਗਿਆ ਤਲਾਸ਼ੀ ਅਭਿਆਨ ਦੀਨਾਨਗਰ ਖੇਤਰ ਅੰਦਰ ਸਾਰਾ ਦਿਨ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਿਆ ਰਿਹਾ। ਸ਼ਨਿਚਰਵਾਰ ਸਵੇਰੇ ਕਰੀਬ 10 ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤਕ ਯੂਬੀਡੀਸੀ ਨਹਿਰ ਵਿਚ ਚੱਲੀਆਂ ਇਨ੍ਹਾਂ ਗਤੀਵਿਧੀਆਂ ਬਾਰੇ ਸਥਾਨਕ ਜਾਂ ਬਾਹਰੋਂ ਆਏ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਾ ਕਰਨ ਕਰਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਾਉਂਦੇ ਰਹੇ। ਪ੍ਰਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਪੁਲਿਸ ਅਤੇ ਸਟੇਟ ਆਰਮਡ ਪੁਲਿਸ ਦੇ ਐੱਸਡੀਆਰਐਫ ਵਿੰਗ ਦੀਆਂ ਟੀਮਾਂ, ਜਿਸ ਵਿਚ ਦੋ ਦਰਜਨ ਦੇ ਕਰੀਬ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਸਨ, ਇਕ ਐੱਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਸ਼ਨਿਚਰਵਾਰ ਨੂੰ ਪੂਰਾ ਦਿਨ ਯੂਬੀਡੀਸੀ ਨਹਿਰ ਵਿਚ ਡਟੇ ਰਹੇ ਤੇ ਨਹਿਰ ਦਾ ਚੱਪਾ-ਚੱਪਾ ਛਾਣ ਮਾਰਿਆ। ਹਾਲਾਂਕਿ ਵਰ੍ਹਦੇ ਮੀਂਹ ਦੌਰਾਨ ਸ਼ਾਮ ਤਕ ਯੂਬੀਡੀਸੀ ਨਹਿਰ ਵਿਚ ਡਟੀਆਂ ਰਹੀਆਂ ਉਕਤ ਟੀਮਾਂ ਦੇ ਪੱਲੇ ਕੁਝ ਵੀ ਨਾ ਪੈਣ ਕਰਕੇ ਟੀਮਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਹੈ। ਇਹ ਵੀ ਪਤਾ ਲੱਗਾ ਹੈ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਨਾਲ ਸਬੰਧਤ ਪੁਲਿਸ ਦੀ ਇਹ ਟੀਮ ਬੀਤੇ ਕੱਲ੍ਹ ਤੋਂ ਹੀ ਗਿ੍ਫ਼ਤਾਰ ਕੀਤੇ ਗਏ ਕਿਸੇ ਵਿਅਕਤੀ ਨੂੰ ਨਾਲ ਲੈ ਕੇ ਇਸ ਸਥਾਨ ਦੀ ਨਿਸ਼ਾਨਦੇਹੀ ਕਰ ਰਹੀ ਸੀ। ਪੁਲਿਸ ਟੀਮਾਂ ਵੱਲੋਂ ਅੱਜ ਪਹਿਲਾਂ ਨਹਿਰੀ ਵਿਭਾਗ ਨਾਲ ਰਾਬਤਾ ਕਾਇਮ ਕਰ ਕੇ ਯੂਬੀਡੀਸੀ ਨਹਿਰ ਵਿਚ ਪਾਣੀ ਦਾ ਪੱਧਰ ਘੱਟ ਕਰਵਾਇਆ ਗਿਆ। ਮਗਰੋਂ ਉਕਤ ਟੀਮਾਂ ਨੇ ਇਕ ਖਾਸ ਸਥਾਨ ਦੇ ਨੇੜੇ ਤੇੜੇ ਮੋਟਰਬੋਟ ਅਤੇ ਗੋਤਾਖੋਰਾਂ ਦੀ ਸਹਾਇਤਾ ਨਾਲ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਚਲਾਈ। ਹਾਲਾਂਕਿ ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਵੇਰਵਾ ਸਾਂਝਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰ ਮਿਲੀ ਜਾਣਕਾਰੀ ਅਨੁਸਾਰ ਉਕਤ ਜ਼ਿਲ੍ਹੇ ਦੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਇਕ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਨਹਿਰ ਵਿੱਚ ਸੁੱਟੇ ਗਏ ਕਿਸੇ ਅਸਲੇ ਜਾਂ ਗੋਲਾ ਬਰੂਦ ਦੀ ਵੱਡੀ ਖੇਪ ਨੂੰ ਲੈ ਕੇ ਹੀ ਇਹ ਗੰਭੀਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਦੀਨਾਨਗਰ ਪੁਲਿਸ ਵੱਲੋਂ ਅਜੇ ਪਿਛਲੇ ਮਹੀਨੇ ਹੀ ਇਸ ਥਾਂ ਤੋਂ ਕੁਝ ਹੀ ਦੂਰੀ ‘ਤੇ ਪਿੰਡ ਗਵਾਲੀਆ ਨੇੜਿਓਂ ਗਿ੍ਫ਼ਤਾਰ ਕੀਤੇ ਗਏ ਇਕ ਵਿਅਕਤੀ ਦੀ ਨਿਸ਼ਾਨਦੇਹੀ ‘ਤੇ ਇਕ ਕਿੱਲੋ ਆਰਡੀਐੱਕਸ ਅਤੇ ਡੈਟੋਨੇਟਰ ਵਗੈਰਾ ਵੀ ਬਰਾਮਦ ਕੀਤੇ ਸਨ। ਜਦੋਂ ਕਿ ਸਾਲ 2015 ਵਿਚ ਸਰਹੱਦ ਪਾਰੋਂ ਆਏ ਤਿੰਨ ਖੂੰਖਾਰ ਅਤਿਵਾਦੀਆਂ ਵੱਲੋਂ ਵੀ ਦੀਨਾਨਗਰ ਸ਼ਹਿਰ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਿਆ ਹੈ ਜਿਸ ਵਿਚ ਸੱਤ ਨਿਰਦੋਸ਼ ਲੋਕਾਂ ਦੀ ਜਾਨ ਚਲੀ ਗਈ ਸੀ।
previous post