ਲੱਦਾਖ – ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਚਾਰ ਸਾਲਾਂ ਤੋਂ ਚੱਲ ਰਿਹਾ ਤਣਾਅ ਖ਼ਤਮ ਹੋ ਗਿਆ ਹੈ। ਤਣਾਅ ਘੱਟ ਹੋਣ ਤੋਂ ਬਾਅਦ ਭਾਰਤੀ ਫ਼ੌਜ ਨੇ ਸ਼ੁੱਕਰਵਾਰ ਤੋਂ ਪੂਰਬੀ ਲੱਦਾਖ ਦੇ ਡੇਮਚੋਕ ਸੈਕਟਰ ’ਚ ਗਸ਼ਤ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ, ਭਾਰਤ ਅਤੇ ਚੀਨ 2020 ਤੋਂ ਪਹਿਲਾਂ ਦੀ ਸਥਿਤੀ ਵਿੱਚ ਵਾਪਸ ਆਉਣ ਲਈ ਸਹਿਮਤ ਹੋਏ ਹਨ। ਇਸ ਤੋਂ ਬਾਅਦ ਚੀਨ ਨੇ ਆਪਣੀਆਂ ਫ਼ੌਜਾਂ ਨੂੰ ਵਾਪਸ ਬੁਲਾ ਲਿਆ। ਦੋਹਾਂ ਦੇਸ਼ਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਡੈੱਡਲਾਕ ਖ਼ਤਮ ਹੋ ਗਿਆ। ਬ੍ਰਿਕਸ ਸੰਮੇਲਨ ਤੋਂ ਠੀਕ ਇਕ ਦਿਨ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਖ਼ੁਲਾਸਾ ਕੀਤਾ ਸੀ ਕਿ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਸਰਹੱਦੀ ਤਣਾਅ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਸਾਲ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ।
ਦੀਵਾਲੀ ’ਤੇ ਵੰਡੀਆਂ ਮਿਠਿਆਈਆਂ: ਡੇਮਚੋਕ ਸੈਕਟਰ ’ਚ ਗਸ਼ਤ ਸ਼ੁਰੂ ਕਰਨ ਤੋਂ ਬਾਅਦ ਫ਼ੌਜ ਜਲਦ ਹੀ ਡੇਪਸਾਂਗ ਸੈਕਟਰ ’ਚ ਵੀ ਗਸ਼ਤ ਸ਼ੁਰੂ ਕਰੇਗੀ। ਇਹ ਗਸ਼ਤ ਤਾਲਮੇਲ ਨਾਲ ਕੀਤੀ ਜਾਵੇਗੀ। ਮਤਲਬ ਦੋਵਾਂ ਦੇਸ਼ਾਂ ਦੇ ਸੈਨਿਕਾਂ ਨੂੰ ਗਸ਼ਤ ਦੀ ਜਾਣਕਾਰੀ ਹੋਵੇਗੀ। ਵੀਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਭਾਰਤ ਅਤੇ ਚੀਨ ਦੇ ਸੈਨਿਕਾਂ ਨੇ ਸਰਹੱਦ ’ਤੇ ਇਕ ਦੂਜੇ ਨੂੰ ਮਿਠਿਆਈਆਂ ਵੰਡੀਆਂ। ਜਾਣਕਾਰੀ ਮੁਤਾਬਕ ਲੱਦਾਖ ਦੇ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਸਰਹੱਦ ’ਤੇ ਭਾਰਤੀ ਅਤੇ ਚੀਨੀ ਫ਼ੌਜਾਂ ਨੇ ਮਿਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ।
ਲੱਦਾਖ ਦੇ ਸੰਸਦ ਮੈਂਬਰ ਵੱਲੋਂ ਸਮਝੌਤੇ ਦਾ ਸਵਾਗਤ: ਲੱਦਾਖ ਦੇ ਸੰਸਦ ਮੈਂਬਰ ਹਾਜੀ ਹਨੀਫਾ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਨਾਲ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਦਾ ਸਵਾਗਤ ਕੀਤਾ। ਲੱਦਾਖ ਦੇ ਸੰਸਦ ਮੈਂਬਰ ਨੇ ਕਿਹਾ ਕਿ ਸਰਹੱਦ ’ਤੇ ਰਹਿਣ ਵਾਲੇ ਜਾਣਦੇ ਹਨ ਕਿ ਜੰਗ ਕੀ ਹੁੰਦੀ ਹੈ। ਅਸੀਂ ਸਰਹੱਦ ’ਤੇ ਸ਼ਾਂਤੀ ਚਾਹੁੰਦੇ ਹਾਂ। ਅਸੀਂ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਦਾ ਸੁਆਗਤ ਕਰਦੇ ਹਾਂ। ਪਰ ਅਸੀਂ ਇਸ ਨੂੰ ਜ਼ਮੀਨ ’ਤੇ ਲਾਗੂ ਹੁੰਦਾ ਦੇਖਣਾ ਚਾਹੁੰਦੇ ਹਾਂ। ਸਰਹੱਦ ’ਤੇ ਤਣਾਅ ਨੂੰ ਕੂਟਨੀਤਕ ਮਾਧਿਅਮ ਨਾਲ ਘਟਾਇਆ ਜਾਣਾ ਚਾਹੀਦਾ ਹੈ।
ਵਿਚਾਰਾਂ ਦਾ ਮਤਭੇਦ ਹੋਣਾ ਸੁਭਾਵਿਕ: ਭਾਰਤ ਵਿੱਚ ਚੀਨ ਦੇ ਰਾਜਦੂਤ ਜ਼ੂ ਫੀਹੋਂਗ ਨੇ ਕਿਹਾ ਕਿ ਗੁਆਂਢੀ ਦੇਸ਼ ਹੋਣ ਦੇ ਨਾਤੇ ਭਾਰਤ ਅਤੇ ਚੀਨ ਵਿੱਚ ਮੱਤਭੇਦ ਹੋਣਾ ਸੁਭਾਵਿਕ ਹੈ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਮਤਭੇਦਾਂ ਨੂੰ ਕਿਵੇਂ ਸੰਭਾਲਣਾ ਅਤੇ ਹੱਲ ਕਰਨਾ ਹੈ। ਭਾਰਤ ਅਤੇ ਚੀਨ ਹਾਲ ਹੀ ’ਚ ਭਾਰਤ-ਚੀਨ ਸਰਹੱਦ ’ਤੇ ਗਸ਼ਤ ਦੇ ਪ੍ਰਬੰਧਾਂ ’ਤੇ ਸਹਿਮਤ ਹੋਏ ਹਨ। ਪੂਰਬੀ ਲੱਦਾਖ ਖੇਤਰ ਵਿੱਚ 2020 ਵਿੱਚ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਸ਼ੁਰੂ ਹੋਇਆ ਸੀ। ਉਦੋਂ ਤੋਂ ਹੀ ਭਾਰਤ ਅਤੇ ਚੀਨ ਦੇ ਸਬੰਧ ਕਾਫੀ ਖਰਾਬ ਦੌਰ ’ਚੋਂ ਲੰਘ ਰਹੇ ਸਨ।
ਜਦੋਂ ਰਿਜਿਜੂ ਨੇ ਚੀਨੀ ਸੈਨਿਕਾਂ ਨੂੰ ਸਵਾਲ ਪੁੱਛੇ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦੀਵਾਲੀ ਦੇ ਮੌਕੇ ’ਤੇ ਸਰਹੱਦ ਦਾ ਦੌਰਾ ਕੀਤਾ। ਉਨ੍ਹਾਂ ਅਰੁਣਾਚਲ ਪ੍ਰਦੇਸ਼ ਦੇ ਬੁਮਲਾ ਵਿੱਚ ਭਾਰਤੀ ਫੌਜ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਉਹ ਅੰਤਰਰਾਸ਼ਟਰੀ ਸਰਹੱਦ ’ਤੇ ਕੁਝ ਚੀਨੀ ਸੈਨਿਕਾਂ ਨੂੰ ਵੀ ਮਿਲੇ। ਇਸ ਦੌਰਾਨ ਉਨ੍ਹਾਂ ਨੇ ਫ਼ੌਜ ਦੇ ਜਵਾਨਾਂ ਰਾਹੀਂ ਚੀਨੀ ਫ਼ੌਜੀਆਂ ਨਾਲ ਗੱਲਬਾਤ ਕੀਤੀ। ਰਿਜਿਜੂ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਜ਼ਿਆਦਾ ਉਚਾਈ ਕਾਰਨ ਕੋਈ ਸਮੱਸਿਆ ਨਹੀਂ ਆਉਂਦੀ? ਇਸ ’ਤੇ ਚੀਨੀ ਫ਼ੌਜੀ ਦਾ ਕਹਿਣਾ ਹੈ ਕਿ ਕੋਈ ਸਮੱਸਿਆ ਨਹੀਂ ਹੈ। ਰਿਜਿਜੂ ਨੇ ਕਿਹਾ ਕਿ ਸਰਹੱਦ ’ਤੇ ਭਾਰਤ ਦੇ ਬੁਨਿਆਦੀ ਢਾਂਚੇ ਨੂੰ ਦੇਖ ਕੇ ਹਰ ਕੋਈ ਮਾਣ ਮਹਿਸੂਸ ਕਰਦਾ ਹੈ।