Punjab

ਪੇ ਕਮਿਸ਼ਨ ਦੇ ਬਕਾਏ ਦੇਣ ਲਈ ਤਿਆਰ ਨੀਤੀ ਦੀ ਤਿੱਖੀ ਨਿਖੇਧੀ

ਫਗਵਾੜਾ, (ਪਰਮਿੰਦਰ ਸਿੰਘ) – ਪੰਜਾਬ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਅਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਛੇਵੇਂ ਪੇ ਕਮਿਸ਼ਨ ਦੇ ਲੰਬੇ ਸਮੇਂ ਤੋਂ ਲਟਕਦੇ ਬਕਾਏ ਦੇਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਪਰੋਕਤ ਬਕਾਇਆ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਪੰਜਾਬ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਵਲੋਂ ਲੰਘੀ 07 ਫਰਵਰੀ ਨੂੰ ਵੀ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਤੇ ਇੱਕ ਦਿਨਾ ਭੁੱਖ ਹੜਤਾਲ ਕਰਦੇ ਹੋਏ ਪੇ ਕਮਿਸ਼ਨ ਅਤੇ ਡੀ ਏ ਦੇ ਬਕਾਏ ਦੇਣ ਦੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ ਸੀ।ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਕਰਾੜੀ ਹਾਰ ਨੂੰ ਦੇਖਦੇ ਹੋਏ ਅਤੇ ਬਕਾਇਆ ਸੰਬੰਧੀ ਮਾਨਯੋਗ ਹਾਈਕੋਰਟ ਵਿੱਚ ਚੱਲ ਰਹੇ ਕੇਸ ਦੀ 14/02/2025 ਦੀ ਪੰਜਾਬ ਸਰਕਾਰ ਦੀ ਪੇਸ਼ੀ ਨੂੰ ਦੇਖਦੇ ਹੋਏ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਉੱਮਰ ਹੱਦ ਅਨੁਸਾਰ ਸਤੰਬਰ 2028 ਤੱਕ ਬਣਦੇ ਬਕਾਏ ਦੇਣ ਦੀ ਗੱਲ ਕੀਤੀ ਗਈ ਹੈ ਜਦੋਂ ਕਿ ਮਾਰਚ 2027 ਵਿੱਚ ਨਵੀਂ ਸਰਕਾਰ ਆ ਜਾਣੀ ਹੈ। ਬਕਾਇਆ ਸੰਬੰਧੀ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਇਸ ਨੀਤੀ ਦੀ ਜ਼ੋਰਦਾਰ ਤਿੱਖੀ ਨਿਖੇਧੀ ਕਰਦੇ ਹੋਏ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਫ਼ਗਵਾੜਾ ਦੇ ਆਗੂਆਂ ਹੰਸ ਰਾਜ ਬੰਗੜ, ਮੋਹਣ ਸਿੰਘ ਭੱਟੀ, ਰਾਮ ਲੁਭਾਇਆ ਰਿਹਾਣਾ ਜੱਟਾਂ, ਕੁਲਦੀਪ ਸਿੰਘ ਕੌੜਾ , ਸੀਤਲ ਰਾਮ ਬੰਗਾ,ਅਤੇ ਸੂਬਾਈ ਆਗੂਆਂ ਕਰਨੈਲ ਸਿੰਘ ਸੰਧੂ ਅਤੇ ਗਿਆਨ ਚੰਦ ਨਈਅਰ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਕਿ ਸਮੂਹ ਪੈਨਸ਼ਨਰਾਂ ਨੂੰ ਯਕਮੁਸ਼ਤ ਇੱਕੋ ਵਾਰ ਪੂਰੇ ਦੇ ਪੂਰੇ ਬਕਾਏ ਅਦਾ ਕੀਤੇ ਜਾਣ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਕਾਏ ਮਿਲਣ ਨੂੰ ਉਡੀਕਦੇ ਉਡੀਕਦੇ ਲੱਗ ਭੱਗ 40000 ਹਜ਼ਾਰ ਪੈਨਸ਼ਨਰ ਇਸ ਦੁਨੀਆਂ ਨੂੰ ਛੱਡ ਕੇ ਸਵਰਗ ਸਿਧਾਰ ਚੁੱਕੇ ਹਨ। ਸਮੂਹ ਪੈਨਸ਼ਨਰਾਂ ਨੂੰ ਜਿਉਂਦੇ ਜੀਅ ਬਕਾਏ ਤੁਰੰਤ ਦਿੱਤੇ ਜਾਣ ਤਾਂ ਜ਼ੋ ਉਹ ਬਕਾਇਆ ਦੀ ਰਕਮ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਬੇਹਤਰੀ ਲਈ ਖੁਸ਼ੀ ਖੁਸ਼ੀ ਵਰਤ ਸਕਣ। ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਅਤੇ ਲਾਗੂ ਕਰਨ ਲਈ ਤੁਰੰਤ ਗੰਭੀਰਤਾ ਨਾ ਦਿਖਾਈ ਤਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਵੀ ਜ਼ਿਆਦਾ ਬੁਰਾ ਹਾਲ ਹੋਵੇਗਾ।ਇਸ ਸਮੇਂ ਗੁਰਨਾਮ ਸਿੰਘ ਸੈਣੀ,ਡਾ.ਤਰਲੋਕ ਸਿੰਘ, ਪ੍ਰੀਤਮ ਦਾਸ,ਰਤਨ ਸਿੰਘ, ਹਰਦੇਵ ਸਿੰਘ,ਭਾਗ ਮੱਲ, ਸਵਰਨ ਸਿੰਘ,, ਸਤਪਾਲ ਸਿੰਘ ਖੱਟਕੜ, ਗਿਆਨ ਚੰਦ ਆਦਿ ਸਾਥੀ ਹਾਜ਼ਰ ਹੋਏ।

Related posts

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin

ਪੰਜਾਬ ਦੇ ਗਵਰਨਰ ਵੱਲੋਂ ਰੁੱਖ ਲਗਾਉਣ ਸਬੰਧੀ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ !

admin