Punjab

‘ਪੌਸ਼ਟਿਕ ਅਹਾਰ’ ਵਿਸ਼ੇ ’ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਰਵਾਏ ਗਏ ਸੈਮੀਨਾਰ ਮੌਕੇ ਡਾ. ਸੁਰਿੰਦਰ ਕੌਰ, ਡਾ. ਮਨਬੀਰ ਸਿੰਘ, ਡਾ. ਮਨਬੀਰ ਕੌਰ ਤੇ ਹੋਰ ਸਖਸ਼ੀਅਤਾਂ। 

ਅੰਮ੍ਰਿਤਸਰ – ਖਾਲਸਾ ਕਾਲਜ ਫਾਰ ਵੂਮੈਨ ਦੇ ਪੋਸ਼ਣ ਅਤੇ ਖੁਰਾਕ ਵਿਗਿਆਨ ਵਿਭਾਗ ਵੱਲੋਂ ‘ਪੌਸ਼ਟਿਕ ਅਹਾਰ’ ਵਿਸ਼ੇ ’ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਉਕਤ ਸਮਾਗਮ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਲਜ ਦੇ ਈਕੋ ਕਲੱਬ ਵੱਲੋਂ ਵਾਤਾਵਰਣ ਸਿੱਖਿਆ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫ਼ੂਡ ਐਂਡ ਨਿਊਟਰੇਸ਼ਨ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਉਦਘਾਟਨੀ ਸੈਸ਼ਨ ’ਚ ਡਾ. ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਦੀ ਸਾਰਥਕਤਾ ਸਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉਪਰੰਤ ਯੂ. ਐੱਸ. ਏ. ਤੋਂ ਡਾ. ਹੇਮਾ ਸਿੱਧੂ ਨੇ ‘ਸਲੀਪ ਐਂਡ ਨਿਊਟ੍ਰੇਸ਼ਨ’ ਵਿਸ਼ੇ ’ਤੇ ਭਾਸ਼ਣ ਦਿੱਤਾ। ਜਦਕਿ ਮੁੱਖ ਬੁਲਾਰੇ ਡਾ. ਚੀਨਮ ਭਾਟੀਆ ਨੇ ਸਿਹਤਮੰਦ ਜੀਵਨ ਸ਼ੈਲੀ ਦੇ ਵਿਕਲਪਾਂ ਨੂੰ ਅਪਨਾਉਣ ਦੀ ਤੁਰੰਤ ਲੋੜ ’ਤੇ ਜ਼ੋਰ ਦਿੰਦਿਆਂ ਮਾੜੀਆਂ ਖੁਰਾਕ ਆਦਤਾਂ ਦੇ ਖਤਰਨਾਕ ਨਤੀਜਿਆਂ ਨੂੰ ਉਜਾਗਰ ਕੀਤਾ।

ਇਸ ਮੌਕੇ ਡਾ. ਗਰੋਵਰ ਨੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਲੇਟ ਦੀ ਧਾਰਨਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਸੰਤੁਲਿਤ ਅਤੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣ ’ਚ ਕੁਦਰਤੀ ਪੌਸ਼ਟਿਕ ਪੋਸ਼ਣ ਦੇ ਲਾਭਾਂ ’ਤੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਫੂਡ ਸੇਫਟੀ ਅਫਸਰ ਡਾ. ਕਮਲਦੀਪ ਕੌਰ ਨੇ ਭੋਜਨ ਸੁਰੱਖਿਆ ’ਤੇ ਭਾਸ਼ਣ ਦਿੰਦਿਆਂ ਖੇਤਰ ’ਚ ਆਪਣੀਆਂ ਜ਼ਿੰਮੇਵਾਰੀਆਂ ਅਤੇ ਅਨੁਭਵ ਸਾਂਝੇ ਕੀਤੇ। ਇਸ ਤੋਂ ਇਲਾਵਾ ਖ਼ਾਲਸਾ ਕਾਲਜ ਦੇ ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਮਨਬੀਰ ਸਿੰਘ ਨੇ ਸਿਹਤਮੰਦ ਜੀਵਨ ਜਿਉਣ ਲਈ ਜੰਕ ਫੂਡ ਤੋਂ ਬਚਣ ਦੀ ਜ਼ਰੂਰਤ ’ਤੇ ਚਾਨਣਾ ਪਾਉਂਦਿਆਂ ਸਮੁੱਚੀ ਤੰਦਰੁਸਤੀ ’ਤੇ ਖੁਰਾਕ ਵਿਕਲਪਾਂ ਦੇ ਪ੍ਰਭਾਵ ’ਤੇ ਜ਼ੋਰ ਦਿੱਤਾ।

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਪ੍ਰੋਗਰਾਮ ਦੇ ਤਕਨੀਕੀ ਸੈਸ਼ਨਾਂ ’ਚ ਓਰਲ (ਮੌਖਿਕ) ਅਤੇ ਪੋਸਟਰ ਪੇਸ਼ਕਾਰੀਆਂ ਵੀ ਕਰਵਾਈਆਂ ਗਈਆਂ ਜਿਸ ’ਚ ਲਗਭਗ 200 ਡੈਲੀਗੇਟ, ਵਿਦਿਆਰਥੀ, ਖੋਜ ਵਿਦਵਾਨ ਅਤੇ ਫੈਕਲਟੀ ਮੈਂਬਰ ਨੇ ਹਿੱਸਾ ਲਿਆ। ਇਸ ਮੌਕੇ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸ਼ਾਨਦਾਰ ਭਾਗੀਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰੋਤ ਪਰਸਨ ਵਜੋਂ ਪੁੱਜੇ ਡਾ. ਰਿਧੀ ਖੰਨਾ ਨੇ ਵਿਦਿਆਰਥੀਆਂ ਨੂੰ ਪੋਸ਼ਣ ਅਤੇ ਖੁਰਾਕ ਵਿਗਿਆਨ ਦੇ ਖੇਤਰ ’ਚ ਵੱਖ-ਵੱਖ ਕੈਰੀਅਰ ਮੌਕਿਆਂ ਬਾਰੇ ਮਾਰਗਦਰਸ਼ਨ ਕਰਦਿਆਂ ਪੇਸ਼ੇਵਰ ਵਿਕਾਸ ਅਤੇ ਸੰਭਾਵਨਾਵਾਂ ਬਾਰੇ ਕੀਮਤੀ ਸੁਝਾਅ ਸਾਂਝੇ ਕੀਤੇ। ਇਸ ਤੋਂ ਇਲਾਵਾ ਡਾ. ਗੁਲਜੀਤ ਕੌਰ ਅਤੇ ਡਾ. ਰਵਨੀਤ ਸੰਧੂ ਨੇ ਸਮਾਜ ਲਈ ਵਿਸ਼ੇ ਦੀ ਸਾਰਥਿਕਤਾ ’ਤੇ ਜ਼ੋਰ ਦਿੱਤਾ। ਜਦ ਕਿ ਸਮਾਪਤੀ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਦਲਬੀਰ ਸਿੰਘ ਸੋਗੀ ਨੇ ਆਬਾਦੀ ਲਈ ਸਹੀ ਪੋਸ਼ਣ ਨੂੰ ਯਕੀਨੀ ਬਣਾਉਣ ਦੀਆਂ ਚੁਣੌਤੀਆਂ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਭੋਜਨ ਦੀ ਪਹੁੰਚ, ਗੁਣਵੱਤਾ ਅਤੇ ਸੰਤੁਲਿਤ ਖੁਰਾਕ ਦੀਆਂ ਆਦਤਾਂ ਪ੍ਰਤੀ ਵਧੇਰੇ ਜਾਗਰੂਕਤਾ ਦੀ ਜ਼ਰੂਰਤ ਵਰਗੀਆਂ ਮੁੱਖ ਰੁਕਾਵਟਾਂ ਨੂੰ ਉਜਾਗਰ ਕੀਤਾ।

ਇਸ ਸੈਮੀਨਾਰ ਦੇ ਅੰਤ ’ਚ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਬੀਰ ਕੌਰ ਨੇ ਸਮੂੰਹ ਬੁਲਾਰਿਆਂ, ਮਹਿਮਾਨਾਂ, ਭਾਗੀਦਾਰਾਂ ਅਤੇ ਪ੍ਰਬੰਧਕ ਕਮੇਟੀ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਿੱਤੇ ਗਏ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Related posts

ਮੁੱਖ-ਮੰਤਰੀ ਦੀ ਕੁਰਸੀ ਇੱਕ: ਛੇ ਕਾਂਗਰਸੀ ਲਟਾਪੀਂਘ !

admin

ਪਾਕਿਸਤਾਨ ਜਾਣ ਵਾਲੇ ਸਿੱਖਾਂ ਨੂੰ ਹੁਣ ਡਾਲਰਾਂ ਵਿਚ ਹੀ ਭੁਗਤਾਨ ਕਰਨਾ ਪਵੇਗਾ

admin

ਮਹਾਂ ਪੰਚਾਇਤਾਂ ‘ਚ ਵੱਡੇ ਇੱਕਠ ਸਰਕਾਰਾਂ ਖਿਲਾਫ਼ ਰੋਸ ਦੇ ਸੰਕੇਤ: ਜਗਜੀਤ ਸਿੰਘ ਡੱਲੇਵਾਲ

admin