ਅੰਮ੍ਰਿਤਸਰ – ਖਾਲਸਾ ਕਾਲਜ ਦੇ ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸ ਸੋਸਾਇਟੀ, ਬੋਟਨੀ ਵਿਭਾਗ ਵੱਲੋਂ ਫਲਾਵਰ ਸ਼ੋਅ ‘ਸਪਰਿੰਗ-2025’ ਅਤੇ ਪ੍ਰਦੂਸ਼ਣ ਘਟਾਉਣ ਦੀਆਂ ਰਣਨੀਤੀਆਂ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਡਾ. (ਪ੍ਰੋ:) ਸਤਵਿੰਦਰਜੀਤ ਕੌਰ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਉਕਤ ਪ੍ਰੋਗਰਾਮ ਦਾ ਉਦਘਾਟਨ ਡਾ. ਕਾਹਲੋਂ ਵੱਲੋਂ ਕੀਤਾ ਗਿਆ, ਜਿਸ ਉਪਰੰਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ: ਸੁਸ਼ਾਂਤ ਸ਼ਰਮਾ ਨੇ ਭਾਗੀਦਾਰਾਂ ਨੂੰ ਫੁੱਲਾਂ ਦੇ ਪ੍ਰਦਰਸ਼ਨ ਅਤੇ ਸੈਮੀਨਾਰ ਦੇ ਮਹੱਤਵ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੋਸਾਇਟੀ ਦੇ ਕੋਆਰਡੀਨੇਟਰ ਡਾ. ਮਧੂ ਨੇ ਮੁੱਖ ਬੁਲਾਰੇ ਸਬੰਧੀ ਜਾਣ-ਪਛਾਣ ਕਰਵਾਈ। ਉਪਰੰਤ ਡਾ. ਸਤਵਿੰਦਰਜੀਤ ਕੌਰ ਨੇ ਹਵਾ ਦੀ ਗੁਣਵੱਤਾ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਘਰ ਦੇ ਅੰਦਰ ਹਵਾ ਪ੍ਰਦੂਸ਼ਣ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਹਵਾ ਪ੍ਰਦੂਸ਼ਕਾਂ ਦੇ ਉਚ ਪੱਧਰ ਦੀਆਂ ਚਿੰਤਾਵਾਂ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਘਰ ਦੇ ਅੰਦਰ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਕੁਝ ਵਾਤਾਵਰਣ ਅਨੁਕੂਲ ਅਤੇ ਇਕਾਊ ਹੱਲ ਪ੍ਰਦਾਨ ਕੀਤੇ।
ਇਸ ਮੌਕੇ ਡਾ. ਸਤਵਿੰਦਰਜੀਤ ਕੌਰ ਨੇ ਕੁਝ ਅੰਦਰੂਨੀ ਪੌਦਿਆਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਜੋ ਹਵਾ ਸ਼ੁੱਧ ਕਰਨ ਵਜੋਂ ਕੰਮ ਕਰਦੇ ਹਨ। ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਵੱਖ-ਵੱਖ ਸੰਸਥਾਵਾਂ, ਸਕੂਲਾਂ ਅਤੇ ਨਰਸਰੀਆਂ ਦੇ 450 ਪ੍ਰਤੀਭਾਗੀਆਂ ਨੇ ਮੌਸਮੀ ਫੁੱਲ, ਪੱਤਿਆਂ ਦੇ ਪੌਦੇ, ਅੰਦਰੂਨੀ ਪੌਦੇ, ਚਿਕਿਸਤਕ ਪੌਦੇ, ਸਕੂਲੈਂਟ, ਕੈਕਟਸ ਅਤੇ ਬੋਨਸਾਈ ਵੱਖ-ਵੱਖ ਸ਼ੇ੍ਰਣੀਆਂ ’ਚ ਹਿੱਸਾ ਲਿਆ। ਇਸ ਮੌਕੇ ਸਾਫ਼ ਅਤੇ ਹਰੇ ਵਾਤਾਵਰਣ ਲਈ ਜੈਵ-ਵਿਭਿੰਨਤਾ ਅਤੇ ਇਸਦੀ ਸੰਭਾਲ ਅਤੇ ਪ੍ਰਦੂਸ਼ਣ ਨਿਯੰਤਰਣ ਵਿਸ਼ੇ ’ਤੇ ਪੋਸਟਰ ਮੁਕਾਬਲੇ ਤੋਂ ਇਲਾਵਾ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ।
ਇਸ ਮੌਕੇ ਵਿਭਾਗ ਮੁੱਖੀ ਡਾ. ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਗਮ ਦੇ ਸਫਲ ਆਯੋਜਨ ਲਈ ਸੋਸਾਇਟੀ ਦੇ ਮੈਂਬਰਾਂ, ਭਾਗੀਦਾਰਾਂ, ਟੀਚਿੰਗ, ਨਾਨ ਟੀਚਿੰਗ ਆਦਿ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਹਰਜਿੰਦਰ ਸਿੰਘ, ਡਾ. ਰਾਜਬੀਰ ਸਿੰਘ, ਡਾ. ਪ੍ਰਭਜੀਤ ਕੌਰ, ਡਾ. ਹਰਪ੍ਰੀਤ ਕੌਰ, ਡਾ. ਮਨਿੰਦਰ ਕੌਰ, ਡਾ. ਹਰਸਿਮਰਨ ਕੌਰ, ਡਾ. ਸੋਨੀਆ ਸ਼ਰਮਾ, ਡਾ. ਪੁਨੀਤਾ, ਡਾ. ਅਕਾਂਕਸ਼ਾ, ਡਾ. ਗੁਰਪ੍ਰੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਸ਼ਿਵਾਨੀ ਅੱਤਰੀ, ਡਾ. ਪ੍ਰਵੀਨ ਕੁਮਾਰ ਅਹੂਜਾ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।