India

ਪ੍ਰਧਾਨ ਮੰਤਰੀ ਮੋਦੀ ਤਿੰਨ ਰੋਜ਼ਾ ਦੌਰੇ ’ਤੇ ਫਰਾਂਸ ਪੁੱਜੇ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੋਮਵਾਰ ਨੂੰ ਪੈਰਿਸ ਦੇ ਇੱਕ ਹੋਟਲ ਵਿੱਚ ਪਹੁੰਚਣ 'ਤੇ ਭਾਰਤੀ ਪ੍ਰਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ 11 ਫਰਵਰੀ ਨੂੰ ਏਆਈ ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ।

ਪੈਰਿਸ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾ ਦੌਰੇ ’ਤੇ ਫਰਾਂਸ ਪਹੁੰਚ ਗਏ ਹਨ ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹ ਮਸਨੂਈ ਬੌਧਿਕਤਾ (ਏਆਈ) ਐਕਸ਼ਨ ਸੰਮੇਲਨ ’ਚ ਸਹਿ-ਪ੍ਰਧਾਨਗੀ ਕਰਨਗੇ। ਉਹ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਮੋਦੀ 12 ਫਰਵਰੀ ਤੱਕ ਫਰਾਂਸ ’ਚ ਰਹਿਣਗੇ ਅਤੇ ਉੱਥੋਂ ਉਹ ਦੋ-ਰੋਜ਼ਾ ਦੌਰੇ ’ਤੇ ਅਮਰੀਕਾ ਜਾਣਗੇ ਜਿਥੇ ਉਹ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਮਗਰੋਂ ਮੋਦੀ ਦੀ ਇਹ ਪਹਿਲੀ ਮੁਲਾਕਾਤ ਹੋਵੇਗੀ।

ਮੋਦੀ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੇ ਸੱਦੇ ’ਤੇ ਫਰਾਂਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ‘ਏਆਈ ਐਕਸ਼ਨ ਸਮਿਟ’ ਦੀ ਸਹਿ-ਪ੍ਰਧਾਨਗੀ ਕਰਨਗੇ ਜਿਸ ’ਚ ਆਲਮੀ ਆਗੂਆਂ ਤੋਂ ਇਲਾਵਾ ਦਿੱਗਜ ਤਕਨਾਲੋਜੀ ਕੰਪਨੀਆਂ ਦੇ ਸੀਈਓਜ਼ ਵੀ ਮੌਜੂਦ ਰਹਿਣਗੇ। ਮੋਦੀ ਨੇ ਕਿਹਾ, ‘‘ਦੋ ਮੁਲਕਾਂ ਦੀ ਮੇਰੀ ਇਹ ਯਾਤਰਾ ਮੇਰੇ ਦੋਸਤ ਰਾਸ਼ਟਰਪਤੀ ਮੈਕਰੌਂ ਦੇ ਨਾਲ ਨਾਲ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਲਈ 2047 ਦੇ ਖਾਕੇ ਸਬੰਧੀ ਪ੍ਰਗਤੀ ਦੀ ਨਜ਼ਰਸਾਨੀ ਕਰਨ ਦਾ ਮੌਕਾ ਪ੍ਰਦਾਨ ਕਰੇਗੀ।’’ ਦੋਵੇਂ ਆਗੂ ਫਰਾਂਸ ’ਚ ਪਹਿਲੇ ਭਾਰਤੀ ਕੌਂਸਲਖਾਨੇ ਦਾ ਉਦਘਾਟਨ ਕਰਨ ਲਈ ਇਤਿਹਾਸਕ ਸ਼ਹਿਰ ਮਾਰਸਿਲੇ ਦਾ ਦੌਰਾ ਵੀ ਕਰਨਗੇ। ਉਹ ਕੌਮਾਂਤਰੀ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ ਪ੍ਰਾਜੈਕਟ ਦਾ ਵੀ ਦੌਰਾ ਕਰਨਗੇ। ਮੋਦੀ ਨੇ ਕਿਹਾ ਕਿ ਉਹ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਮਜ਼ਾਰਗਿਊਜ਼ ਜੰਗੀ ਕਬਰਸਤਾਨ ਵੀ ਜਾਣਗੇ। ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੌਰਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਸਹਿਯੋਗ ਵਿੱਚ ਮਿਲੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਦੌਰਾ ਅਮਰੀਕਾ ਨਾਲ ਭਾਰਤ ਦੀ ਭਾਈਵਾਲੀ ਨੂੰ ਹੋਰ ਵਧਾਉਣ ਅਤੇ ਮਜ਼ਬੂਤ ਕਰਨ ਲਈ ਏਜੰਡਾ ਤੈਅ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਵਿੱਚ ਤਕਨਾਲੋਜੀ, ਵਪਾਰ, ਰੱਖਿਆ, ਊਰਜਾ ਆਦਿ ਖੇਤਰਾਂ ’ਚ ਸਹਿਯੋਗ ਸ਼ਾਮਲ ਹੈ। ਉਨ੍ਹਾਂ ਕਿਹਾ, “ਅਸੀਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦੁਵੱਲੇ ਲਾਹੇ ਲਈ ਰਲ ਕੇ ਕੰਮ ਕਰਾਂਗੇ ਅਤੇ ਦੁਨੀਆ ਲਈ ਇੱਕ ਬਿਹਤਰ ਭਵਿੱਖ ਸਿਰਜਾਂਗੇ।” ਉਨ੍ਹਾਂ ਕਿਹਾ, “ਮੈਂ ਆਪਣੇ ਦੋਸਤ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ ਉਤਸੁਕ ਹਾਂ।’’

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ 2040 ਦੀ ਚੰਦਰਮਾ ‘ਤੇ ਲੈਂਡਿੰਗ ਦਾ ਸੁਨੇਹਾ ਦਿੱਤਾ !

admin

ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੱਛੀ ਉਤਪਾਦਕ ਹੈ !

admin