ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੂੰ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਹੈ। ਸ੍ਰੀਲੰਕਾ ਵਿੱਚ ਭਿਆਨਕ ਆਰਥਿਕ ਸੰਕਟ ਦੇ ਵਿਚਕਾਰ ਰਾਨਿਲ ਵਿਕਰਮਾਸਿੰਘੇ ਨੇ ਪਿਛਲੇ ਹਫਤੇ ਸਹੁੰ ਚੁੱਕੀ ਸੀ। ਇਸ ‘ਤੇ ਪੀਐਮ ਮੋਦੀ ਨੇ ਪੱਤਰ ਭੇਜ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰੀ ਤਰੀਕਿਆਂ ਨਾਲ ਗੁਆਂਢੀ ਦੇਸ਼ ਵਿੱਚ ਸਥਿਰਤਾ ਅਤੇ ਆਰਥਿਕ ਸੁਧਾਰ ਲਈ ਸ਼੍ਰੀਲੰਕਾ ਦੇ ਨਾਲ ਖੜ੍ਹਾ ਹੈ।
ਜ਼ਿਕਰਯੋਗ ਹੈ ਕਿ ਰਾਨਿਲ ਵਿਕਰਮਸਿੰਘੇ ਨੇ ਪਿਛਲੇ ਹਫਤੇ ਸ੍ਰੀਲੰਕਾ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਗੁਆਂਢੀ ਦੇਸ਼ ‘ਚ ਲੋਕਾਂ ਨੇ ਕਾਫੀ ਹਿੰਸਕ ਪ੍ਰਦਰਸ਼ਨ ਕੀਤਾ। ਗੋਟਾਬਾਯਾ ਰਾਜਪਕਸ਼ੇ ਦੇ ਅਸਤੀਫੇ ਤੋਂ ਬਾਅਦ ਸੰਸਦ ਵਿੱਚ ਵੋਟਿੰਗ ਦੌਰਾਨ ਰਾਨਿਲ ਵਿਕਰਮਸਿੰਘੇ ਨੂੰ 134 ਵੋਟਾਂ ਮਿਲੀਆਂ।
ਰਾਨਿਲ ਵਿਕਰਮਸਿੰਘੇ ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਵਿਕਰਮਾਸਿੰਘੇ ਨੂੰ ਸ੍ਰੀਲੰਕਾ ਦਾ ਅੰਤਰਿਮ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਕਾਰਨ ਦੇਸ਼ ਵਿੱਚ ਕਈ ਵਾਰ ਹਿੰਸਕ ਪ੍ਰਦਰਸ਼ਨ ਵੀ ਹੋਏ।