ਪਣਜੀ – ਪ੍ਰਮੋਦ ਸਾਂਵਤ ਨੇ ਸੋਮਵਾਰ ਨੂੰ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨਾਲ ਅੱਠ ਵਿਧਾਇਕਾਂ ਨੂੰ ਵੀ ਮੰਤਰੀ ਵਜੋਂ ਸਹੁੰ ਚੁਕਾਈ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਰਾਜਪਾਲ ਪੀਐੱਸ ਸ਼੍ਰੀ ਧਰਨ ਪਿੱਲੇ ਨੇ ਪਣਜੀ ਨੇੜੇ ਬੰਬੋਲਿਮ ‘ਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ‘ਚ ਕਰਵਾਏ ਗਏ ਸਹੁੰ ਚੁੱਕ ਸਮਾਗਮ ‘ਚ ਸਾਵੰਤ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱੁਕਵਾਈ।
ਸਾਂਵਤ ਨੇ ਕੋਂਕਣੀ ਭਾਸ਼ਾ ‘ਚ ਸਹੁੰ ਚੁੱਕੀ। ਉਨ੍ਹਾਂ ਨਾਲ ਵਿਸ਼ਵਜੀਤ ਰਾਣੇ, ਮੌਵਿਨ ਗੋਡਿਨਹੋ, ਰਵੀ ਨਾਈਕ, ਨੀਲੇਸ਼ ਕਬਰਾਲ, ਸੁਭਾਸ਼ ਸ਼ਿਰਡੋਕਰ, ਰੋਹਨ ਖੁੰਟੇ, ਗੋਵਿੰਦ ਗੌੜੇ ਤੇ ਐਂਟਾਨੇਸੀਓ ਮੋਂਸੈਰੇਟ ਨੂੰ ਮੰਤਰੀ ਵਜੋਂ ਸਹੁੰ ਚੁਕਾਈ। ਰਾਣੇ, ਗੋਡਿਨਹੋ, ਕਬਰਾਲ ਤੇ ਗੌੜੇ 2019-22 ਤਕ ਸਾਂਵਤ ਸਰਕਾਰ ਦੀ ਅਗਵਾਈ ਵਾਲੀ ਕੈਬਨਿਟ ਦਾ ਹਿੱਸਾ ਸਨ ਜਦਕਿ ਖੁੰਟੇ ਮਨੋਹਰ ਪਾਰੀਕਰ ਦੀ ਅਗਵਾਈ ਵਾਲੀ ਸਰਕਾਰ ‘ਚ ਮੰਤਰੀ ਸਨ ਤੇ 2019 ‘ਚ ਉਨ੍ਹਾਂ ਨੂੰ ਕੈਬਨਿਟ ਤੋਂ ਹਟਾ ਦਿੱਤਾ ਗਿਆ ਸੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਸ਼੍ਰੀਪਦ ਨਾਈਕ, ਭਾਪਜਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਹਿਮਾਚਲ ਦੇ ਰਾਜਪਾਲ ਰਾਜੇਂਦਰ ਆਰਲੇਕਰ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਜੋ ਗੋਆ ਦੇ ਚੋਣ ਇੰਚਾਰਜ ਸਨ, ਵੀ ਪ੍ਰਰੋਗਰਾਮ ‘ਚ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਪ੍ਰਮੋਦ ਸਾਂਵਤ ਤੇ ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀਆਂ ਨੂੰ ਹਲਫ਼ ਲੈਣ ‘ਤੇ ਵਧਾਈ ਦਿੱਤੀ। ਸਮਾਗਮ ਦੌਰਾਨ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਮੌਜੂਦ ਸਨ।
