
ਅਬਿਆਣਾਂ ਕਲਾਂ
ਪ੍ਰਵਾਸ ਦਾ ਚਾਅ ਪੰਜਾਬੀਆਂ ਵਿੱਚ ਇਸ ਕਦਰ ਵੱਧ ਚੁੱਕਾ ਹੈ ਜਿਸ ਤਰ੍ਹਾਂ ਜੋਬਨ ਉੱਤੇ ਫਲਾਂ ਨਾਲ ਭਰੇ ਦਰਖੱਤਾਂ ਨੂੰ ਦੇਖ ਕੇ ਮਾਲੀ ਮਾਲਕ ਨੂੰ ਹੁੰਦਾ ਹੈ। ਭਰੇ ਦਰਖੱਤ ਨੂੰ ਜਦੋਂ ਕੋਈ ਹਲੂਣਾ ਦੇ ਦਿੰਦਾ ਹੈ ਪੱਕੇ ਕੱਚੇ ਸਭ ਝੜ ਜਾਂਦੇ ਹਨ।ਇਸੀ ਤਰਜ਼ ਤੇ ਪੱਛਮੀ ਮੁਲਕਾਂ ਨੇ ਪੰਜਾਬੀਆਂ ਨੂੰ ਪ੍ਰਵਾਸ ਲਈ ਹਲੂਣਾ ਦੇਣਾ ਸ਼ੁਰੂ ਕਰ ਦਿੱਤਾ ਹੈ।ਇਸ ਨਾਲ ਸ਼ੰਕਾਵਾਂ ਅਤੇ ਚਿੰਤਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉਂਝ ਤਾਂ ਪੰਜਾਬੀ 1950 ਵਿੱਚ ਹੀ ਬਾਹਰਲੇ ਮੁਲਕਾਂ ਵਿੱਚ ਜਾਣੇ ਸ਼ੁਰੂ ਹੋ ਗਏ ਸਨ,ਇਸ ਦਾ ਉਲਟ ਪ੍ਰਭਾਵ ਵੀ ਪਿਆ ਕਿ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਾ ਕੀ ਫਾਇਦਾ ਹੋਇਆ ਜੇ ਅੰਗਰੇਜ਼ ਦੇ ਮਗਰ ਹੀ ਦੌੜਨਾ ਸੀ। ਪਿਛਲੇ ਢਾਈ ਤਿੰਨ ਦਹਾਕਿਆਂ ਤੋਂ ਤਾਂ ਤੜਾਗੀ ਬੰਨ੍ਹ ਹੀ ਪੰਜਾਬੀ ਪ੍ਰਵਾਸੀ ਬਣ ਰਹੇ ਹਨ।ਇਸ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ ਜਿਸ ਦੀ ਦਰ 2019 ਵਿੱਚ 8.2 ਫੀਸਦੀ ਸੀ।ਇਸ ਤੋਂ ਇਲਾਵਾ ਨੌਕਰੀ ਦੀ ਅਸੁਰੱਖਿਆ ਅਤੇ ਹੁਨਰ ਦੀ ਕਮੀਂ ਵੀ ਪ੍ਰਵਾਸ ਦਾ ਕਾਰਨ ਬਣਿਆ।ਜਿਸ ਤਰਜ਼ ਤੇ ਆਈ.ਟੀ.ਆਈਜ਼ ਸਨ ਉਸ ਦਾ ਮਤਲਬ ਹੀ ਇਹ ਸੀ ਹੁਨਰਵੰਦੀ ਪੈਦਾ ਕਰਕੇ ਰੁਜ਼ਗਾਰ ਦੇਣਾ ਸੀ।ਇਹ ਸੰਸਥਾਵਾਂ ਵੀ ਨਤੀਜਾ ਨਹੀਂ ਦੇ ਸਕੀਆਂ ਨਾਲ ਹਾਲਾਤਾਂ ਨੇ ਮਾਰ ਸੁੱਟੇ। ਪੰਜਾਬ ਦੀ ਤਤਕਾਲੀ ਸਰਕਾਰ ਨੇ ਸਕਿਲਡ ਸੈਂਟਰ ਖੋਲ੍ਹੇ,ਪਰ ਇਹ ਵੀ ਕੋਈ ਪਹੁੰਚ ਨਹੀਂ ਅਪਣਾ ਸਕੇ। ਪਰਨਾਲਾ ਉਥੇ ਹੀ ਰਿਹਾ। ਨੌਜਵਾਨੀ ਅਸਥਿਰ ਅਤੇ ਲਾਚਾਰ ਹੋਣ ਲੱਗੀ। ਵੇਲੇ ਬੀਤਣ ਤੋਂ ਬਾਅਦ ਜਾਗਣਾ ਨਿਸਫਲ ਹੁੰਦਾ ਹੈ।ਹੁਣ ਪੰਜਾਬ ਤਰੱਕੀ ਅਤੇ ਬਜ਼ੁਰਗ ਘਰਾਂ ਦੀ ਰੌਣਕ ਲੱਭ ਰਹੇ ਹਨ।