
ਕਿਤਾਬਾਂ ਬੋਲਦੀਆਂ ਨਹੀਂ ਹਨ l ਉਹ ਚੁੱਪ ਰਹਿ ਕੇ ਵੀ ਉਹ ਕੁਝ ਕਹਿ ਦਿੰਦੀਆਂ ਹਨ ਜਿਸ ਨਾਲ ਕਿਤਾਬਾਂ ਪੜ੍ਹਨ ਵਾਲੇ ਦੀ ਜ਼ਿੰਦਗੀ ਵਿੱਚ ਆਣ- ਸੋਚੀਆਂ ਤਬਦੀਲੀਆਂ ਆ ਜਾਂਦੀਆਂ ਹਨ ।ਕਿਤਾਬਾਂ ਮਨੁੱਖ ਦੀ ਜ਼ਿੰਦਗੀ ਵਿੱਚ ਸੱਚੇ -ਸੁੱਚੇ ਸਾਥੀ ਵਾਲਾ ਸਾਥ ਨਿਭਾਉਂਦੀਆਂ ਹਨ । ਜਿੰਨੀਆਂ ਸੱਚੀਆਂ ਮਿੱਤਰ ਕਿਤਾਬਾਂ ਸਾਬਤ ਹੁੰਦੀਆਂ ਹਨ ,ਇਨਸਾਨ ਕਦੇ ਵੀ ਇਨਸਾਨ ਦੇ ਇੰਨੇ ਸੱਚੇ ਮਿੱਤਰ ਨਹੀਂ ਬਣ ਸਕਦੇ ।ਚੰਗੀਆਂ ਕਿਤਾਬਾਂ ਨਾਲੋਂ ਚੰਗਾ ਸਲਾਹਕਾਰ ਕੋਈ ਹੋਰ ਹੋ ਈ ਨਹੀਂ ਸਕਦਾ ।ਕਿਤਾਬਾਂ ਹੀ ਹਨ ਜੋ ਪੜ੍ਹਨ ਵਾਲੇ ਨੂੰ ਨਿਰਸਵਾਰਥ ਸਹੀ ਰਸਤਾ ਦੱਸਦੀਆਂ ਹਨ। ਕਿਤਾਬਾਂ ਪੜ੍ਹਨਾ ਸਿਰਫ਼ ਰੂਹ ਨੂੰ ਸਕੂਨ ਹੀ ਨਹੀਂ ਦਿੰਦਾ ,ਕਿਤਾਬਾਂ ਤੋਂ ਪ੍ਰਾਪਤ ਗਿਆਨ ਰੂਹ ਨੂੰ ਰੂਹ ਤਕ ਪਛਾਨਣ ਦਾ ਤਰੀਕਾ ਵੀ ਦੱਸਦਾ ਹੈ ।ਬੇਸ਼ੱਕ ਕਿਤਾਬਾਂ ਪੜ੍ਹ ਕੇ ਹੀ ਡਿਗਰੀਆਂ ਮਿਲਦੀਆਂ ਹਨ । ਪਰ ਡਿਗਰੀਆਂ ਲੈਣਾ ਹੀ ਕਾਫ਼ੀ ਨਹੀਂ ਹੈ ।ਕਿਤਾਬਾਂ ਪੜ੍ਹਨ ਵਾਲੇ ਤੇ ਉਨ੍ਹਾਂ ਨੂੰ ਵਾਚਣ ਵਾਲੇ ਦੁਨੀਆਂ ਨੂੰ ਇਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ । ਕਿਤਾਬਾਂ ਚੋਂ ਸ਼ਬਦਾਂ ਦੀ ਪੈਣ ਵਾਲੀ ਨਿੰਮੀ ਨਿੰਮੀ ਭੂਰ ਨਾਲ ਭਿੱਜ ਕੇ ਕਿਤਾਬ ਪ੍ਰੇਮੀ ਪਪੀਹੇ ਨੂੰ ਇਕ -ਇਕ ਬੂੰਦ ਨਾਲ ਸੁੱਖ ਸ਼ਾਂਤੀ (ਸੰਤੁਸ਼ਟੀ ) ਮਿਲਦੀ ਹੈ ।ਕਿਤਾਬਾਂ ਦੀ ਭੁੱਖ ਰੱਖਣ ਵਾਲੇ ਕਿਤਾਬਾਂ ਦੇ ਪਿਆਰੇ ਕਦੇ ਵੀ ਅੱਖਰ ਗਿਆਨ ਨਾਲ ਪੇਟ ਭਰ ਰਜਦੇ ਨਹੀਂ ਹਨ । ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਹਨ ।ਜਿਨ੍ਹਾਂ ਨੇ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਇਆ ਹੈ, ਕਿਤਾਬਾਂ ਨੂੰ ਨੇੜਲਾ ਸਾਥੀ ਬਣਾਇਆ ਹੈ ,ਉਨ੍ਹਾਂ ਨਾਲ ਕਿਤਾਬਾਂ ਨੇ ਹਮੇਸ਼ਾ ਹੀ ਵਫ਼ਾਦਾਰੀ ਨਿਭਾਈ ਹੈ। ਕਿਤਾਬਾਂ ਪੜ੍ਹਨ ਵਾਲੇ ਮਨੁੱਖਾਂ ਵਿੱਚ ਸਹਿਣਸ਼ੀਲਤਾ ਦਾ ਵਾਸ ਹੋ ਜਾਂਦਾ ਹੈ । ਅੱਜ ਕੱਲ੍ਹ ਸੰਸਾਰ ਵਿੱਚ ਨੈਤਿਕਤਾ ਦੀ ਘਾਟ ਹੋ ਰਹੀ ਹੈ ।ਜਿਸ ਨੂੰ ਕਿਤਾਬਾਂ ਪੜ੍ਹ ਕੇ ਹੀ ਪੂਰਾ ਕੀਤਾ ਜਾ ਸਕਦਾ ਹੈ ।ਕਿਤਾਬਾਂ ਜਿੱਥੇ ਸਮੇਂ ਦੀ ਪੂਰਤੀ ਲਈ ਸਹਾਰਾ ਸਹਾਈ ਹੁੰਦੀਆਂ ਹਨ ,ਉੱਥੇ ਪੜ੍ਹਨ ਵਾਲੇ ਦੀ ਸੋਚ ਨੂੰ ਵੀ ਉਸਾਰੂ ਬਣਾਉਂਦੀਆਂ ਹਨ ।ਮੁਸ਼ਕਲਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀਆਂ ਹਨ, ਸੁਨਹਿਰੀ ਜੀਵਨ -ਜਾਚ ਜਿਊਣ ਵਾਲੀ ਬੁੱਧੀ ਬਖ਼ਸ਼ਦੀਆਂ ਹਨ ।ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਅਤੇ ਯਾਦ ਸ਼ਕਤੀ ਦੋਵਾਂ ਵਿੱਚ ਹੀ ਵਾਧਾ ਹੁੰਦਾ ਹੈ। ਕਿਤਾਬਾਂ ਹੀ ਹਨ ਜੋ ਜ਼ਿੰਦਗੀ ਨੂੰ ਬਦਲ ਦੇਣ ਦੀ ਸ਼ਕਤੀ ਰੱਖਦੀਆਂ ਹਨ ।ਚੰਗੀਆ ਕਿਤਾਬਾਂ ਤਾਂ ਗਿਆਨ ਦਾ ਸਾਗਰ ਹੀ ਹੁੰਦੀਆਂ ਹਨ ।ਜਿੰਨੀ ਡੂੰਘਾਈ ਚ ਜਾਇਆ ਜਾਂਦਾ ਹੈ ,ਉਨੇ ਹੀ ਸੁੱਚੇ ਮੋਤੀ ਹੱਥ ਆਉਂਦੇ ਹਨ ।ਇਹ ਗਿਆਨ ਦੇ ਸੁੱਚੇ ਮੋਤੀ ਕੋਈ ਖੋ ਵੀ ਨਹੀਂ ਸਕਦਾ ,ਨਾ ਹੀ ਕੋਈ ਖ਼ਰੀਦ ਸਕਦਾ ਹੈ । ਪ੍ਰਾਪਤ ਗਿਆਨ ਇੱਕੋ ਇੱਕ ਅਜਿਹਾ ਖ਼ਜ਼ਾਨਾ ਹੈ ਜਿਸ ਉੱਤੇ ਕੋਈ ਹੱਕ ਨਹੀਂ ਜਤਾ ਸਕਦਾ । ਕਿਤਾਬਾਂ ਤੋਂ ਪ੍ਰਾਪਤ ਗਿਆਨ ਖ਼ਜ਼ਾਨੇ ਦੀ ਕੋਈ ਥਾਂ ਵੀ ਨਹੀਂ ਕੋਈ ਥਾਹ ਨਹੀਂ ਪਾ ਸਕਦਾ ।ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕਿਤਾਬਾਂ ਦੀ ਬੜੀ ਹੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਕਿਤਾਬਾਂ ਚੋਂ ਪ੍ਰਾਪਤ ਗਿਆਨ ਦੀ ਕੀਮਤ ਕਿਤਾਬਾਂ ਪੜ੍ਹ ਕੇ ਹੀ ਪਤਾ ਲੱਗਦੀ ਹੈ ।ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣਾ ਆਪਣੇ ਆਪ ਨੂੰ ਸਿੱਧੇ ਰਸਤੇ ਪਾਉਣਾ ਹੀ ਕਹਿ ਸਕਦੇ ਹਾਂ ।ਕਿਤਾਬਾਂ ਪੜ੍ਹ ਕੇ ਹੀ ਸਮਾਜ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ । ਸਮਾਜ ਵਿਚ ਪੁਸਤਕਾਲਿਆਂ ਦੀ ਜਿੰਨੀ ਜ਼ਿਆਦਾ ਗਿਣਤੀ ਹੋਵੇਗੀ ਸਮਾਜ ਓਨਾ ਹੀ ਸੱਭਿਅਕ ਹੋਵੇਗਾ। ਮਾਪੇ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ।ਸਮਾਜ ਨੂੰ ਸੋਹਣਾ ਬਣਾਉਣ ਲਈ ਘਰ -ਘਰ ,ਹਰ ਮੋੜ ਤੇ, ਗਲੀ -ਮੁਹੱਲੇ,ਜਨਤਕ ਥਾਵਾਂ ‘ਤੇ ਕਿਤਾਬਾਂ ਦੀ ਉਪਲੱਬਧੀ ਹੋਣੀ ਚਾਹੀਦੀ ਹੈ। ਸਕੂਲਾਂ ਨੂੰ ਸਿਲੇਬਸ ਦੀ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਜ਼ਰੂਰੀ ਵਿਵਸਥਾ ਹੋਣੀ ਚਾਹੀਦੀ ਹੈ ।ਸਕੂਲਾਂ ਵਿਚ ਕਿਤਾਬਾਂ ਪੜ੍ਹਨ ਵਾਲੇ ਅਮਲੇ ਨੂੰ ਪਹਿਲ ਦੇਣੀ ਚਾਹੀਦੀ ਹੈ ।ਘਰਾਂ ਵਿਚ ਸਾਹਿਤਕ ਮਾਹੌਲ ਪੈਦਾ ਕਰਕੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਿਆ ਜਾ ਸਕਦਾ ਹੈ ।ਮਹਾਨ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਨਾਲ ਜੀਵਨ ਨੂੰ ਸੇਧ ਮਿਲਦੀ ਹੈ। ਸ਼ੰਘਰਸ਼ ਕਰਨ, ਹਾਲਾਤਾਂ ਨਾਲ ਲੜਨ ਦੀ ਸ਼ਕਤੀ ਕਿਤਾਬਾਂ ਤੋਂ ਹੀ ਮਿਲਦੀ ਹੈ ।ਵਿਦਿਆਰਥੀ ਵਰਗ ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਖ਼ਤਮ ਹੋ ਰਹੀ ਹੈ ।ਨੌਜਵਾਨ ਪੀੜ੍ਹੀ ਨੂੰ ਮੋਬਾਇਲ ਸੋਸ਼ਲ ਮੀਡੀਆ ਨੇ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ ।ਅੱਜ ਕੱਲ੍ਹ ਪੁਸਤਕਾਲਿਆਂ ਵਿੱਚ ਸੁੰਨਸਾਨ ਦੇਖੀ ਜਾ ਸਕਦੀ ਹੈ। ਪੜ੍ਹਨ ਦਾ ਰੁਝਾਨ ਵੀ ਇੰਟਰਨੈੱਟ ਵੱਲ ਹੋ ਗਿਆ ਹੈ ।ਅੱਜਕੱਲ੍ਹ ਆਨਲਾਈਨ ਪੜ੍ਹਾਈ ਕਰਨ ਦੇ ਬਹੁਤ ਸਾਰੇ ਸਾਧਨ ਹਨ । ਜਿਸ ਕਰਕੇ ਕਿਤਾਬਾਂ ਪੜ੍ਹਨ ਵੱਲੋਂ ਰੁਚੀ ਘਟ ਰਹੀ ਹੈ ।ਪਰ ਕਿਤਾਬਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਰਲ ਮਿਲ ਕੇ ਨਿੱਗਰ ਉਪਰਾਲਿਆਂ ਦੀ ਲੋੜ ਹੈ ।ਸਕੂਲਾਂ ਵਿੱਚ ਲਾਇਬਰੇਰੀ ਪੀਰੀਅਡ ਹੋਣੇ ਜ਼ਰੂਰੀ ਕੀਤੇ ਜਾਣੇ ਚਾਹੀਦੇ ਹਨ। ਸਕੂਲਾਂ ‘,ਕਾਲਜਾਂ, ਜਨਤਕ ਥਾਵਾਂ ਤੇ ਸੈਮੀਨਾਰ ਲਗਾ ਕੇ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ।ਕਿਤਾਬਾਂ ਦੇ ਮੁੱਲ ਘੱਟ ਨਿਸ਼ਚਿਤ ਕੀਤੇ ਜਾਣੇ ਚਾਹੀਦੇ ਹਨ ।ਮਾਪਿਆਂ ਨੂੰ ਕਿਤਾਬਾਂ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਆਪ ਹੀ ਰੁਚਿਤ ਹੋ ਜਾਵੇਗੀ ।
ਸੋ ਚੰਗਾ ਸਹਿਤ ਚੰਗੀਆਂ ਕਿਤਾਬਾਂ ਪੜ੍ਹੋ ਤੇ ਪਡ਼੍ਹਾਓ ਸਮਾਜ ਨੂੰ ਹੋਰ ਵੀ ਚੰਗਾ ਬਣਾਓ ਬਾਂ ਦੀ ਥਾਂ ਕਦੇ ਵੀ ਇੰਟਰਨੈੱਟ ਨਹੀਂ ਲੈ ਸਕਦਾ ਨਾ ਹੀ ਲੈ ਸਕਿਆ ਹੈ ਤੇ ਨਾ ਹੀ ਲੈ ਸਕੇ ਬੇਸ਼ੱਕ ਕਿਤਾਬਾਂ ਪੜ੍ਹਨ ਵੱਲ ਸਿਰਫ਼ ਪੁਰਾਣੀ ਪੀੜ੍ਹੀ ਦਾ ਹੀ ਰੁਝਾਨ ਹੈ। ਨਵੀਂ ਪੀੜ੍ਹੀ ਦਾ ਧਿਆਨ ਕਿਤਾਬਾਂ ਦੀ ਬਜਾਏ ਇੰਟਰਨੈੱਟ ਵੱਲ ਵਧ ਰਿਹਾ ਹੈ । ਇੰਟਰਨੈੱਟ ਕਦੇ ਵੀ ਕਿਤਾਬਾਂ ਦੀ ਥਾਂ ਨਹੀਂ ਲੈ ਸਕਦਾ ।ਸੋਸ਼ਲ ਮੀਡੀਆ ਤੇ ਸਮਾਂ ਬਿਤਾਉਣ ਦੀ ਬਜਾਏ ਕੁਝ ਘੰਟੇ ਕਿਤਾਬਾਂ ਪੜ੍ਹ ਲਈ ਰੱਖ ਲਏ ਜਾਣੇ ਚਾਹੀਦੇ ਹਨ ।
ਅੱਖਰਾਂ ਨਾਲ ਸਮਾਜ ਸਜਾਓ
ਘਰ ਘਰ ੪ ਕਿਤਾਬਾਂ ਲਿਆਓ
ਹਰ ਹੱਥ ਵਿੱਚ ਕਿਤਾਬ ਫੜਾਓ
ਸੋਹਣਾ ਹੋਰ ਸਮਾਜ ਬਣਾਓ