ਚੰਡੀਗੜ੍ਹ, (ਦਲਜੀਤ ਕੌਰ) – ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਅੱਜ ਤੋਂ ਪੰਜਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਅਤੇ ਡੀ ਟੀ ਐੱਫ ਦੇ ਖ਼ਦਸ਼ੇ ਅਨੁਸਾਰ ਪਹਿਲੇ ਦਿਨ ਪ੍ਰੀਖਿਆ ਸ਼ੁਰੂ ਤੋਂ ਪਹਿਲਾਂ ਪੂਰਨ ਅਫ਼ਰਾਤਫ਼ਰੀ ਦਾ ਮਾਹੌਲ ਰਿਹਾ। ਅੱਜ ਸਵੇਰੇ ਪਹਿਲਾਂ ਪੰਜਾਬ ਦੇ ਸਮੂਹ ਸੀ ਐੱਚ ਟੀ ਨੂੰ ਸਬੰਧਤ ਬੀ ਪੀ ਈ ਓ ਦਫ਼ਤਰਾਂ ਵਿਖੇ ਸੱਦਿਆ ਗਿਆ ਅਤੇ ਸੈਂਟਰ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਪ੍ਰਸ਼ਨ/ਉੱਤਰ ਪੱਤਰੀਆਂ ਉਨ੍ਹਾਂ ਹਵਾਲੇ ਕੀਤੀਆਂ ਗਈਆਂ। ਇਸ ਉਪਰੰਤ ਉਹ ਪ੍ਰਸ਼ਨ/ ਉੱਤਰ ਪੱਤਰੀਆਂ ਲੈ ਕੇ ਆਪਣੇ ਸੈਂਟਰ ਸਕੂਲ ਲੈ ਕੇ ਗਏ ਅਤੇ ਆਪਣੇ ਸਕੂਲ ਵਿੱਚ ਆਪਣੇ ਕੇਂਦਰ ਅਧੀਨ ਪੈਂਦੇ ਸਾਰੇ ਸਕੂਲਾਂ ਦੀ ਗਿਣਤੀ ਮੁਤਾਬਕ ਪ੍ਰਸ਼ਨ/ਉੱਤਰ ਪੱਤਰੀਆਂ ਦੇ ਬੰਡਲ ਬਣਾਏ। ਉੱਥੋਂ ਉਸ ਸੈਂਟਰ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਅਧਿਆਪਕ ਆਪਣੇ ਆਪਣੇ ਸਕੂਲਾਂ ਲਈ ਪ੍ਰਸ਼ਨ/ਉੱਤਰ ਪੱਤਰੀਆਂ ਲੈ ਕੇ ਆਪਣੇ ਸਕੂਲਾਂ ਨੂੰ ਗਏ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਪਿਛਲੇ ਸਾਲਾਂ ਵਿਚ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਂਦੀਆਂ ਸਨ ਪਰ ਇਸ ਵਾਰ ਇਹ ਪ੍ਰੀਖਿਆ ਐੱਸ.ਸੀ. ਈ. ਆਰ. ਟੀ. ਵੱਲੋਂ ਲਈ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਸਕੂਲ ਨੂੰ ਗਿਣਤੀ ਮੁਤਾਬਕ ਪੇਪਰ ਬੰਡਲ ਵਿੱਚ ਬੰਦ ਦਿੱਤੇ ਜਾਂਦੇ ਸਨ ਪਰ ਇਸ ਵਾਰ ਸੈਂਟਰ ਹੈੱਡ ਟੀਚਰ ਨੂੰ ਸੈਂਟਰ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਪੇਪਰ ਫੜਾ ਦਿੱਤੇ ਗਏ ਜਿੰਨ੍ਹਾਂ ਸਕੂਲਾਂ ਦੀ ਗਿਣਤੀ ਅਨੁਸਾਰ ਸਵੇਰੇ ਬੰਡਲ ਬਣਾਏ ਅਤੇ ਸਕੂਲਾਂ ਨੂੰ ਦਿੱਤੇ ਗਏ। ਇਹ ਸਾਰੀ ਪ੍ਰਕਿਰਿਆ ਸਵੇਰੇ 9 ਵਜੇ ਤੱਕ ਪੂਰੀ ਕਰਨ ਵਿੱਚ ਕਈ ਥਾਈਂ ਦਿੱਕਤਾਂ ਆਈਆਂ ਜਿਸ ਕਾਰਣ ਕੁਝ ਸਕੂਲਾਂ ਵਿੱਚ ਸਵੇਰੇ 9 ਵਜੇ ਤੱਕ ਪੇਪਰ ਸ਼ੁਰੂ ਨਹੀਂ ਹੋ ਸਕਿਆ। ਡੀਟੀਐੱਫ ਵੱਲੋਂ ਇਸ ਤਰ੍ਹਾਂ ਦਾ ਖਦਸ਼ਾ ਪਹਿਲਾਂ ਹੀ ਜ਼ਾਹਿਰ ਕੀਤਾ ਗਿਆ ਸੀ ਅਤੇ ਸੈਂਟਰ ਹੈੱਡ ਟੀਚਰ ਤੱਕ ਇੱਕ ਦਿਨ ਪਹਿਲਾਂ ਪ੍ਰਸ਼ਨ/ਉੱਤਰ ਪੱਤਰੀਆਂ ਪਹੁੰਚਾਉਣ ਦੀ ਮੰਗ ਕੀਤੀ ਗਈ ਸੀ।
ਡੀਟੀਐੱਫ ਦੇ ਸੂਬਾਈ ਮੀਤ ਪ੍ਰਧਾਨਾਂ ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ, ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਜਸਵਿੰਦਰ ਔਜਲਾ ਤੇ ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ ਮੁਕਤਸਰ, ਸੂਬਾਈ ਆਗੂਆਂ ਸੁਖਦੇਵ ਡਾਨਸੀਵਾਲ ਅਤੇ ਤਜਿੰਦਰ ਕਪੂਰਥਲਾ ਨੇ ਮੰਗ ਕੀਤੀ ਕਿ ਪ੍ਰਸ਼ਨ/ ਉੱਤਰ ਪੱਤਰੀਆਂ ਸੈਂਟਰ ਹੈੱਡ ਟੀਚਰ ਤੱਕ ਇੱਕ ਦਿਨ ਪਹਿਲਾਂ ਪੁੱਜਦੀਆਂ ਕੀਤੀਆਂ ਜਾਣ ਤਾਂ ਜੋ ਉਹ ਸਕੂਲਾਂ ਦੀ ਗਿਣਤੀ ਅਨੁਸਾਰ ਬੰਡਲ ਬਣਾ ਕੇ ਰੱਖ ਸਕੇ ਅਤੇ ਅਗਲੇ ਦਿਨ ਸਵੇਰੇ ਹੋਣ ਵਾਲੀ ਅਫ਼ਰਾਤਫ਼ਰੀ ਤੋਂ ਬਚਿਆ ਜਾ ਸਕੇ। ਆਗੂਆਂ ਨੇ ਇੰਨ੍ਹਾਂ ਪ੍ਰੀਖਿਆਵਾਂ ਵਿੱਚ ਨਿਗਰਾਨ ਡਿਊਟੀਆਂ ਇੰਟਰ ਸੈਂਟਰ ਨਾ ਲਾ ਕੇ ਸੈਂਟਰ ਦੇ ਅੰਦਰ ਅੰਦਰ ਲਗਾਉਣ ਦੀ ਮੰਗ ਨੂੰ ਵੀ ਦੁਹਰਾਇਆ।