Punjab

ਪੰਜਾਬੀ ਤੇ ਪੰਜਾਬੀਅਤ ਨਾਲ ਲਗਾਵ ਰੱਖਣ ਵਾਲੇ ਡਾ. ਰਿਆਜ਼ ਬਾਬਰ ਦਾ ਰੂਬਰੂ ਕਰਵਾਇਆ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਪ੍ਰੋਗਰਾਮ ਮੌਕੇ ਡਾ. ਹੀਰਾ ਸਿੰਘ ਫੁੱਲਾਂ ਦਾ ਗੁਲਦਸਤਾ ਡਾ. ਰਿਆਜ਼ ਬਾਬਰ ਨੂੰ ਭੇਂਟ ਕਰਕੇ ਸਵਾਗਤ ਕਰਦੇ ਹੋਏ ਨਾਲ ਡਾ. ਪਰਮਿੰਦਰ ਸਿੰਘ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੁਆਰਾ ਪੰਜਾਬੀ ਅਤੇ ਪੰਜਾਬੀਅਤ ਨਾਲ ਵਿਸ਼ੇਸ਼ ਲਗਾਵ ਰੱਖਣ ਵਾਲੇ ਡਾ. ਰਿਆਜ਼ ਬਾਬਰ ਦਾ ਰੂਬਰੂ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ’ਚ ਸਮਕਾਲੀ ਪੰਜਾਬੀ ਰੰਗਮੰਚ ਦੀ ਨਾਮਵਾਰ ਸਖਸ਼ੀਅਤ ਸ੍ਰੀ ਕੇਵਲ ਧਾਲੀਵਾਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਹੋਇਆ।

ਇਸ ਮੌਕੇ ਡਾ. ਹੀਰਾ ਸਿੰਘ ਨੇ ਆਏ ਹੋਏ ਮਹਿਮਾਨਾਂ ਸਬੰਧੀ ਜਾਣ-ਪਹਿਚਾਣ ਕਰਵਾਉਂਦਿਆਂ ਪ੍ਰੋਗਰਾਮ ਦੇ ਮੁੱਖ ਵਕਤਾ ਬਾਰੇ ਕਿਹਾ ਕਿ ਡਾ. ਰਿਆਜ਼ ਲਹਿੰਦੇ ਪੰਜਾਬ ਦੇ ਜੰਮਪਲ ਹਨ। ਉਨ੍ਹਾਂ ਰੁਜ਼ਗਾਰ ਦੀ ਭਾਲ ਵਿਚ ਕਈ ਸਾਲ ਪਹਿਲਾਂ ਅਮਰੀਕਾ ਦੀ ਧਰਤੀ ’ਤੇ ਪਰਵਾਸ ਧਾਰਨ ਕਰ ਲਿਆ ਸੀ ਅਤੇ ਉਥੇ ਉਹ ਲਗਭਗ ਪੰਜਾਹ ਸਾਲ ਇੱਕ ਡਾਕਟਰ ਅਤੇ ਮਨੋਵਿਗਿਆਨੀ ਵਜੋਂ ਕਾਰਜ ਕਰਨ ਦੇ ਨਾਲ-ਨਾਲ ਇੱਕ ਸਫਲ ਕਾਰੋਬਾਰੀ ਵੀ ਸਿੱਧ ਹੋਏ। ਪੰਜਾਬੀ ਭਾਸ਼ਾ ਨਾਲ ਵਿਸ਼ੇਸ਼ ਖਿੱਚ ਰੱਖਦੇ ਹਨ ਅਤੇ ਇਸੇ ਖਿੱਚ ਸਦਕਾ ਉਹ ਨਾਟ-ਰਚਨਾ ਰਾਹੀਂ ਪੰਜਾਬੀ ਸਾਹਿਤ ਜਗਤ ਨਾਲ ਜੁੜੇ ਹੋਏ ਹਨ।

ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਸਵਾਗਤੀ ਸ਼ਬਦਾਂ ’ਚ ਕਿਹਾ ਕਿ ਡਾ. ਰਿਆਜ਼ ਤਕਨੀਕੀ ਢੰਗ ਖਾਸਕਾਰ ਏ. ਆਈ. ਰਾਹੀਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਸਮਰਪਿਤ ਹਨ ਅਤੇ ਆਪਣੇ ਇਸ ਸਮਰਪਣ ਨਾਲ ਉਹ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੋਚ ਪ੍ਰਦਾਨ ਕਰਨ ਵੱਲ ਰੁਚਿਤ ਹਨ।

ਇਸ ਉਪਰੰਤ ਡਾ. ਬਾਬਰ ਨੇ ਕਿਹਾ ਕਿ ਉਹ ਪੰਜਾਬੀ ਭਾਸ਼ਾ ਵਿਚ ਲਿਖੀਆਂ ਗਈਆਂ ਪੁਰਾਣੀਆਂ ਕਿਤਾਬਾਂ, ਚਾਹੇ ਉਹ ਸ਼ਾਹਮੁਖੀ ਵਿਚ ਰਚੀਆਂ ਗਈਆਂ ਹਨ ਜਾਂ ਗੁਰਮੁਖੀ ਵਿਚ, ਨੂੰ ਡਿਜ਼ੀਟਾਈਜ਼ ਕਰਨ ਦੇ ਯਤਨ ਵਿਚ ਲੱਗੇ ਹੋਏ ਹਨ, ਜਿਸਦਾ ਮਕਸਦ ਇਹ ਹੈ ਕਿ ਦੋਹਾਂ ਪੰਜਾਬਾਂ ਦੇ ਬਾਸ਼ਿੰਦੇ ਬਿਨਾਂ ਕਿਸੇ ਰੁਕਾਵਟ ਦੇ ਏ.ਆਈ. ਦੀ ਮਦਦ ਨਾਲ ਉਹਨਾਂ ਕਿਤਾਬਾਂ ਨੂੰ ਆਸਾਨੀ ਨਾਲ ਪੜ੍ਹ ਸਕਣ। ਉਹਨਾਂ ਇਹ ਵੀ ਦੱਸਿਆ ਕਿ ਉਹ ਕੁਝ ਮਾਹਿਰਾਂ ਦੀ ਟੀਮ ਨਾਲ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਰਚਨਾਤਮਕਤਾ ਦੇ ਪੱਧਰ ਉਪਰ ਜੋੜਣ ਲਈ ਆਉਣ ਵਾਲੇ ਤਿੰਨ ਸਾਲਾਂ ਵਿਚ ’ਯੂਥ ਫੈਸਟੀਵਲ’ ਉਲੀਕ ਰਹੇ ਹਨ। ਆਪਣੇ ਇਸ ਯਤਨ ਅਧੀਨ ਉਹਨਾਂ ਮਾਰਚ, 2026 ਵਿਚ ਲਾਹੌਰ ਵਿਚ ਪਹਿਲਾ ਯੂਥ ਫੈਸਟੀਵਲ ਕਰਵਾਉਣ ਲਈ ਸਰਗਮ ਹਨ। ਇਸ ਫੈਸਟੀਵਲ ਦਾ ਮਕਸਦ ਨੌਜਵਾਨ ਪੀੜ੍ਹੀ ਦੀ ਸਿਰਜਨਾਤਮਕ ਸ਼ਕਤੀ ਨੂੰ ਉਘਾੜਣਾ ਅਤੇ ਉਹਨਾਂ ਵਿਚਲੀ ਸਰਹੱਦੀ ਨਫਰਤ ਨੂੰ ਖਤਮ ਕਰਕੇ ਆਪਸੀ ਸਾਂਝਾਂ ਨੂੰ ਵਧਾਉਣਾ ਦੱਸਿਆ। ਉਨ੍ਹਾਂ ਇਸ ਯਤਨ ਨੂੰ ਸਫਲਤਾ-ਪੂਰਵਕ ਨੇਪਰੇ ਚਾੜ੍ਹਣ ਲਈ ਵਿਦਿਆਰਥੀਆਂ ਨੂੰ ਆਪਣੇ ਰਾਇ ਅਤੇ ਵਿਚਾਰ ਬੇਝਿਜਕ ਸਾਂਝੇ ਕਰਨ ਲਈ ਕਿਹਾ। ਵਿਚਾਰ-ਵਟਾਂਦਰੇ ਦੌਰਾਨ ਉਹਨਾਂ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ ਨਾਲ ਜੁੜੇ ਸ਼ੰਕਿਆਂ ਦਾ ਨਿਵਾਰਣ ਵੀ ਕੀਤਾ ਅਤੇ ਵਿਚਾਰਾਂ ਸਾਂਝੇ ਕਰਨ ਲਈ ਧੰਨਵਾਦ ਵੀ ਕੀਤਾ।

ਇਸ ਮੌਕੇ ਸ੍ਰੀ ਧਾਲੀਵਾਲ ਨੇ ਡਾ. ਰਿਆਜ਼ ਦੀ ਚਰਚਾ ਨਾਲ ਜੋੜ ਕੇ ਹੀ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਾਕਿਸਤਾਨ ਅਤੇ ਭਾਰਤ ਵਿਚਲੀ ਸਰਹੱਦ ਅਤੇ ਇਸ ਸਦਕਾ ਪੈਦਾ ਹੋਈ ਸੌੜੀ ਰਾਜਨੀਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਆਪਣੇ ਦੁਆਰਾ ਕੀਤੇ ਯਤਨ ਦੀ ਉਦਾਹਰਨ ਦੇ ਕੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਦੀ ਕਰਵਾਈ ਜਾਂਦੀ ਸਾਂਝੀ ਵਰਕਸ਼ਾਪ ਇਸ ਗੱਲ ਦੀ ਗਵਾਹੀ ਹੈ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਵਿਚ ਇੱਕ-ਦੂਸਰੇ ਦੇ ਸੰਪਰਕ ਵਿਚ ਆਉਣ ਨਾਲ ਕਲਾ ਦੇ ਪੱਧਰ ਅਤੇ ਆਪਸੀ ਸਾਂਝਾਂ ਹੋਰ ਪਕੇਰੀਆਂ ਹੁੰਦੀਆਂ ਹਨ। ਅਜਿਹੀਆਂ ਸਾਂਝਾ ਜੀਵਨ ਨੂੰ ਹੋਰ ਵਧੀਆ ਬਣਾਉਂਦੀਆਂ ਹਨ।

ਸਮਾਗਮ ਦੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਕਾਲਜ ਦੀ ਰਵਾਇਤ ਅਨੁਸਾਰ ਕਾਲਜ ਦੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ। ਆਪਣੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਡਾ. ਰਿਆਜ਼ ਪੰਜਾਬੀ ਅਤੇ ਪੰਜਾਬੀਅਤ ਨੂੰ ਵਿਸ਼ਵ ਪੱਧਰ ਉਪਰ ਇੱਕ ਕਰਨ ਲਈ ਇੱਕ ਬਹੁਤ ਵੱਡੇ ਉਪਰਾਲੇ ਲਈ ਯਤਨਸ਼ੀਲ ਹਨ ਅਤੇ ਅਜਿਹੇ ਉੱਦਮ ਯਕੀਨਨ ਦੋਹਾਂ ਪੰਜਾਬਾਂ ਵਿਚਲੀਆਂ ਆਪਸੀ ਸਾਂਝਾਂ ਨੂੰ ਹੋਰ ਪੀਡਾ ਕਰਨਗੇ । ਉਹਨਾਂ ਡਾ. ਰਿਆਜ਼ ਨੂੰ ਭੱਵਿਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ. ਕੁਲਦੀਪ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਰਮਿੰਦਰ ਜੀਤ ਕੌਰ, ਪ੍ਰੋ. ਹਰਵਿੰਦਰ ਕੌਰ, ਡਾ. ਮੇਜਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਨੀਸ਼ ਕੁਮਾਰ, ਡਾ. ਚਿਰਜੀਵਨ ਕੌਰ, ਡਾ. ਅਮਨਦੀਪ ਕੌਰ, ਡਾ. ਰਾਜਦੀਪ ਸਿੰਘ ਸਿੱਧੂ, ਪ੍ਰੋ. ਮਨਪ੍ਰੀਤ ਸਿੰਘ ਵੀ ਹਾਜ਼ਰ ਸਨ।

Related posts

ਪੰਜਾਬ ਪੁਲਿਸ ਵਲੋਂ ਦੋ ਅੱਤਵਾਦੀ ਮਾਡਿਊਲਾਂ ਦੇ ਪਰਦਾਫਾਸ਼ ਦਾ ਦਾਅਵਾ !

admin

ਸੰਘਰਸ਼ ਤੇਜ਼ ਕਰਨ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਸੂਬਾਈ ਮੀਟਿੰਗ 23 ਨੂੰ

admin

ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ !

admin