Articles

ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਏ ਬਿਨਾਂ ਇਸ ਨੂੰ ਕੋਈ ਨਹੀਂ ਅਪਣਾਏਗਾ !

ਗਰਮੀਤ ਸਿੰਘ ਖਹਿਰਾ, ਲੋਕ ਸੰਪਰਕ ਵਿਭਾਗ ਚੰਡੀਗੜ

ਦੁਨੀਆ ਭਰ ਦੀਆਂ ਬਹੁਤ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਖਤਮ ਹੋਣ ਦਾ ਖਦਸ਼ਾ ਸੰਯੁਕਤ ਰਾਸ਼ਟਰ ਸੰਗਠਨ ਨੇ ਆਪਣੀ ਰਿਪੋਰਟ ਵਿਚ ਦਰਸਾਇਆ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਲ ਹੋਣ ਕਰ ਕੇ ਸਾਡੇ ਸਾਰਿਆਂ ਲਈ ਚਿੰਤਾ ਤੇ ਚਿੰਤਨ ਕਰਨ ਵਾਲੀ ਗੱਲ ਹੈ। ਪੰਜਾਬੀ ਭਾਸ਼ਾ ਦੇ ਇਤਿਹਾਸ ਜਾਂ ਇਸ ਦੀ ਅਮੀਰ ਵਿਰਾਸਤ ਬਾਰੇ ਗੱਲ ਕਰਨ ਦੀ ਬਜਾਏ ਇਸ ਨੂੰ ਆਉਣ ਵਾਲੇ ਸਮੇਂ ਵਿੱਚ ਬਚਾਉਣ ਲਈ ਕੀਤੇ ਜਾਣ ਵਾਲੇ ਯਤਨਾਂ ਬਾਰੇ ਅੱਜ ਗੱਲ ਕਰਾਂਗਾ।

ਪੰਜਾਬੀ ਭਾਸ਼ਾ ਬਾਰੇ ਤਾਂ ਗਾਹੇ-ਬਗਾਹੇ ਗੱਲ ਕੀਤੀ ਜਾਂਦੀ ਰਹੀ ਹੈ। ਰੋਜ਼ ਕਿਤੇ ਨਾ ਕਿਤੇ ਕੁਝ ਲਿਖਿਆ ਜਾ ਰਿਹਾ ਹੈ ਜਾਂ ਬੋਲਿਆ ਜਾ ਰਿਹਾ ਹੈ। ਇਸ ਬਾਰੇ ਤੌਖਲੇੇ ਯੂਨੀਵਰਸਿਟੀਆਂ ਦੇ ਸੈਮੀਨਾਰ ਜਾਂ ਅਖਬਾਰਾਂ ਵਿਚ ਨਿੱਤ ਪੇਸ਼ ਕੀਤੇ ਜਾ ਰਹੇ ਹਨ। ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸੈਮੀਨਾਰ ਕਰਵਾਏ ਜਾ ਰਹੇ ਹਨ ਪਰ ਬਹੁਤੇ ਵਿਦਵਾਨ ਪੰਜਾਬੀ ਨੂੰ ਖਤਮ ਹੋਣ ਬਾਰੇ ਚਿੰਤਾ ਤਾਂ ਜ਼ਾਹਿਰ ਕਰਨ ਵਿਚ ਆਪਣਾ ਬਹੁਤ ਯੋਗਦਾਨ ਪਾ ਰਹੇ ਹਨ ਪਰ ਪੰਜਾਬੀ ਨੂੰ ਵਿਕਸਤ ਕਰਨ ਜਾ ਬਚਾਉਣ ਲਈ ਬਣਦਾ ਯੋਗਦਾਨ ਨਹੀਂ ਪਾ ਰਹੇ।

ਮਾਂ ਬੋਲੀ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕਰਨ ਦੇ ਨਾਲ-ਨਾਲ ਇਸ ਨੂੰ ਬਚਉਣ ਅਤੇ ਵਿਕਸਾਤ ਕਰਨ ਲਈ ਉਠਾਏ ਜਾਣ ਵਾਲੇ ਕਦਮਾਂ ਬਾਰੇ ਬਹੁਤੀ ਗੱਲ ਕਰਨੀ ਬਣਦੀ ਹੈ। ਮੇਰਾ ਤਾਂ ਸਿਰਫ ਇੱਕੋ ਸਵਾਲ ਹੈ ਕਿ ਸਾਡੀ ਨਵੀਂ ਪੀੜੀ ਪੰਜਾਬੀ ਨੂੰ ਕਿਉਂ ਪੜੇ?

ਇਸੇ ਤਰਾਂ ਹੀ ਪਿਛੇ ਜਿਹੇ ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਕ ਗੁਰਦਾਸ ਮਾਨ ਦੇ ਪੰਜਾਬੀ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਉਸ ਖਿਲਾਫ ਬੜੀ ਭੜਾਸ ਕੱਢੀ ਪਰ ਕਿਸੇ ਨੇ ਗੁਰਦਾਸ ਮਾਨ ਨਾਲ ਸੰਵਾਦ ਰਚਾਉਣ ਜਾਂ ਉਸ ਵਲੋਂ ਦਿੱਤੇ ਬਿਆਨ ਬਾਰੇ ਉਸ ਸਫਾਈ ਲੈਣ ਦੀ ਪਹਿਲ ਨਹੀਂ ਕੀਤੀ। ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਪੰਜਾਬੀ ਪ੍ਰਤੀ ਉਸ ਦੇ ਬਿਆਨ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਪਰ ਮੈਂ ਇੱਥੇ ਸਿਰਫ ਇਹੋ ਕਹਿਣਾ ਚਾਹੁੰਦਾ ਹਾਂ ਕਿ ਗੁਰਦਾਸ ਮਾਨ ਨੇ ਤਾਂ ਆਪਣੀਆਂ ਫਿਲਮਾਂ ਵਿੱਚ ਗੀਤਾਂ ਜਾਂ ਕਿਸੇ ਨਾ ਕਿਸੇ ਹੋਰ ਰੂਪ ਵਿਚ ਪੰਜਾਬੀਆਂ ਨੂੰ ਰੁਜ਼ਗਾਰ ਦੇ ਥੋੜੇ ਬਹੁਤ ਮੌਕੇ ਪ੍ਰਦਾਨ ਕਰਵਾਏ ਹੋਣੇ ਆ ਪਰ ਜੋ ਉਸ ਦੇ ਖਿਲਾਫ ਝੰਡਾ ਚੁੱਕੀ ਫਿਰਦੇ ਹਨ ਉਨਾਂ ਨੇ ਪੰਜਾਬੀ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੀ ਕੀਤਾ। ਖੁਦ ਤਾਂ ਅਜਿਹੇ ਵਿਦਵਾਨਾਂ ਜਿਨਾਂ ਨੇ ਸਰਕਾਰੀ ਨੌਕਰੀ ਦੌਰਾਨ ਆਪਣੀ ਸ਼ੋਹਰਤ ਜਾਂ ਚਾਅ ਪੂਰਾ ਕਰਨ ਲਈ ਕਵਿਤਾ, ਨਾਵਲ ਜਾਂ ਹੋਰ ਕਿਤਾਬਾਂ ਵੀ ਲਿਖ ਲਈਆਂ ਪਰ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਲਈ ਕਿਸੇ ਨੇ ਕੁਝ ਨਹੀਂ ਕੀਤਾ। ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ।

ਇੱਥੇ ਇੱਕ ਵਿਸ਼ੇਸ਼ ਵਿਅਕਤੀ ਦਾ ਜ਼ਿਕਰ ਕਰਾਂਗਾ ਜੋ ਬਾਹਰਲੇ ਸੂਬੇ ਦਾ ਹੈ ਅਤੇ ਆਪਣੀ ਨੌਕਰੀ ਕਰਨ ਲਈ ਚੰਡੀਗੜ ਵਸਿਆ ਹੈ। ਉਸ ਨੂੰ ਜਿੱਥੇ ਮੌਕਾ ਲੱਗਦਾ ਹੈ, ਉਹ ਆਪਣੀ ਖਬਰ ਲਗਵਾਉਣ ਲਈ ਫੱਟਾ ਚੱਕ ਕੇ ਖੜਾ ਹੋ ਜਾਂਦਾ ਹੈ। ਇੱਕ ਦਿਨ ਵੈਸੇ ਹੀ ਰਾਹ ਜਾਂਦਿਆਂ ਮੈਨੂੰ ਉਸ ਨੂੰ ਇੱਕ ਬਜ਼ਾਰ ਵਿਚ ਮਿਲਣ ਦਾ ਮੌਕਾ ਮਿਲਿਆ ਤਾਂ ਮੈ ਸਹਿਜ ਸੁਭਾਅ ਹੀ ਉਸ ਨੂੰ ਪੱੁਛ ਲਿਆ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਖਬਰਾਂ ਲਗਵਾਉਂਦੇ ਰਹਿੰਦੇ ਹਨ ਪਰ ਉਹ ਪੰਜਾਬੀ ਨੂੰ ਕਿਉਂ ਬਚਾਉਣਾ ਚਾਹੰੁਦੇ ਹਨ ਜਾਂ ਉਨਾਂ ਵਲੋਂ ਪੰਜਾਬੀ ਨੂੰ ਬਚਾਉਣ ਲਈ ਖਬਰਾਂ ਲਗਵਾੳੇੁਣ ਤੋਂ ਇਲਾਵਾ ਕੀ ਕੀਤਾ ਜਾ ਰਿਹਾ ਹੈ। ਨਾਲ ਹੀ ਮੈਂ ਪੁੱਛ ਲਿਆ ਕਿ ਸਾਡੀ ਨਵੀਂ ਪੀੜੀ ਪੰਜਾਬੀ ਕਿਉਂ ਪੜੇ ਤਾਂ ਉਨਾਂ ਕੋਲ ਇਸ ਦੇ ਕੋਈ ਜਵਾਬ ਹੀ ਨਹੀਂ ਸੀ, ਬਲਕਿ ਉਹ ਕਹਿੰਦਾ ਮੈਂ ਤਾਂ ਕਦੇ ਇਸ ਬਾਰੇ ਸੋਚਿਆ ਹੀ ਨਹੀਂ।

ਅੱਜ ਕੱਲ ਇੱਕ ਹੋਰ ਸਾਈਨ ਬੋਰਡਾਂ ਨੂੰ ਲੈ ਕੇ ਬੜੇ ਲੋਕੀ ਪੰਜਾਬੀ ਬਚਾਉਣ ਦੀ ਹਾਲ ਦੁਹਾਈ ਪਾ ਰਹੇ ਹਨ, ਅਜਿਹਾ ਕਰਕੇ ਰਾਜਨੀਤੀ ਤਾਂ ਕੀਤੀ ਜਾ ਸਕਦੀ ਹੈ ਪਰ ਪੰਜਾਬੀ ਨੂੰ ਬਚਾਉਣ ਵਾਲੀ ਗੱਲ ਘੱਟ ਹੀ ਲਗਦੀ ਹੈ।

ਇਸ ਬਾਰੇ ਮੇਰਾ ਤਾਂ ਇੱਕੋ ਤਰਕ ਹੈ ਕਿ ਜੇ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਨਾ ਬਣਾਇਆ ਗਿਆ ਤਾਂ ਸੰਯੁਕਤ ਰਾਸ਼ਟਰ ਦੀ ਰਿਪੋਰਟ ਸਹੀ ਸਾਬਤ ਹੋ ਜਾਵੇਗੀ ਅਤੇ ਪੰਜਾਬੀ ਭਾਸ਼ਾ ਇਕ ਦਿਨ ਸੱਚੀਂ ਖਤਮ ਹੋ ਜਾਵੇਗੀ। ਰੁਜ਼ਗਾਰ ਦੀ ਭਾਸ਼ਾ ਬਣਾਏ ਬਿਨਾਂ ਇਸ ਨੂੰ ਕੋਈ ਨਹੀਂ ਅਪਣਾਏਗਾ। ਪੰਜਾਬੀ ਨੂੰ ਸਭ ਤੋਂ ਵੱਡਾ ਖੋਰਾ ਇਸ ਗੱਲ ਨੇ ਲਾਇਆ ਕਿ ਲੋਕਾਂ ਦੇ ਮਨਾਂ ਵਿਚ ਭਰਮ ਭੁਲੇਖੇ ਪੈਦਾ ਕਰਕੇ ਇਸ ਨੂੰ ਇੱਕ ਖਾਸ ਧਰਮ ਅਤੇ ਖਾਸ ਖਿੱਤੇ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ ਜਦੋਂ ਕਿ ਪੰਜਾਬੀ ਇੱਕ ਧਰਮ ਦੀ ਨਹੀਂ ਬਲਕਿ ਸਦੀਆਂ ਤੋਂ ਇੱਕ ਵੱਡੇ ਖੇਤਰ ਦੇ ਸਭ ਧਰਮਾਂ ਦੇ ਲੋਕਾਂ ਦੀ ਮਾਂ ਬੋਲੀ ਹੈ। ਪੰਜਾਬੀ ਨੂੰ ਖੋਰਾ ਲਾਉਣ ਲਈ ਸਭ ਤੋਂ ਵੱਡੀ ਖੇਡ ਮਰਦਮਸ਼ੁਮਾਰੀ ਵਿਚ ਪੰਜਾਬੀਆਂ ਨੂੰ ਇਹ ਪੁੱਛਣਾ ਕਿ ਤੁਹਾਡੀ ਮਾਤ ਭਾਸ਼ਾ ਕਿਹੜੀ ਹੈ, ਦਰਜ ਕਰਨ ਤੋਂ ਸ਼ੁਰੂ ਹੋਈ। ਇਸ ਤੋਂ ਪਹਿਲਾਂ ਵੱਡਾ ਪ੍ਰਚਾਰ ਹੋਇਆ ਕਿ ਇੱਕ ਖਾਸ ਧਰਮ ਦੇ ਲੋਕਾਂ ਦੇ ਮਨਾਂ ਵਿਚ ਜਬਰੀ ਵਸਾਇਆ ਗਿਆ ਕਿ ਹਿੰਦੀ ਭਾਸ਼ਾ ਹੀ ਉਨਾਂ ਦੀ ਮਾਤ ਭਾਸ਼ਾ ਹੈ। ਫਿਰ ਜਦੋਂ ਮਰਦਮਸ਼ੁਮਾਰੀ ਸ਼ੁਰੂ ਹੋਈ ਤਾਂ ਪੰਜਾਬੀਆਂ ਵਿਚ ਹਿੰਦੂ ਨੂੰ ਹਿੰਦੀ ਅਤੇ ਸਿੱਖ ਨੂੰ ਪੰਜਾਬੀ ਤੱਕ ਸੀਮਤ ਕਰਕੇ ਇੱਕ ਵੱਡੇ ਪਾੜੇ ਦਾ ਬੀਜ ਬੀਜ ਦਿੱਤਾ ਗਿਆ ਜਿਸ ਦਾ ਪਾੜਾ ਹੁਣ ਇਹ ਦਿਨੋ ਦਿਨ ਵਧਾ ਜਾ ਰਿਹਾ ਹੈ। ਪੰਜਾਬ ਵਿੱਚ ਹਰ ਪੰਜਾਬੀ ਦੀ ਲੜਾਈ, ਪਿਆਰ ਅਤੇ ਸਭਿਆਚਾਰ ਅਤੇ ਰੀਤੀ ਰਿਵਾਜ ਪੰਜਾਬੀ ਹਨ ਪਰ ਮਰਦਮਸ਼ੁਮਾਰੀ ਵਿਚਲੇ ਕਾਲਮ ਵਿਚ ਹਿੰਦੀ ਦਰਜ ਕਰਕੇ ਅੰਕੜਿਆਂ ਦੀ ਖੇਡ ਜਾਰੀ ਹੈ। ਇਸ ਅੰਕੜਿਆਂ ਨੂੰ ਇਕੱਠਾ ਕਰਨ ਤੋਂ ਬਾਅਦ ਇਹੋ ਗੱਲ ਕਹੀ ਜਾਵੇਗੀ ਕਿ ਮਾਂ ਬੋਲੀ ਪੰਜਾਬੀ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਪੰਜਾਬ ਵਿੱਚ ਵਸਦੇ ਹਰ ਧਰਮ ਨਾਲ ਸਬੰਧ ਰੱਖਣ ਵਾਲੇ ਪੰਜਾਬੀਆਂ ਨੂੰ ਸਮਝਣਾ ਹੋਵੇਗਾ ਕਿ ਖੁਦ ਹੀ ਪੰਜਾਬੀ ਮਾਂ ਬੋਲੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਵੱਡੀ ਢਾਹ ਲਾ ਰਹੇ ਹਨ।

ਇਸ ਤੋਂ ਬਾਅਦ ਸਿੱਖਿਆ ਦੇ ਨਿੱਜੀਕਰਨ ਦਾ ਵੱਡੇ ਪੱਧਰ ’ਤੇ ਸ਼ੁਰੂਆਤ ਹੋਈ। ਪਹਿਲ ਕੀਤੀ ਗਈ ਨਰਸਰੀ ਤੋਂ ਅੰਗਰੇਜ਼ੀ ਪੜਾਉਣ ਵਾਲੇ ਪ੍ਰਾਈਵੇਟ ਸਕੂਲਾਂ ਤੋਂ ਜਿਸ ਰਾਹੀਂ ਪੰਜਾਬੀ ਨੂੰ ਸਕੂਲਾਂ ਵਿੱਚ ਤੀਜੇ ਦਰਜੇ ਦੀ ਭਾਸ਼ਾ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜੇ ਬੱਚੇ ਇਨਾਂ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਸਨ, ਦਸਵੀਂ ਤੋਂ ਬਾਅਦ ਉਨਾਂ ਸਾਇੰਸ ਅਤੇ ਕਾਮਰਸ ਦੀ ਪੜਾਈ ਵਿਚ ਬਹੁਤ ਅਸਾਨੀ ਹੋਈ ਕਿਉਂਕਿ ਇਨਾਂ ਦਾ ਪੂਰਾ ਸਿਲੇਬਸ ਅੰਗਰੇਜ਼ੀ ਵਿਚ ਸੀ ਅਤੇ ਪੰਜਾਬੀ ਮਾਧਿਅਮ ਵਿਚ ਇਨਾਂ ਕੋਰਸਾਂ ਵਿਚ ਦਾਖਲੇ ਲੈਣ ਵਾਲੇ ਪਛੜ ਗਏ। ਇਸ ਤੋਂ ਅੱਗੇ ਚੱਲੀਏ ਤਾਂ ਤਕਨੀਕੀ ਜਾ ਇੰਜਨੀਅਰਿੰਗ ਦੇ ਥੋਕ ਦੇ ਭਾਅ ਵਿਚ ਖੁੱਲੇ ਅਦਾਰਿਆਂ ਨੇ ਤਾਂ ਪੰਜਾਬੀ ਨੂੰ ਨਕਾਰ ਹੀ ਦਿੱਤਾ, ਉਨਾਂ ਨੇ ਪੈਸੇ ਦੀ ਦੌੜ ਵਿਚ ਦਾਖਲੇ ਤਾਂ ਪੰਜਾਬੀ ਮਾਧਿਅਮ ਵਾਲਿਆਂ ਜਿੰਨਾਂ ਦੇ ਨੰਬਰ ਵੀ ਘੱਟ ਹੁੰਦੇ ਸਨ, ਨੂੰ ਘਰ ਘਰ ਜਾ ਕੇ ਕੀਤੇ, ਪਰ ਇਨਾਂ ਬੱਚਿਆਂ ਨੂੰ ਪੰਜਾਬੀ ਵਿਚ ਪਾਠਕ੍ਰਮ ਉਪਲੱਬਧ ਨਹੀਂ ਕਰਵਾਇਆ ਜਿਸ ਕਾਰਨ ਜਾਂ ਤਾਂ ਬੱਚੇ ਫੇਲ ਹੋਣ ਲੱਗੇ ਜਾਂ ਅੱਧ ਵਿਚਾਲਿਓ ਪੜਾਈ ਛੱਡ ਗਏ।

ਪੰਜਾਬੀ ਦਾ ਵੱਡਾ ਨੁਕਸਾਨ ਕਰਨ ਵਿੱਚ ਪੰਜਾਬੀ ਦੇ ਵਿਦਵਾਨਾਂ, ਅਧਿਆਪਕਾਂ ਅਤੇ ਪ੍ਰੋਫੈਸਰਾਂ ਨੇ ਵੀ ਵੱਡੀ ਨਕਰਾਤਮਕ ਭੂਮਿਕਾ ਨਿਭਾਈ ਕਿਉਂਕਿ ਉਨਾਂ ਖੁਦ ਨੂੰ ਸਿਰਫ ਆਪਣੀ ਨੌਕਰੀ ਦਾ ਸਾਧਨ ਹੀ ਪੰਜਾਬੀ ਨੂੰ ਬਣਾਇਆ ਪਰ ਕਦੇ ਵੀ ਪੰਜਾਬੀ ਦੇ ਪਹਿਰੇਦਾਰ ਨਹੀਂ ਬਣੇ। ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਆਪਣੀ ਅਗਲੀ ਪੀੜੀ ਨੂੰ ਪੰਜਾਬੀ ਨਾਲ ਜੋੜ ਕੇ ਰੱਖਿਆ ਹੋਵੇ ਜਾਂ ਆਪਣੇ ਬੱਚਿਆਂ ਨੂੰ ਪੰਜਾਬੀ ਵਿਚ ਹੀ ਆਪਣਾ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਹੋਵੇ। ਉਹ ਹਰ ਮੰਚ ’ਤੇ ਪੰਜਾਬੀ ਨੂੰ ਬਚਾਉਣ ਲਈ ਫੋਕੀ ਬਿਆਨਬਾਜ਼ੀ ਤਾਂ ਕਰਦੇ ਰਹ ਹਨੇ ਪਰ ਕਦੇ ਵੀ ਇਨਾਂ ਲੋਕਾਂ ਨੇ ਪੰਜਾਬੀ ਵਿਚ ਉੱਚੇਰੀ ਸਿੱਖਿਆ ਦਾ ਪਾਠਕ੍ਰਮ ਖਾਸ ਕਰ ਵਿਗਿਆਨ, ਡਾਕਟਰੀ, ਕਾਨੂੰਨ, ਵਪਾਰ, ਇੰਜਨੀਅਰਿੰਗ ਅਤੇ ਤਕਨੀਕੀ ਸਿੱਖਿਆ ਵਰਗੇ ਵਿਸ਼ਿਆਂ ਵਿਚ ਮੁਹੱਈਆ ਕਰਨ ਵਿੱਚ ਆਪਣਾ ਫਰਜ਼ ਨਹੀਂ ਨਿਭਾਇਆ। ਇਹੋ ਕਾਰਨ ਹੈ ਕਿ ਹਰ ਪੰਜਾਬੀ ਨੇ ਆਪਣੇ ਬੱਚਿਆਂ ਨੂੰ ਮਜਬੂਰੀ ਵੱਸ ਪਹਿਲੀ ਜਮਾਤ ਤੋਂ ਅੰਗਰੇਜ਼ੀ ਸਕੂਲਾਂ ਵਿਚ ਦਾਖਲੇ ਦਿਵਾਉਣੇ ਸ਼ੁਰੂ ਕਰ ਦਿੱਤੇ ਅਤੇ ਪੰਜਾਬੀ ਪਛੜਦੀ ਚਲੀ ਗਈ। ਸਰਕਾਰੀ ਸਕੂਲ਼ਾਂ ਦੇ ਬਹੁਤੇ ਬੱਚੇ 10 ਜਾਂ 12 ਤੋਂ ਬਾਅਦ ਉੱਚੇਰੀ ਸਿੱਖਿਆ ਖਾਸ ਕਰ ਡਾਕਟਰੀ, ਸਾਇੰਸ, ਕਾਮਰਸ, ਇੰਜਨੀਅਰਿੰਗ ਅਤੇ ਤਕਨੀਕੀ ਸਿੱਖਿਆ ਹਾਸਿਲ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਕਿਉੇਂਕਿ ਉੱਚੇਰੀ ਸਿੱਖਿਆ ਦਾ ਪਾਠਕ੍ਰਮ ਪੰਜਾਬੀ ਵਿਚ ਉਪਲੱਬਧ ਹੀ ਨਹੀਂ। ਅਜਿਹੇ ਵਿੱਚ ਤਾਂ ਪੰਜਾਬੀ ਮਾਧਿਅਮ ਵਾਲੇ ਬੱਚੇ ਪੜਾਈ ਅੱਧ ਵਿਚਾਲਿਓ ਛੱਡ ਜਾਂਦੇ ਹਨ ਜਾਂ ਜਿਨਾਂ ਨੂੰ ਦਾਖਲਾ ਮਿਲ ਜਾਵੇ ਉਹ ਫੇਲ ਹੋ ਜਾਂਦੇ ਹਨ। ਇਸ ’ਤੇ ਬਲਦੀ ਦਾ ਤੇਲ ਨਕਰਤਾਮਕ ਸੋਚ ਵਾਲੇ ਨੀਤੀ ਘਾੜਿਆਂ ਨੇ ਪਾਇਆ ਜਿਨਾਂ ਨੇ ਮੌਕੇ ਦੇ ਹਾਕਮਾਂ ਨੂੰ ਹਰ ਵਕਤ ਇਹੋ ਜਤਾਇਆ ਕਿ ਉੱਚੇਰੀ ਸਿੱਖਿਆ ਦਾ ਪਾਠਕ੍ਰਮ ਪੰਜਾਬੀ ਵਿਚ ਤਿਆਰ ਕਰਵਾਉਣਾ ਸੰਭਵ ਹੀ ਨਹੀਂ। ਅਜਿਹਾ ਇਸ ਕਰਕੇ ਵੀ ਹੈ ਕਿ ਖੁਦ ਨੀਤੀ ਘਾੜਿਆਂ ਵਿਚੋਂ ਬਹੁਤਿਆਂ ਦੀ ਮਾਂ ਬੋਲੀ ਪੰਜਾਬੀ ਨਹੀਂ ਜਿਸ ਕਾਰਨ ਉਨਾਂ ਦਾ ਪੰਜਾਬੀ ਮਾਂ ਬੋਲੀ ਨਾਲ ਕੋਈ ਮੋਹ ਹੀ ਨਹੀਂ ਹੁੰਦਾ।

ਜੇਕਰ ਰੂਸੀ, ਚੀਨੀ ਜਾਂ ਫਰੈਂਚ ਭਾਸ਼ਾ ਵਿਚ ਸਾਰੀ ਉੱਚੇਰੀ ਸਿੱਖਿਆ ਤਿਆਰ ਕਰਕੇ ਪੜਾਈ ਜਾ ਸਕਦੀ ਹੀ ਤਾਂ ਪੰਜਾਬੀ ਵਿਚ ਕਿਉਂ ਨਹੀਂ, ਲੋੜ ਤਾਂ ਸਿਰਫ ਸਵੈ-ਇੱਛਾ ਦੀ ਹੈ। ਇਸ ਦੇ ਨਾਲ ਹੀ ਇਹ ਦੱਸਣਾ ਉੱਚਿਤ ਹੋਵੇਗਾ ਕਿ ਬਹੁਤ ਸਾਰੀਆਂ ਵਿਗਿਆਨ ਦੀਆਂ ਖੋਜਾਂ ਅੰਗਰੇਜ਼ੀ ਦੀ ਬਜਾਏ ਫਰੈਂਚ, ਰੂਸੀ ਜਾਂ ਦੁਨੀਆਂ ਦੀਆਂ ਹੋਰਨਾਂ ਭਾਸ਼ਾਵਾਂ ਦੇ ਲੋਕਾਂ ਵੱਲੋਂ ਆਪਣੀਆਂ ਮਾਤ ਭਾਸ਼ਾਵਾਂ ਵਿੱਚ ਕੀਤੀਆਂ ਹੋਈਆਂ ਹਨ ਜਦੋਂ ਕਿ ਅੰਗਰੇਜ਼ੀ ਵਿਚ ਤਾਂ ਉਨਾਂ ਦਾ ਅਨੁਵਾਦ ਹੀ ਕੀਤਾ ਗਿਆ ਹੈ।

ਪੰਜਾਬੀ ਭਾਸ਼ਾ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਰਕਾਰੀ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਵਿਚ ਵੀ ਪੈਦਾ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਹਰ ਬੈਂਕ, ਹਸਪਤਾਲ, ਵਿਦਿਅਕ ਸੰਸਥਾਵਾਂ, ਉਦਯੋਗ, ਹੋਟਲ, ਅਦਾਲਤਾਂ, ਟੈਲੀ ਕਾਲਿੰਗ ਅਤੇ ਮੋਬਾਈਲ ਕੰਪਨੀਆਂ ਆਦਿ ਵਿਚ ਪੰਜਾਬੀ ਵਿਚ ਹਰ ਸਹੂਲਤ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ ਜਿਸ ਨਾਲ ਹਜ਼ਾਰਾਂ ਰੋਜ਼ਗਾਰ ਪੈਦਾ ਹੋਣਗੇ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲਿਆਂ ਨੂੰ ਨੌਕਰੀਆਂ ਮਿਲਣਗੀਆਂ।

ਪੰਜਾਬੀ ਬੋਲੀ ਦੀ ਨੀਂਹ ਸਾਡੇ ਮਹਾਨ, ਗੁਰੂਆਂ, ਫਕੀਰਾਂ-ਪੀਰਾਂ ਵੱਲੋਂ ਰੱਖੀ ਗਈ ਹੈ। ਬਾਬਾ ਨਾਨਕ, ਸ਼ੇਖ ਫਰੀਦ, ਬੁੱਲੇ ਸ਼ਾਹ ਦੀ ਇਹ ਪੰਜਾਬੀ ਬੋਲੀ ਦੀਆਂ ਜੜਾਂ ਬਹੁਤ ਡੂੰਘੀਆਂ ਹਨ ਜਿਸ ਦੀ ਮਜ਼ਬੂਤ ਨੀਂਹ ਉਤੇ ਉਸਰੇ ਮਾਂ ਬੋਲੀ ਦੇ ਬੂਟੇ ਨੂੰ ਜੇਕਰ ਹੋਰ ਘਣਛਾਵਾਂ ਕਰਨਾ ਹੈ ਤਾਂ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣਾ ਸਮੇਂ ਦੀ ਲੋੜ ਹੈ ਨਹੀਂ ਤਾਂ ਇਹ ਜੜ ਪੁੱਟੀ ਜਾਵੇਗੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin