Punjab

ਪੰਜਾਬੀ ਸਾਹਿਤ ਸਭਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਇਨਾਮ ਵੰਡ ਸਮਾਰੋਹ ਮੌਕੇ ਪਿ੍ਰੰਸੀਪਲ ਡਾ. ਆਤਮ ਸਿੰਘ ਰੰਧਾਵਾ ਮੁੱਖ ਮਹਿਮਾਨ ਵਜੋਂ ਪੁੱਜੇ ਸ. ਗੁਰਪ੍ਰੀਤ ਸਿੰਘ ਮਿੰਟੂ ਨੂੰ ਪੌਦਾ ਭੇਂਟ ਕਰਕੇ ਸਵਾਗਤ ਕਰਦੇ ਹੋਏ ਨਾਲ ਹੋਰ ਸਟਾਫ਼।

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਸਾਹਿਤ ਸਭਾ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਅਗਵਾਈ ’ਚ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਅਤੇ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ਼ ਡਾ. ਹੀਰਾ ਸਿੰਘ ਅਤੇ ਡਾ. ਮਿਨੀ ਸਲਵਾਨ ਦੁਆਰਾ ਆਯੋਜਿਤ ਸੈਮੀਨਾਰ ’ਚ ਮੁੱਖ ਮਹਿਮਾਨ ਵਜੋਂ ‘ਮਨੁੱਖਤਾ ਦੀ ਸੇਵਾ ਸੁਸਾਇਟੀ’ ਦੇ ਸੰਸਥਾਪਕ ਸ. ਗੁਰਪ੍ਰੀਤ ਸਿੰਘ ਮਿੰਟੂ ਨੇ ਸ਼ਿਰਕਤ ਕੀਤੀ।

ਸਮਾਗਮ ਦੀ ਸ਼ੁਰੂਆਤ ’ਚ ਪ੍ਰਿੰ: ਡਾ. ਰੰਧਾਵਾ ਨੇ ਵਿਭਾਗ ਦੇ ਸਟਾਫ਼ ਨਾਲ ਮਿਲ ਕੇ ਸ: ਮਿੰਟੂ ਨੂੰ ਪੌਦੇ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਅਜੋਕੇ ਸਮੇਂ ’ਚ ਪੂੰਜੀਵਾਦੀ ਸੋਚ ਨੇ ਮਨੁੱਖ ਨੂੰ ਸੁਵਾਰਥੀ ਅਤੇ ਭਾਵਨਾਹੀਣ ਬਣਾ ਦਿੱਤਾ ਹੈ, ਅਜਿਹੇ ਹਲਾਤਾਂ ’ਚ ਸ: ਮਿੰਟੂ ਨਿਰਸੁਵਾਰਥ ਸੇਵਾ ਦਾ ਪੁੰਜ ਬਣ ਕੇ ਮੌਜੂਦਾ ਪੀੜ੍ਹੀ ਲਈ ਪ੍ਰੇਰਨਾ ਸ੍ਰੋਤ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਰਤਮਾਨ ਸਮੇਂ ’ਚ ਅਸੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਵਿਸਾਰ ਰਹੇ ਹਾਂ। ਬਜ਼ੁਰਗਾਂ ਦਾ ਮਾਣ ਅਤੇ ਸਨਮਾਨ ਸਾਡੀ ਵਿਰਾਸਤ ਦਾ ਅਹਿਮ ਹਿੱਸਾ ਰਿਹਾ ਹੈ ਜੋ ਵਰਤਮਾਨ ਸਮੇਂ ’ਚ ਲੁਪਤ ਹੋ ਰਿਹਾ ਹੈ। ਡਾ. ਰੰਧਾਵਾ ਨੇ ਕਿਹਾ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਵਿਰਸੇ ਦੀਆਂ ਬਹੁਮੁੱਲੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਇਹਨਾਂ ਦੀ ਪਾਲਣਾ ਕਰੀਏ ਤਾਂ ਜੋ ਨਿਰੋਏ ਸਮਾਜ ਦੀ ਮੁੜ-ਸਿਰਜਨਾ ਹੋ ਸਕੇ।

ਇਸ ਮੌਕੇ ਸ: ਮਿੰਟੂ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਨੁੱਖਤਾ ਪ੍ਰਤੀ ਸੇਵਾ ਭਾਵਨਾ ਅਤੇ ਸਮਰਪਣ ਦਾ ਪ੍ਰੇਰਨਾ-ਸ੍ਰੋਤ ਭਗਤ ਪੂਰਨ ਸਿੰਘ ਹਨ। ਉਨ੍ਹਾਂ ਨੇ ਭਗਤ ਪੂਰਨ ਸਿੰਘ ਦੀ ਜਿੰਦਗੀ ਅਤੇ ਉਨ੍ਹਾਂ ਦੇ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਯਾਦ ਕਰਦਿਆਂ ਉਹਨਾਂ ਦੀ ਵੱਡਮੁੱਲੀ ਸ਼ਖ਼ਸੀਅਤ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦਾ ਮਾਣ ਸਨਮਾਨ ਕਰਨਾ ਹਰੇਕ ਮਨੁੱਖ ਦਾ ਇਖ਼ਲਾਕੀ ਫਰਜ਼ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ  ਅਸੀਂ ਆਪਣੇ ਫ਼ਰਜ਼ਾਂ ਤੋਂ ਕੰਨੀ ਕਤਰਾ ਰਹੇ ਹਾਂ। ਆਲੇ-ਦੁਆਲੇ ਹੋ ਰਹੇ ਅਣਮਨੁੱਖੀ ਵਰਤਾਰਿਆਂ ਪ੍ਰਤੀ ਅਣਗਹਿਲੀ ਵਰਤਦੇ ਹੋਏ ਅਸੀਂ ਓਨੇ ਹੀ ਦੋਸ਼ੀ ਸਾਬਿਤ ਹੋ ਜਾਂਦੇ ਹਾਂ ਜਿੰਨਾ ਕਿਸੇ ਉਤੇ ਜ਼ੁਲਮ ਕਰਨ ਵਾਲਾ ਹੁੰਦਾ ਹੈ। ਸੁਆਰਥ ਦੀ ਭਾਵਨਾ ਨੇ ਮਨੁੱਖ ਨੂੰ ਨੈਤਿਕ ਕਦਰਾਂ ਕੀਮਤਾਂ ਤੋਂ ਕੋਰਾ ਕਰ ਦਿੱਤਾ ਹੈ। ਸਮਾਜ ’ਚ ਬਜ਼ੁਰਗਾਂ ਦੀ ਹੋ ਰਹੀ ਬੇਹੁਰਮਤੀ ਅਤੇ ਲਾਚਾਰੀ ਦਾ ਕਾਰਨ ਅਸੀਂ ਖੁਦ ਆਪ ਹਾਂ। ਜਦ ਤੱਕ ਮਨੁੱਖ ਦੀ ਲਾਲਚੀ ਭਾਵਨਾ ਦਾ ਤਿਆਗ ਨਹੀਂ ਹੋ ਜਾਂਦਾ ਉਦੋਂ ਤੱਕ ਉਸ ਵਿਚ ਦੂਸਰਿਆਂ ਲਈ ਜੀਣ ਅਤੇ ਸੋਚਣ ਦਾ ਸੰਕਲਪ ਪੈਦਾ ਨਹੀਂ ਹੋ ਸਕਦਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ’ਚ ਹੋ ਰਹੇ ਵਿਭਿੰਨ ਪ੍ਰਕਾਰ ਦੇ ਅਨਿਆਂ ਅਤੇ ਉਨ੍ਹਾਂ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਇਨ੍ਹਾਂ ਦੇ ਹੱਲ ਪ੍ਰਤੀ ਜਾਗਰੂਕ ਕਰਵਾਇਆ।

ਇਸ ਮੌਕੇ ਸਾਹਿਤ ਸਭਾ ਦੁਆਰਾ ਪੂਰੇ ਸਾਲ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚੋਂ ਕਹਾਣੀ-ਰਚਨਾ ਮੁਕਾਬਲੇ ’ਚੋਂ ਸਾਹਿਬਜੀਤ, ਜੋਬਨਪ੍ਰੀਤ ਕੌਰ, ਨਿਕੀਤਾ, ਕਵਿਤਾ ਰਚਨਾ ਮੁਕਾਬਲੇ ’ਚੋਂ ਮਾਨਵੀ ਸ਼ਰਮਾ, ਹਰਤੇਗਬੀਰ ਸਿੰਘ, ਸਾਹਿਬਜੀਤ ਸਿੰਘ, ਸੁੰਦਰ-ਲਿਖਤ ਮੁਕਾਬਲੇ ’ਚੋਂ ਨੇਹਾਪ੍ਰੀਤ ਕੌਰ, ਮਹਿਕਦੀਪ ਕੌਰ, ਅਮਨਜੋਤ ਕੌਰ, ਪੋਸਟਰ ਮੇਕਿੰਗ ਮੁਕਾਬਲੇ ’ਚੋਂ ਹਰਮਨਦੀਪ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਤੀਜਾ ਸਥਾਨ ਹਾਸਲ ਕੀਤਾ। ਵੱਖ-ਵੱਖ ਸਮਿਆਂ ’ਚ ਆਯੋਜਿਤ ਕੀਤੇ ਗਏ ਇਨ੍ਹਾਂ ਮੁਕਾਬਲਿਆਂ ’ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸ. ਗੁਰਪ੍ਰੀਤ ਸਿੰਘ ਮਿੰਟੂ ਅਤੇ ਸਮੂਹ ਸਟਾਫ਼ ਦੁਆਰਾ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ।

ਸਮਾਗਮ ਮੌਕੇ ਡਾ. ਪਰਮਿੰਦਰ ਸਿੰਘ ਨੇ ਪ੍ਰਿੰ: ਡਾ. ਰੰਧਾਵਾ, ਸ: ਮਿੰਟੂ ਦਾ ਉਚੇਚੇ ਤੌਰ ’ਤੇ ਸ਼ਿਰਕਤ ਕਰਨ ਅਤੇ ਵੱਖ-ਵੱਖ ਅਧਿਆਪਕਾਂ, ਵਿਦਿਆਰਥੀਆਂ ਤੇ ਹੋਰਨਾਂ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਡਾ. ਹੀਰਾ ਸਿੰਘ ਦੁਆਰਾ ਬਾਖ਼ੂਬੀ ਨਿਭਾਇਆ ਗਿਆ। ਇਸ ਮੌਕੇ ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਰਮਿੰਦਰਜੀਤ ਕੌਰ, ਡਾ. ਮੇਜਰ ਸਿੰਘ, ਡਾ. ਚਿਰਜੀਵਨ ਕੌਰ, ਡਾ. ਮਨੀਸ਼ ਕੁਮਾਰ, ਡਾ. ਅਮਾਨਤ ਮਸੀਹ, ਪ੍ਰੋ. ਮਨਪ੍ਰੀਤ ਸਿੰਘ, ਡਾ. ਨਵਜੋਤ ਕੌਰ, ਡਾ. ਸੰਦੀਪ ਕੌਰ, ਡਾ. ਰਾਜਦੀਪ ਸਿੰਘ, ਡਾ. ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।

Related posts

540 ਕਿਲੋਮੀਟਰ ਸੜਕਾਂ ਦੀ ਮੁਰੰਮਤ ਸਿਰਫ਼ ਕਾਗਜ਼ਾਂ ‘ਤੇ ਹੀ ਹੋਈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਪਹਿਲਗਾਮ ਹਮਲੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਤੇ ਹਿੰਦੂਆਂ ਦੀ ਰੱਖਿਆ ਲਈ ਅਰਦਾਸ !

admin

ਸਿੱਧੂ ਮੂਸੇਵਾਲਾ ਕਤਲਕਾਂਡ: ਅਦਾਲਤ ਵਲੋਂ ਗੈਂਗਸਟਰ ਦੀਪਕ ਟੀਨੂ ਤੇ ਸਬ-ਇੰਸਪੈਕਟਰ ਨੂੰ ਸਜ਼ਾ

admin