ਗੋਇਲ ਨੂੰ ਨਾਨਕ ਸਿੰਘ, ਪਲਾਹੀ ਨੂੰ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਕਜ਼ਾਕ ਨੂੰ ਵਿਰਕ, ਨੂਰਪੁਰ ਨੂੰ ਸਾਧੂ ਦਇਆ ਸਿੰਘ ਆਰਫ਼ ਐਵਾਰਡ ਦਿੱਤਾ ਗਿਆ
ਫਗਵਾੜਾ – ਇਕਜੁੱਟ ਪੰਜਾਬ ਦੀ ਵਿਰਾਸਤ ਤੇ ਸਭਿਆਚਾਰ ਦੀ ਸੇਵਾ ਵਿਚ ਸੰਜੀਦਗੀ ਨਾਲ ਜੁਟੀ ਸੰਸਥਾ ‘ਪੰਜਾਬੀ ਸੱਥ’ ਵੱਲੋਂ ਡਾ. ਨਿਰਮਲ ਸਿੰਘ ਜੀ ਦੀ ਰਹਿਨੁਮਾਈ ਹੇਠ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਲਾਂਬੜਾ ਵਿਖੇ ਪੰਜਾਬੀ ਸੱਥ ਦੀ 25ਵੀਂ ਵਰ੍ਹੇਵਾਰ ਪਰ੍ਹਿਆ ਵਿਚ 25 ਆਦਰਯੋਗ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਡਾ. ਰਤਨ ਸਿੰਘ ਜੱਗੀ ਨੂੰ ਭਾਈ ਵੀਰ ਸਿੰਘ, ਡਾ. ਜੰਗ ਬਹਾਦਰ ਗੋਇਲ ਨੂੰ ਨਾਨਕ ਸਿੰਘ ਨਾਵਲਕਾਰ, ਦਰਸ਼ਨ ਲਾਲ ਕੰਬੋਜ ਉਰਫ ਬਿੱਟੂ ਲਹਿਰੀ ਨੂੰ ਪ੍ਰਿ. ਤਰਲੋਚਨ ਸਿੰਘ ਭਾਟੀਆ, ਡਾ. ਪੰਡਿਤ ਰਾਓ ਧਰੇਨਵਰ ਨੂੰ ਭਾਈ ਨੰਦ ਲਾਲ ਗੋਇਆ, ਗੁਰਮੀਤ ਸਿੰਘ ਪਲਾਹੀ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ, ਜਨਾਬ ਨੂਰ ਮੁਹੰਮਦ ਨੂਰ ਨੂੰ ਜਨਾਬ ਅੱਲਾ ਯਾਰ ਖਾਂ ਜੋਗੀ, ਡਾ. ਬੀਬੀ ਇਕਬਾਲ ਕੌਰ ਸੌਂਦ ਨੂੰ ਬੀਬੀ ਅਫ਼ਜ਼ਲ ਤੌਸੀਫ਼, ਗੁਰਚਰਨ ਸਿੰਘ ਨੂਰਪੁਰ ਨੂੰ ਸਾਧੂ ਦਇਆ ਸਿੰਘ ਆਰਫ਼, ਕਮਾਂਡੋਰ ਗੁਰਨਾਮ ਸਿੰਘ ਨੂੰ ਐਸ. ਐਸ. ਚਰਨ ਸਿੰਘ ਸ਼ਹੀਦ, ਬੀਬੀ ਨਸੀਬ ਕੌਰ ਉਦਾਸੀ ਨੂੰ ਬੀਬੀ ਦੀਪ ਕੌਰ ਤਲਵਣ, ਹਰਭਜਨ ਸਿੰਘ ਬਾਜਵਾ ਨੂੰ ਸੋਭਾ ਸਿੰਘ-ਚਿਤਰਕਾਰ, ਕਿਰਪਾਲ ਕਜ਼ਾਕ ਨੂੰ ਕੁਲਵੰਤ ਸਿੰਘ ਵਿਰਕ, ਰਾਜ ਕੁਮਾਰ ਸ਼ਰਮਾ ਨੂੰ ਸਰੂਪ ਸਿੰਘ ਅਲੱਗ, ਆਸ਼ੀ ਈਸਪੁਰੀ ਨੂੰ ਨੰਦ ਲਾਲ ਨੂਰਪੁਰੀ, ਸੁਰਿੰਦਰ ਕੌਰ ਨੀਰ ਨੂੰ ਅਜੀਤ ਕੌਰ, ਢਾਡੀ ਮੇਜਰ ਸਿੰਘ ਖਾਲਸਾ ਨੂੰ ਗਿਆਨੀ ਸੋਹਣ ਸਿੰਘ ਸੀਤਲ, ਤਰਸੇਮ ਚੰਦ ਭੋਲਾ ਕਲਹਿਰੀ ਨੂੰ ਮਹਿੰਦਰ ਸਿੰਘ ਰੰਧਾਵਾ, ਕਵੀਸ਼ਰ ਹਰਦੇਵ ਸਿੰਘ ਲਾਲ ਬਾਈ ਨੂੰ ਜਨਾਬ ਬਾਬੂ ਰਜਬ ਅਲੀ, ਡਾ. ਰਾਮ ਮੂਰਤੀ ਨੂੰ ਲਾਲਾ ਧਨੀ ਰਾਮ ਚਾਤ੍ਰਿਕ, ਸਵਰਨ ਸਿੰਘ ਟਹਿਣਾ ਨੂੰ ਗੁਰਨਾਮ ਸਿੰਘ ਤੀਰ, ਨਬੀਲਾ ਰਹਿਮਾਨ ਨੂੰ ਦਲੀਪ ਕੌਰ ਟਿਵਾਣਾ, ਨਿੰਦਰ ਘੁਗਿਆਣਵੀ ਨੂੰ ਦਵਿੰਦਰ ਸਤਿਆਰਥੀ, ਵੀਰਪਾਲ ਕੌਰ/ ਪਵਨਦੀਪ ਕੌਰ ਨੂੰ ਸੁਰਿੰਦਰ ਕੌਰ / ਪ੍ਰਕਾਸ਼ ਕੌਰ, ਜਨਾਬ ਨਾਸਿਰ ਢਿੱਲੋਂ ਨੂੰ ਜਨਾਬ ਅਫਜ਼ਲ ਅਹਿਸਨ ਰੰਧਾਵਾ, ਗੁਰਪ੍ਰੀਤ ਸਿੰਘ ਮਿੰਟੂ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਨਿਵਾਜਿਆ ਗਿਆ। ਯੂਰਪੀ ਪੰਜਾਬੀ ਸੱਥ ਸੰਚਾਲਨ ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ਜਿਹੜੀਆਂ ਸਖ਼ਸ਼ੀਅਤਾਂ ਸਮਾਗਮ ਵਿੱਚ ਨਹੀਂ ਪੁੱਜ ਸਕੀਆਂ, ਉਹਨਾ ਨੂੰ ਉਹਨਾ ਦੇ ਘਰਾਂ ‘ਚ ਜਾ ਕੇ ਪੁਰਸਕਾਰਤ ਕੀਤਾ ਜਾਵੇਗਾ।ਉਹਨਾ ਨੇ ਕਿਹਾ ਕਿ ਇਹਨਾਂ ਸ਼ਖਸ਼ੀਅਤਾਂ ਦਾ ਸਾਡੀ ਮਾਂ ਬੋਲੀ ਵਿਰਾਸਤ ਤੇ ਸਭਿਆਚਾਰ ਦੇ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਹੈ। ਮੋਤਾ ਸਿੰਘ ਸਰਾਏ ਨੇ ਆਪਣੇ ਭਾਵਪੂਰਨ ਭਾਸ਼ਨ ‘ਚ ਪੰਜਾਬੀ ਭਾਸ਼ਾ ਲਈ ਕਮਮ ਕਰਨ ਵਾਲੀਆਂ ਸਖ਼ਸ਼ੀਅਤਾਂ, ਲੇਖਕਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਵਿਦੇਸ਼ਾਂ ਦੀ ਧਰਤੀ ‘ਤੇ ਵਸੇ ਹੋਏ ਹਨ, ਪਰ ਪੰਜਾਬ, ਪੰਜਾਬੀ ਨਾਲ ਮੋਹ ਸਦਕਾ, ਉਹ ਆਪਣੇ ਸਿਰ ਚੜ੍ਹਿਆ ਕਰਜ਼ ਉਤਾਰਨ ਲਈ ਪੰਜਾਬ ਆਉਂਦੇ ਹਨ ਤੇ ਲੇਖਕਾਂ, ਬੁੱਧੀਜੀਵੀਆਂ ਨਾਲ ਸੰਵਾਦ ਰਚਾਉਂਦੇ ਹਨ। ਇਸ ਮੌਕੇ ਬੋਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਸਖ਼ਸ਼ ਨੂੰ ਨਿੱਜੀ ਪੱਧਰ ‘ਤੇ ਯਤਨ ਕਰਨ ਲਈ ਪ੍ਰੇਰਿਆ।
ਸਮਾਗਮ ਦੌਰਾਨ ਸਨਮਾਨ ਵਿਚ ਹਰ ਇਕ ਹਸਤੀ ਨੂੰ 25000/- ਰੁਪਏ ਸਨਮਾਨ ਚਿੰਨ, ਦਸਤਾਰ/ ਫੁਲਕਾਰੀ, ਪੰਜਾਬੀ ਸੱਥਾਂ ਵਲੋਂ ਛਪੀਆਂ ਕਿਤਾਬਾਂ ਦੇ ਨਾਲ 25 ਸਨਮਾਨਿਤ ਹਸਤੀਆਂ ਬਾਰੇ ਜਾਣਕਾਰੀ ਵਾਲੇ ਕਿਤਾਬਚੇ ਦੀ ਮੁੱਖ ਦਿਖਾਈ ਕਰਕੇ ਭੇਟ ਕੀਤੀ ਗਈ। ਇਸ ਸਮੇਂ ਕੋਮਲ ਸਿੰਘ ਸੰਧੂ ਅਤੇ ਬਲਜਿੰਦਰ ਰਾਣੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਨਮਾਨਿਤ ਸਖ਼ਸ਼ੀਅਤਾਂ ਵਲੋਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਪੰਜਾਬੀ ਸੱਥ ਲਾਂਬੜਾ ਵਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਜਾ ਰਹੇ ਵੱਡੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਸੰਸਥਾ ਨੇ 25 ਵਰ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ ਦੀਆਂ ਪੁਸਤਕਾਂ ਛਾਪੀਆਂ ਹਨ ਅਤੇ ਪੰਜਾਬੀ ਪ੍ਰੇਮੀਆਂ ਦੀਆਂ ਬਰੂਹਾਂ ‘ਤੇ ਪਹੁੰਚਦੀਆਂ ਕੀਤੀਆਂ ਹਨ। ਉਹਨਾ ਇਹ ਵੀ ਕਿਹਾ ਕਿ ਇਸ ਸੰਸਥਾ ਦੇ ਸੰਚਾਲਕ ਡਾ: ਨਿਰਮਲ ਸਿੰਘ ਅਤੇ ਮੋਤਾ ਸਿੰਘ ਸਰਾਏ ਪੰਜਾਬੀ ਭਾਸ਼ਾ ਅਤ ਸਭਿਆਚਾਰ ਲਈ ਬੇਜੋੜ ਉੱਦਮ ਉਪਰਾਲਾ ਕਰ ਰਹੇ ਹਨ।
ਸਟੇਜ ਦਾ ਸੰਚਾਲਨ ਪ੍ਰਿ. ਕੁਲਵਿੰਦਰ ਸਿੰਘ ਸਰਾਏ ਨੇ ਕੀਤਾ।ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਵਿੱਚ ਡਾ: ਸਵਰਾਜ ਸਿੰਘ, ਡਾ.ਆਸਾ ਸਿੰਘ ਘੁੰਮਣ, ਚੇਤਨ ਸਿੰਘ, ਕਮਲੇਸ਼ ਸੰਧੂ, ਪਰਵਿੰਦਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੇਖਕ ਹਾਜ਼ਰ ਸਨ। ਇਸ ਸਮਾਗਮ ਵਿੱਚ ਖ਼ਾਲਸਾ ਸਕੂਲ ਦੇ ਅਧਿਆਪਕ, ਵਿਦਿਆਰਥੀ, ਪ੍ਰਬੰਧਕ ਕਮੇਟੀ ਮੈਂਬਰ ਪੰਜਾਬੀ ਸੱਥ ਲਾਂਬੜਾ ਦੇ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਵਿੱਚ ਸ਼ਾਮਲ ਹੋਏ।