ਚੰਡੀਗੜ੍ਹ – ਪੰਜਾਬ ਕਾਂਗਰਸ ਵਿਚ ਫਿਰ ਘਮਸਾਨ ਸ਼ੁਰੂ ਹੋ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਹੁਣ ਕੈਬਨਿਟ ਮੰਤਰੀਆਂ ਦੇ ਅਸਤੀਫਿਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਕਾਂਗਰਸ ਜਨਰਲ ਸਕੱਤਰ ਯੋਗੇਂਦਰ ਢੀਂਗਰਾ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪੰਜਾਬ ਐਗਰੋ ਦੇ ਡਾਇਰੈਕਟਰ ਕਰਨਜੀਤ ਸਿੰਘ ਮਿੱਠਾ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਿਆਂ ਦਰਮਿਆਨ ਪੰਜਾਬ ਕੈਬਨਿਟ ਦੀ ਐਮਰਜੈਂਸੀ ਬੈਠਕ ਚੱਲਦੀ ਰਹੀ। ਉੱਥੇ, ਪਰਗਟ ਸਿੰਘ ਦੇ ਵੀ ਅਸਤੀਫਾ ਦੇਣ ਦੀ ਚਰਚਾ ਸੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ ਹੈ। ਪਰਗਟ ਸਿੰਘ ਕੈਬਨਿਟ ਮੀਟਿੰਗ ਦਰਮਿਆਨ ਵਿਚੋਂ ਹੀ ਉੱਠ ਗਏ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਅਸਤੀਫਾ ਨਹੀਂ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਹਾਈਕਮਾਨ ਨੇ ਨਾ-ਮਨਜ਼ੂਰ ਕਰ ਦਿੱਤਾ ਹੈ। ਕਾਂਗਰਸ ਹਾਈ ਕਮਾਨ ਨੇ ਪੰਜਾਬ ਸੂਬਾ ਕਾਂਗਰਸ ਨੂੰ ਇਸ ਮਸਲੇ ਦਾ ਪਹਿਲਾਂ ਸੂਬਾ ਪੱਧਰ ‘ਤੇ ਹੱਲ ਕੱਢਣ ਲਈ ਕਿਹਾ ਹੈ ਅਤੇ ਉਸ ਤੋਂ ਬਾਅਦ ਹਾਈ ਕਮਾਨ ਦਖਲ ਦੇਵੇਗੀ।
ਨਵਜੋਤ ਸਿੰਘ ਸਿੱਧੂ ਵਲੋਂ ਅਚਾਨਕ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੇ ਰਾਜਨੀਤਕ ਗਲਿਆਰਿਆਂ ‘ਚ ਹਲਚਲ ਹੋਣ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਅਤੇ ਸੰਗਠਨ ਵਿਚ ਥੋੜੀ ਨਿਰਾਸ਼ਾ ਵਾਲੀ ਸਥਿਤੀ ਬਣ ਗਈ ਹੈ। ਇਸ ਤੋਂ ਇਲਾਵਾ ਕੇਂਦਰੀ ਪੱਧਰ ‘ਤੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਵੀ ਕਾਫ਼ੀ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹੁਲ ਗਾਂਧੀ ਹੀ ਦਸੰਬਰ, 2016 ਵਿਚ ਸਿੱਧੂ ਨੂੰ ਕਾਂਗਰਸ ਵਿਚ ਲੈ ਕੇ ਆਏ ਸਨ, ਜਦੋਂ ਕਿ ਪਿ੍ਰਅੰਕਾ ਗਾਂਧੀ ਉਨ੍ਹਾਂ ਦਾ ਕੱਦ ਵਧਾਉਣ ਵਿਚ ਕਾਫ਼ੀ ਉਤਸੁਕ ਦਿਖਾਈ ਦਿੱਤੀ ਸੀ। ਦੋ ਮਹੀਨੇ ਪਹਿਲਾਂ ਜਦੋਂ ਸਿੱਧੂ ਨੂੰ ਪੰਜਾਬ ਵਿਚ ਕਾਂਗਰਸ ਪ੍ਰਧਾਨ ਬਣਾਇਆ ਗਿਆ ਸੀ ਉਦੋਂ ਉਸ ‘ਚ ਵੱਡੀ ਭੂਮਿਕਾ ਪਿ੍ਰਅੰਕਾ ਗਾਂਧੀ ਦੀ ਰਹੀ ਸੀ। ਰਾਹੁਲ-ਪਿ੍ਰਅੰਕਾ ਨੇ ਗਾਂਧੀ ਪਰਿਵਾਰ ਦੇ 75 ਸਾਲ ਪੁਰਾਣੇ ਸਾਥੀ ਅਤੇ ਪਾਰਟੀ ਵਿਚ ਕਰੀਬ ਅੱਧੀ ਸਦੀ ਗੁਜਾਰਨੇ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਰਾਜ਼ ਕਰਕੇ ਸਿੱਧੂ ਨੂੰ ਪੰਜਾਬ ਪ੍ਰਧਾਨ ਤਾਂ ਬਣਾ ਦਿੱਤਾ, ਪਰ ਸਿੱਧੂ ਹੀ ਬੇਮੌਕੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰ ਗਏ। ਇਨ੍ਹਾਂ ਦੋਨਾਂ ਨੇ ਸਿੱਧੂ ‘ਤੇ ਭਰੋਸਾ ਕੀਤਾ ਸੀ ਕਿ ਉਹ ਪਾਰਟੀ ਨੂੰ ਉਸ ਪੱਧਰ ‘ਤੇ ਲਿਆ ਕੇ ਦੁਬਾਰਾ ਪੰਜਾਬ ਦੀ ਸੱਤਾ ਵਿਚ ਲਿਆਉਣ ਵਿਚ ਕਾਮਯਾਬ ਰਹਿਣਗੇ, ਜਿਸਦੀ ਉਮੀਦ ਪ੍ਰਦੇਸ਼ ਵਿਚ ਕਾਂਗਰਸ ਨੇਤਾ ਖੋਹ ਚੁੱਕੇ ਹਨ, ਪਰ ਕੈਪਟਨ ਅਮਰਿੰਦਰ ਨੂੰ ਨਰਾਜ਼ ਕਰਨ ਦਾ ਕੋਈ ਫਾਇਦਾ ਰਾਹੁਲ-ਪਿ੍ਰਅੰਕਾ ਨੂੰ ਨਹੀਂ ਹੋਇਆ, ਉਲਟਾ ਸਿੱਧੂ ਹੀ ਮੈਦਾਨ ਛੱਡ ਗਏ।
ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਟਿਆਲਾ ਸਥਿਤ ਨਵਜੋਤ ਸਿੰਘ ਸਿੱਧੂ ਦੇ ਘਰ ਮੰਤਰੀਆਂ ਅਤੇ ਵਿਧਾਇਕਾਂ ਦੇ ਆਉਣ ਜਾਣ ਦਾ ਸਿਲਸਿਲਾ ਮੰਗਲਵਾਰ ਨੂੰ ਜਾਰੀ ਰਿਹਾ। ਦੇਰ ਰਾਤ ਤਕ ਸਿੱਧੂ ਦੇ ਘਰ ਚੱਲੀ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਕਾਂਗਰਸੀ ਆਗੂਆਂ ਵਿਚ ਬਹੁਤੇ ਨੇ ਚੁੱਪੀ ਧਾਰੀ ਰੱਖੀ ਅਤੇ ਕੁਝ ਕੁ ਨੇ ਅਗਲੀ ਸਵੇਰ ਤੱਕ ਮਸਲਾ ਹੱਲ ਹੋਣ ਦੀ ਗੱਲ ਕਹੀ ਹੈ। ਮੰਗਲਵਾਰ ਦੀ ਸ਼ਾਮ ਨਵਜੋਤ ਸਿੱਧੂ ਦੇ ਘਰ ਮੰਤਰੀਆਂ, ਵਿਧਾਇਕਾਂ ਤੇ ਹੋਰ ਆਗੂਆਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਦੇਰ ਸ਼ਾਮ ਤਕ ਚੱਲਦਾ ਰਿਹਾ। ਸ਼ਾਮ ਕਰੀਬ ਪੰਜ ਵਜੇ ਨਵਜੋਤ ਸਿੱਧੂ ਦੇ ਘਰ ਸਭ ਤੋਂ ਪਹਿਲਾਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਪੁੱਜੇ। ਇਸਤੋੰ ਬਾਅਦ ਇੰਦਰਬੀਰ ਸਿੰਘ ਬੁਲਾਰੀਆ, ਸਲਾਹਕਾਰ ਮੁਹੰਮਦ ਮੁਸਤਫ਼ਾ, ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਕਾਰਜਕਾਰੀ ਪਰਧਾਨ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਸੁਖਪਾਲ ਸਿੰਘ ਖਹਿਰਾ,ਬਾਵਾ ਹੈਨਰੀ, ਐੱਮਪੀ ਅਮਰ ਸਿੰਘ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਕੈਬਨਿਟ ਮੰਤਰੀ ਪਰਗਟ ਸਿੰਘ, ਮੀਡੀਆ ਸਲਾਹਕਾਰ ਸੁਰਿੰਦਰ ਡੱਲਾ, ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ, ਵਿਧਾਇਕ ਕੁਸ਼ਲਦੀਪ ਕਿੱਕੀ ਢਿਲੋਂ, ਵਿਧਾਇਕ ਜਸਦੇਵ ਸਿੰਘ ਕਮਾਲੂ, ਪਿਰਮਲ ਸਿੰਘ, ਕੈਬਨਿਟ ਮੰਤਰੀ ਰਾਜਾ ਵੜਿੰਗ ਪੁੱਜੇ। ਸ਼ਾਮ ਪੰਜ ਵਜੇ ਸ਼ੁਰੂ ਹੋਈ ਮੀਟਿੰਗ ਰਾਤ ਦਸ ਵਜੇ ਤੱਕ ਚੱਲਦੀ ਰਹੀ ਪਰ ਅਸਤੀਫੇ ਬਾਰੇ ਕੋਈ ਆਖਰੀ ਫੈਸਲੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਦੌਰਾਨ ਪੁੱਜੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਉਹ ਸਾਰਿਆਂ ਨਾਲ ਮਿਲ ਕੇ ਪਾਰਟੀ ਹਾਈ ਕਮਾਨ ਨਾਲ ਚਰਚਾ ਕਰ ਰਹੇ ਹਨ। ਖਹਿਰਾ ਨੇ ਕਿਹਾ ਪਾਰਟੀ ਨੂੰ ਸਿੱਧੂ ਵਰਗੇ ਪ੍ਰਧਾਨ ਦੀ ਲੋੜ ਹੈ।
ਰਾਣਾ ਗੁਰਜੀਤ ਜਿਨ੍ਹਾਂ ਨੂੰ ਮੰਤਰੀ ਬਣਾਉਣ ਦੇ ਚਲਦਿਆਂ ਨਵਜੋਤ ਸਿੱਧੂ ਦੇ ਅਸਤੀਫਾ ਦੇਣ ਦੀ ਚਰਚਾ ਹੈ, ਨੇ ਕਿਹਾ ਕਿ ਮੈਂ ਤਾਂ ਅਜੇ ਇਕ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ, ਇਸ ਲਈ ਮੈਂ ਕਿਸੇ ਬਾਰੇ ਟਿੱਪਣੀ ਨਹੀਂ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਰਜ਼ੀਆ ਸੁਲਤਾਨਾ ਨੂੰ ਅਸਤੀਫਾ ਨਾ ਦੇਣ ਸਬੰਧੀ ਮੈਂ ਉਨ੍ਹਾਂ ਨੂੰ ਸਮਝਾਵਾਂਗਾ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੱਲ੍ਹ ਤਕ ਮਾਮਲਾ ਸੁਲਝ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੱਧੂ ਸਾਡੇ ਪ੍ਰਧਾਨ ਹਨ ਤੇ ਉਨ੍ਹਾਂ ਦੀ ਹਾਈਕਮਾਨ ਨਾਲ ਗੱਲ ਚੱਲ ਰਹੀ ਹੈ ਤੇ ਮਾਮਲਾ ਕੱਲ੍ਹ ਤਕ ਸੁਲਝਾ ਲਿਆ ਜਾਵੇਗਾ।
ਸਵੇਰੇ ਪੰਜਾਬ ਦੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ ਗਈ ਸੀ। ਇਸ ਤੋਂ ਕੁਝ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫ਼ਾ ਦੇ ਕੇ ਕਾਂਗਰਸ ’ਚ ਖਲਬਲੀ ਪੈਦਾ ਕਰ ਦਿੱਤੀ। ਇਸ ਤੋਂ ਬਾਅਦ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਪਾਰਟੀ ਲਈ ਕੰਮ ਕਰਦੇ ਰਹਿਣਗੇ। ਇਸ ਤੋਂ ਬਾਅਦ ਗੁਲਜ਼ਾਰ ਇੰਦਰ ਚਾਹਲ ਨੇ ਵੀ ਖਜ਼ਾਨਚੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਯੋਗਿੰਦਰ ਢੀਂਗਰਾ ਨੇ ਵੀ ਆਪਣਾ ਅਸਤੀਫ਼ਾ ਹਾਈਕਮਾਨ ਨੂੰ ਭੇਜ ਦਿੱਤਾ ਹੈ।
ਵਰਨਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਮੰਤਰੀ ਸਾਥੀਆਂ ਨੂੰ ਮੰਗਲਵਾਰ ਸਵੇਰੇ ਮਹਿਕਮਿਆਂ ਦੀ ਵੰਡ ਕਰਨ ਦੇ ਕੁਝ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸੂਬਾ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ | ਉਨ੍ਹਾ ਸੋਨੀਆ ਗਾਂਧੀ ਨੂੰ ਸੰਬੋਧਤ ਅਸਤੀਫਾ ਟਵਿੱਟਰ ‘ਤੇ ਪਾਇਆ | ਅਸਤੀਫੇ ਵਿਚ ਉਨ੍ਹਾ ਕਿਹਾ—ਸੌਦੇਬਾਜ਼ੀ ਨਾਲ ਬੰਦੇ ਦਾ ਕਿਰਦਾਰ ਖਤਮ ਹੋ ਜਾਂਦਾ ਹੈ | ਮੈਂ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਦੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦਾ | ਇਸ ਕਰਕੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਰਿਹਾ ਹਾਂ | ਕਾਂਗਰਸ ਦੀ ਸੇਵਾ ਕਰਦਾ ਰਹਾਂਗਾ |
ਰਜ਼ੀਆ ਸੁਲਤਾਨਾ ਤੇ ਪ੍ਰਗਟ ਸਿੰਘ ਨੇ ਵੀ ਸਿੱਧੂ ਦੀ ਹਮਾਇਤ ਵਿੱਚ ਨਿੱਤਰਦਿਆਂ ਵਜ਼ਾਰਤ ਵਿੱਚੋਂ ਅਸਤੀਫਾ ਦੇ ਦਿੱਤਾ | ਸਿੱਧੂ ਦੇ ਕਰੀਬੀ ਅਤੇ ਕਾਂਗਰਸ ਦੇ ਸੂਬਾਈ ਵਿੱਤ ਸਕੱਤਰ ਗੁਲਜ਼ਾਰ ਇੰਦਰ ਸਿੰਘ ਚਹਿਲ ਉਰਫ ਪਠਾਣ ਨੇ ਵੀ ਅਸਤੀਫਾ ਦੇ ਦਿੱਤਾ | ਸਿੱਧੂ ਨੇ ਪਠਾਣ ਨੂੰ ਕੁਝ ਦਿਨ ਪਹਿਲਾਂ ਹੀ ਵਿੱਤ ਸਕੱਤਰ ਨਿਯੁਕਤ ਕੀਤਾ ਸੀ | ਸਵੇਰ ਤੋਂ ਹੀ ਨਵਜੋਤ ਸਿੱਧੂ ਅਤੇ ਪਠਾਣ ਇਕੱਠੇ ਸਨ | ਉਹ ਦੋਵੇਂ ਪਠਾਣ ਦੇ ਘਰ ਦੋ ਘੰਟੇ ਰਹੇ | ਉਥੋਂ ਆਪਣੇ ਘਰ ਵਾਪਸ ਆ ਕੇ ਨਵਜੋਤ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ | ਹੈਰਾਨੀ ਦੀ ਗੱਲ ਹੈ ਕਿ ਜਦੋਂ ਚੰਨੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨ੍ਹਾ ਨੂੰ ਸਿੱਧੂ ਦੇ ਅਸਤੀਫੇ ਬਾਰੇ ਪਤਾ ਨਹੀਂ ਸੀ | ਉਨ੍ਹਾ ਕਿਹਾ ਕਿ ਉਹ ਸਿੱਧੂ ਨਾਲ ਬੈਠ ਕੇ ਮਸਲਾ ਹੱਲ ਕਰ ਲੈਣਗੇ | ਉਨ੍ਹਾ ਨੂੰ ਸਿੱਧੂ ‘ਤੇ ਪੂਰਾ ਭਰੋਸਾ ਹੈ | ਕਾਂਗਰਸ ਦੇ ਸੂਤਰਾਂ ਮੁਤਾਬਕ ਸਿੱਧੂ ਰਾਣਾ ਗੁਰਜੀਤ ਸਿੰਘ ਤੇ ਕੁਝ ਹੋਰਨਾਂ ਨੂੰ ਮੰਤਰੀ ਬਣਾਉਣ ਦੇ ਵਿਰੁੱਧ ਸਨ | ਉਨ੍ਹਾ ਨੇ ਪਾਰਟੀ ਹਾਈ ਕਮਾਨ ਨੂੰ ਜਿਹੜੇ ਨਾਂ ਦਿੱਤੇ ਸਨ ਉਨ੍ਹਾਂ ਵਿਚੋਂ ਸਿਰਫ ਪਰਗਟ ਸਿੰਘ ਨੂੰ ਹੀ ਮੰਤਰੀ ਬਣਾਇਆ ਗਿਆ | ਸਿੱਧੂ ਚਾਹੁੰਦੇ ਸਨ ਕਿ ਬ੍ਰਹਮਾ ਮੋਹਿੰਦਰਾ ਨੂੰ ਕਿਸੇ ਸੂਰਤ ਵਿਚ ਸਥਾਨਕ ਸਰਕਾਰਾਂ ਵਿਭਾਗ ਦੀ ਜ਼ਿੰਮੇਵਾਰੀ ਦੁਬਾਰਾ ਨਾ ਮਿਲੇ, ਪਰ ਚੰਨੀ ਨੇ ਬ੍ਰਹਮਾ ਨੂੰ ਹੀ ਇਸ ਦਾ ਜਿੰਮਾ ਸੌਂਪਿਆ। ਦਰਅਸਲ ਸਿੱਧੂ ਦੇ ਕੈਪਟਨ ਸਰਕਾਰ ਤੋਂ ਅਸਤੀਫ਼ੇ ਤੋਂ ਬਾਅਦ ਅਮਰਿੰਦਰ ਨੇ ਬ੍ਰਹਮਾ ਮੋਹਿੰਦਰਾ ਨੂੰ ਹੀ ਉਨ੍ਹਾਂ ਦਾ ਸਥਾਨਕ ਸਰਕਾਰਾਂ ਵਿਭਾਗ ਸੌਂਪਿਾਅ ਸੀ। ਇਸ ਤੋਂ ਇਲਾਵਾ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਜਦੋਂ ਅਮਰਿੰਦਰ ਨੇ ਕਿਹਾ ਕਿ ਸਿੱਧੂ ਵਲੋਂ ਸਰਵਜਨਕ ਤੌਰ ‘ਤੇ ਮੁਆਫ਼ੀ ਮੰਗਣ ਤੱਕ ਨਹੀਂ ਮਿਲਣਗੇ, ਬ੍ਰਹਮਾ ਨੇ ਹੀ ਉਨ੍ਹਾਂ ਦੇ ਸੁਰ ਵਿਚ ਸੁਰ ਮਿਲਾਉਂਦਿਆਂ ਕਿਹਾ ਸੀ ਕਿ ਉਹ ਵੀ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਉਹ ਅਮਰਿੰਦਰ ਦੀ ਨਰਾਜ਼ਗੀ ਦੂਰ ਨਹੀਂ ਕਰਦੇ। ਹੁਣ ਮੌਕਾ ਹੱਥ ਲੱਗਾ ਤਾਂ ਸਿੱਧੂ ਨੇ ਬ੍ਰਹਮਾ ਮੋਹਿੰਦਰਾ ਦੇ ਪਰ ਕੁਤਰਨ ਲਈ ਚੰਨੀ ਨੂੰ ਉਨ੍ਹਾਂ ਦਾ ਵਿਭਾਗ ਬਦਲਣ ਨੂੰ ਕਿਹਾ, ਪਰ ਚੰਨੀ ਨੇ ਬ੍ਰਹਮਾ ਨੂੰ ਹੀ ਅਹੁਦੇ ‘ਤੇ ਬਰਕਰਾਰ ਰੱਖਿਆ।
ਸਿੱਧੂ ਏ ਪੀ ਐਸ ਦਿਓਲ ਨੂੰ ਐਡਵੋਕੇਟ ਜਨਰਲ ਲਾਉਣ ਦੇ ਖਿਲਾਫ ਸਨ, ਕਿਉਂਕਿ ਉਸਨੇ ਬਹਿਬਲ ਕਲਾਂ ਪੁਲਸ ਫਾਇਰਿੰਗ ਦੇ ਕੇਸ ਵਿਚ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦਾ ਕਾਨੂੰਨੀ ਬਚਾਅ ਕੀਤਾ | ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਰੋਕਣ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਵਾਇਆ ਸੀ ਪਰ ਰੰਧਾਵਾ ਨੂੰ ਗ੍ਰਹਿ ਵਿਭਾਗ ਦੇ ਦਿੱਤਾ ਗਿਆ | ਉਹ ਚੱਟੋਪਾਧਿਆਇ ਨੂੰ ਡੀ ਜੀ ਪੁਲਸ ਬਣਾਉਣਾ ਚਾਹੁੰਦੇ ਸਨ ਪਰ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਬਣਾ ਦਿੱਤਾ ਗਿਆ | ਉਨ੍ਹਾ ਨੂੰ ਸਰਕਾਰ ਦੇ ਕੰਮਾਂ ਵਿਚ ਦਖਲ ਦੇਣ ਦੀ ਥਾਂ ਪਾਰਟੀ ਦੇ ਕੰਮ ਕਰਨ ਲਈ ਕਿਹਾ ਗਿਆ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿੱਧੂ ਦੀ ਸਲਾਹ ਨਾਲ ਚੱਲਣ ਦੀ ਥਾਂ ਰਾਹੁਲ ਗਾਂਧੀ ਦੇ ਹੁਕਮਾਂ ਮੁਤਾਬਕ ਚਲ ਰਹੇ ਹਨ| ਚਰਨਜੀਤ ਸਿੰਘ ਚੰਨੀ ਇੰਨੇ ਤਾਕਤਵਰ ਹੋ ਗਏ ਹਨ ਕਿ ਹਾਈਕਮਾਨ ਚਾਹ ਕੇ ਵੀ ਉਨ੍ਹਾਂ ਨੂੰ ਮੁੱਖਮੰਤਰੀ ਅਹੁਦੇ ਤੋਂ ਨਹੀਂ ਹਟਾ ਸਕਦੀ। ਕੈਪਟਨ ਅਮਰਿੰਦਰ ਖਿਲਾਫ਼ ਤਾਂ ਸਾਢੇ 4 ਸਾਲ ਦੀ ਨਰਾਜ਼ਗੀ ਪਾਰਟੀ ਵਿਧਾਇਕਾਂ ਵਿਚ ਸੀ, ਪਰ ਚੰਨੀ ਖਿਲਾਫ਼ ਵਿਧਾਇਕ ਕਿਸ ਮੁੱਦੇ ‘ਤੇ ਅਸੰਤੋਸ਼ ਹਾਈਕਮਾਨ ਦੇ ਸਾਹਮਣੇ ਦਿਖਾਉਣਗੇ। ਇਸ ਤੋਂ ਇਲਾਵਾ ਸਿੱਧੂ ਨੂੰ ਖੁਸ਼ ਕਰਨ ਲਈ ਚੰਨੀ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਹਾਈਕਮਾਨ ਕਰਦਾ ਹੈ ਤਾਂ ਇਸ ਦਾ ਗਲਤ ਸੰਕੇਤ ਵੀ ਜਾਵੇਗਾ|
ਨਵਜੋਤ ਸਿੰਘ ਸਿੱਧੂ ਵਲੋਂ ਅਚਾਨਕ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫ਼ੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ—ਮੈਂ ਪਹਿਲਾਂ ਹੀ ਕਿਹਾ ਸੀ ਕਿ ਉਹ ਸਟੇਬਲ (ਸਥਿਰ) ਬੰਦਾ ਨਹੀਂ ਹੈ ਤੇ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਉਹ ਫਿੱਟ ਨਹੀਂ |
ਆਮ ਆਦਮੀ ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਦਿੱਲੀ ‘ਚ ਕਿਹਾ—ਨਵਜੋਤ ਸਿੰਘ ਸਿੱਧੂ ਦਲਿਤਾਂ ਦੇ ਖਿਲਾਫ ਹੈ | ਇਕ ਗਰੀਬ ਬੇਟੇ ਦਾ ਮੁੱਖ ਮੰਤਰੀ ਬਣਨਾ ਉਸਨੂੰ ਬਰਦਾਸ਼ਤ ਨਹੀਂ ਹੋਇਆ | ਇਹ ਬਹੁਤ ਹੀ ਅਫਸੋਸਨਾਕ ਹੈ |
ਸੁਖਬੀਰ ਬਾਦਲ ਨੇ ਕਿਹਾ—ਸਿੱਧੂ ਮਿਸ-ਗਾਈਡਿਡ ਮਿਜ਼ਾਈਲ ਹੈ, ਪਤਾ ਨਹੀਂ ਕਿੱਧਰ ਨੂੰ ਚਲ ਜਾਵੇ |