ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ 32 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਅਹਿਮ ਫ਼ੈਸਲੇ ਲਏ। ਇਨ੍ਹਾਂ ਫ਼ੈਸਲਿਆਂ ਦਾ ਐਲਾਨ ਉਨ੍ਹਾਂ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਯੂਨੀਅਨਾਂ ਨਾਲ ਲੰਬੀ ਚਰਚਾ ਹੋਈ। ਉਨ੍ਹਾਂ ਨੇ 18 ਪੁਆਇੰਟ ਸਰਕਾਰ ਨੂੰ ਲਿਖ ਕੇ ਭੇਜੇ ਸਨ ਜਿਨ੍ਹਾਂ ‘ਤੇ ਉਹ ਵਿਚਾਰ ਕਰਨਾ ਚਾਹੁੰਦੇ ਸੀ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕਿਸਾਨ ਯੂਨੀਅਨਾਂ ਦੇ ਬਹੁਤ ਵਧੀਆ ਤਰੀਕੇ ਨਾਲ ਆਪਸੀ ਤਾਲਮੇਲ ਨਾਲ ਵਧੀਆ ਮੀਟਿੰਗ ਹੋਈ ਹੈ। ਇਸ ਦੌਰਾਨ ਲਗਪਗ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਇਸ ਤੋਂ ਇਲਾਵਾ ਮੌਕੇ ‘ਤੇ ਦੱਸੀਆਂ 3-4 ਮੰਗਾਂ ਵੀ ਮੰਨ ਲਈਆਂ ਗਈਆਂ। ਉਨ੍ਹਾਂ ਕਿਸਾਨ ਯੂਨੀਅਨਾਂ ਦਾ ਧੰਨਵਾਦ ਕੀਤਾ ਕਿ ਪੰਜਾਬ ਦੇ ਕਿਸਾਨਾਂ ਲਈ ਉਹ ਬਹੁਤ ਵੱਡੀ ਲੜਾਈ ਲੜ ਰਹੀਆਂ ਹਨ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਨ। ਕਿਸਾਨ ਯੂਨੀਅਨਾਂ ਨੇ ਜਿਹੜਾ ਰੈਜ਼ਿਓਲੂਸ਼ਨ ਕਿਹਾ ਸੀ, ਉਹੀ ਸਰਕਾਰ ਲਿਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਿੰਨ ਖੇਤੀ ਕਾਨੂੰਨ ਕਿਸੇ ਵੀ ਸੂਰਤ ‘ਚ ਲਾਗੂ ਨਹੀਂ ਕਰੇਗੀ। ਸਾਡੇ ਵੱਲੋਂ ਇਹ ਤਿੰਨੋਂ ਕਾਨੂੰਨ ਰੱਦ ਹਨ। ਚੰਨੀ ਨੇ ਕਿਹਾ ਕਿ ਕਰਜ਼ਾ ਮਾਫ਼ੀ ਤੋਂ ਇਲਾਵਾ ਕਿਸਾਨਾਂ ਦੀਆਂ ਸਾਰੀਆਂ 17 ਮੰਗਾਂ ਮੰਨ ਲਈਆਂ ਗਈਆਂ ਹਨ।
1. ਗੁਲਾਬੀ ਸੁੰਡੀ ਨਾਲ 75 ਫ਼ੀਸਦ ਤੋਂ ਜ਼ਿਆਦਾ ਫ਼ਸਲ ਬਰਬਾਦ ਹੋਣ ਵਾਲੇ ਕਿਸਾਨਾਂ ਨੂੰ ਮਿਲੇਗਾ 17,000 ਰੁਪਏ ਮੁਆਵਜ਼ਾ ਮਿਲੇਗਾ। ਪਹਿਲਾਂ ਇਹ ਰਕਮ 12000 ਸੀ। ਨਰਮਾ ਚੁਗਣ ਵਾਲੇ ਮਜ਼ਦੂਰ ਨੂੰ 10 ਫ਼ੀਸਦ ਮੁਆਵਜ਼ਾ ਸਰਕਾਰ ਦੇਵੇਗੀ।
2. ਕਿਸਾਨੀ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਜਾਂ ਮਜ਼ਦੂਰਾਂ ਨੂੰ ਨੌਕਰੀ ਤੇ ਲੋੜੀਂਦਾ ਮੁਆਵਜ਼ਾ ਦਿੱਤਾ ਜਾਵੇਗਾ।
3. ਗੰਨੇ ਦਾ 360 ਰੁਪਏ ਰੇਟ ਕੀਤਾ ਗਿਆ ਹੈ। ਪਹਿਲਾਂ 310 ਸੀ। 50 ਰੁਪਏ ‘ਚੋਂ 35 ਰੁਪਏ ਸਰਕਾਰ ਤੇ 15 ਰੁਪਏ ਗੰਨਾ ਮਿੱਲਾਂ ਪਾਉਣਗੀਆਂ। ਜਿਸ ਦੀ ਕਾਉਂਟਰ ਪੇਮੈਂਟ ਹੋਵੇਗੀ।
4. ਜਿਹੜੇ ਕਿਸਾਨਾਂ ਦੀ ਫ਼ਸਲ ਚੁੱਕੀ ਨਹੀਂ ਗਈ ਹੈ, ਉਹ ਅਗਲੇ 3-4 ਦਿਨਾਂ ‘ਚ ਚੁੱਕੀ ਜਾਵੇਗੀ।
5. AB ਸਕੀਮ ਤਹਿਤ ਮੀਟਰ ਲੈਣ ਵਾਲੇ 500 ਕਿਸਾਨਾਂ ਦਾ 37,000 ਰੁਪਏ ਬਿੱਲ ਆਉਂਦਾ ਹੈ। ਕਿਸਾਨਾਂ ਦੀ ਮੰਗ ਸੀ ਕਿ ਇਹ 500 ਮੀਟਰ ਵੀ ਮੁਫ਼ਤ ਕੀਤੇ ਜਾਣ ਜਿਸ ਦਾ ਮੁੱਖ ਮੰਤਰੀ ਨੇ ਮੁਫ਼ਤ ਕਰਨ ਦਾ ਭਰੋਸਾ ਦਿੱਤਾ।
6. ਪੰਜਾਬ ‘ਚ ਸਿਰਫ਼ ਪੰਜਾਬੀ ਨੌਜਵਾਨਾਂ ਦੀ ਭਰਤੀ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਛੇਤੀ ਕਾਨੂੰਨ ਲਿਆਂਦਾ ਜਾਵੇਗਾ ਜਿਸ ਨਾਲ ਇਹ ਮੰਗ ਵੀ ਪੂਰੀ ਹੋ ਜਾਵੇਗੀ।
7. ਚੰਨੀ ਨੇ ਕਿਸਾਨੀ ਸੰਘਰਸ਼ ਦੌਰਾਨ ਜਿੰਨੇ ਵੀ ਕਿਸਾਨਾਂ ‘ਤੇ ਪਰਚੇ ਹੋਏ, ਉਹ ਸਾਰੇ ਤੁਰੰਤ ਰੱਦ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਉਹ ਅੱਗੇ ਤੋਂ ਪਰਾਲੀ ਨਾ ਸਾੜਨ ਕਿਉਂਕਿ ਇਹ ਪ੍ਰਦੂਸ਼ਣ ਵਧਾਉਂਦੀ ਹੈ।