ਚੰਡੀਗੜ੍ਹ – ਪੰਜਾਬ ਲਈ ਰਾਹਤ ਭਰੀ ਖਬਰ ਆਈ ਹੈ। ਅੱਜ ਰਾਤ ਤੋਂ ਸੂਬੇ ਵਿਚ ਮੌਸਮ ਬਦਲ ਜਾਵੇਗਾ। ਠੰਢੀਆਂ ਹਵਾਵਾਂ ਨਾਲ ਪਾਰਾ ਥੱਲੇ ਆਵੇਗਾ। ਕਈ ਥਾਈਂ ਬਾਰਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਖਬਰ ਹੈ ਕਿ ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਈ ਹੈ। ਇਸ ਕਰਕੇ ਵੀਰਵਾਰ ਸ਼ਾਮ ਨੂੰ ਸੂਬੇ ਦੇ ਕੁਝ ਇਲਾਕਿਆਂ ’ਚ ਹਲਕੀਆਂ ਧੂੜ ਭਰੀਆਂ ਹਵਾਵਾਂ ਚੱਲੀਆਂ। ਅੱਜ ਰਾਤ ਤੋਂ ਸੂਬੇ ਵਿਚ ਮੌਸਮ ਬਦਲ ਸਕਦਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਤੂਫਾਨ ਤੇ ਬਾਰਸ਼ ਹੋ ਸਕਦੀ ਹੈ। ਇਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ। ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਇਹ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ 1 ਤੇ 2 ਜੂਨ ਨੂੰ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿਚ ਤਾਪਮਾਨ ਵਿੱਚ 1 ਤੋਂ 4 ਡਿਗਰੀ ਤਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਇਧਰ, ਕਹਿਰ ਦੀ ਇਸ ਗਰਮੀ ਦੌਰਾਨ ਰਾਹਤ ਦੇਣ ਵਾਲੀ ਖਬਰ ਆਈ ਹੈ। ਕੇਰਲ ਵਿਚ ਦੋ ਦਿਨ ਪਹਿਲਾਂ ਹੀ ਮਾਨਸੂਨ ਪਹੁੰਚ ਗਿਆ ਹੈ। ਆਈਐਮਡੀ ਨੇ ਅਧਿਕਾਰਤ ਤੌਰ ’ਤੇ ਇਸ ਦਾ ਐਲਾਨ ਕੀਤਾ ਹੈ। ਕੇਰਲ ਵਿੱਚ ਮਾਨਸੂਨ ਸਮੇਂ ਤੋਂ ਦੋ ਦਿਨ ਪਹਿਲਾਂ ਪਹੁੰਚ ਗਿਆ ਹੈ। ਕੇਰਲ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੱਕਰਵਾਤੀ ਤੂਫਾਨ ਰੇਮਲ ਕਾਰਨ ਦੱਖਣ-ਪੱਛਮੀ ਮਾਨਸੂਨ ਵੀਰਵਾਰ ਨੂੰ ਕੇਰਲ ਤੱਟ ਅਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ‘ਚ ਸਮੇਂ ਤੋਂ ਪਹਿਲਾਂ ਪਹੁੰਚ ਗਿਆ। ਮੌਸਮ ਵਿਭਾਗ ਨੇ ਮਾਨਸੂਨ 1 ਜੂਨ ਨੂੰ ਆਉਣ ਦੀ ਭਵਿੱਖਬਾਣੀ ਕੀਤੀ ਸੀ। ਪਰ ਮਾਨਸੂਨ ਪੂਰਵ ਅਨੁਮਾਨ ਤੋਂ ਦੋ ਦਿਨ ਪਹਿਲਾਂ ਪਹੁੰਚ ਗਿਆ। ਮੰਨਿਆ ਜਾ ਰਿਹਾ ਹੈ ਕਿ 25 ਤੋਂ 30 ਜੂਨ ਵਿਚਾਲੇ ਦਿੱਲੀ-ਐਨ.ਸੀ.ਆਰ., ਪੰਜਾਬ, ਹਰਿਆਣਾ ਵਿੱਚ ਮਾਨਸੂਨ ਆ ਸਕਦਾ ਹੈ। ਇਸ ਦੇ ਨਾਲ ਹੀ ਇਸ ਦੇ 5 ਜੂਨ ਤਕ ਮਹਾਰਾਸ਼ਟਰ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਚੱਕਰਵਾਤ ਨੇ ਮਾਨਸੂਨ ਦੇ ਵਹਾਅ ਨੂੰ ਬੰਗਾਲ ਦੀ ਖਾੜੀ ਵੱਲ ਖਿੱਚ ਲਿਆ ਹੈ। ਇਹ ਉੱਤਰ-ਪੂਰਬ ਵਿੱਚ ਮਾਨਸੂਨ ਦੇ ਸਮੇਂ ਤੋਂ ਪਹਿਲਾਂ ਪਹੁੰਚਣ ਦਾ ਇੱਕ ਕਾਰਨ ਹੋ ਸਕਦਾ ਹੈ। ਚੱਕਰਵਾਤੀ ਤੂਫਾਨ ‘ਰੇਮਲ’ ਐਤਵਾਰ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟ ਨਾਲ ਟਕਰਾ ਗਿਆ। ਇਸ ਕਾਰਨ ਬੰਗਾਲ ਤੋਂ ਲੈ ਕੇ ਬੰਗਲਾਦੇਸ਼ ਤਕ ਭਾਰੀ ਮੀਂਹ ਪਿਆ ਅਤੇ ਕਈ ਲੋਕਾਂ ਦੀ ਜਾਨ ਵੀ ਗਈ।ਆਈ.ਐਮ.ਡੀ. ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਕੇਰਲ ਵਿੱਚ ਆ ਗਿਆ ਹੈ ਅਤੇ 30 ਮਈ, 2024 ਨੂੰ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵੱਲ ਵਧਿਆ ਹੈ। ਇਸ ਤੋਂ ਪਹਿਲਾਂ 15 ਮਈ ਨੂੰ ਮੌਸਮ ਵਿਭਾਗ ਨੇ ਐਲਾਨ ਕੀਤਾ
ਸੀ ਕਿ ਮਾਨਸੂਨ 31 ਮਈ ਨੂੰ ਕੇਰਲ ਵਿੱਚ ਦਸਤਕ ਦੇਵੇਗਾ। ਕੇਰਲ ‘ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮਈ ‘ਚ ਜ਼ਿਆਦਾ ਬਾਰਸ਼ ਦਰਜ ਕੀਤੀ ਗਈ ਹੈ। ਕੇਰਲ ਵਿੱਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ 1 ਜੂਨ ਹੈ ਅਤੇ ਅਰੁਣਾਚਲ ਪ੍ਰਦੇਸ਼, ਤਿ੍ਰਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਨੀਪੁਰ ਅਤੇ ਅਸਾਮ ਵਿੱਚ ਮਾਨਸੂਨ ਦੇ ਆਉਣ ਦੀ ਮਿਤੀ 5 ਜੂਨ ਹੈ। ਮੰਨਿਆ ਜਾ ਰਿਹਾ ਹੈ ਕਿ ਬਿਹਾਰ, ਝਾਰਖੰਡ ਅਤੇ ਬੰਗਾਲ ਸਮੇਤ ਉੱਤਰ-ਪੂਰਬੀ ਭਾਰਤ ‘ਚ ਜਲਦੀ ਹੀ ਗਰਮੀ ਤੋਂ ਰਾਹਤ ਮਿਲੇਗੀ।