ਪੰਜਾਬ ਵਿੱਚ ਬੰਬ ਸੁੱਟਣ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਅਤੇ ਇਸ ਵਾਰ ਅਣਪਛਾਤੇ ਲੋਕਾਂ ਨੇ ਪੰਜਾਬ ਭਾਰਤੀ ਜਨਤਾ ਪਾਰਟੀ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ, ਇਸ ਧਮਾਕੇ ਵਿੱਚ ਨੇਤਾ ਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ ਅੱਜ ਸਵੇਰੇ ਤੜਕੇ 1 ਵਜੇ ਵਾਪਰੀ। ਹਮਲਾਵਰ ਸ਼ਾਸਤਰੀ ਮਾਰਕੀਟ ਤੋਂ ਈ-ਰਿਕਸ਼ਾ ‘ਤੇ ਆਏ ਅਤੇ ਭਾਜਪਾ ਨੇਤਾ ਦੇ ਘਰ ਦੇ ਸਾਹਮਣੇ ਤੋਂ ਲੰਘੇ। ਕਾਲੀਆ ਦਾ ਘਰ ਪੁਲਿਸ ਸਟੇਸ਼ਨ ਤੋਂ 100 ਮੀਟਰ ਦੀ ਦੂਰੀ ‘ਤੇ ਹੈ।
ਇਸ ਸਬੰਧੀ ਪੰਜਾਬ ਭਾਰਤੀ ਜਨਤਾ ਪਾਰਟੀ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਮੈਂ ਧਮਾਕੇ ਦੀ ਆਵਾਜ਼ ਸੁਣੀ ਅਤੇ ਬਾਹਰ ਆ ਗਿਆ।’ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਜਨਰੇਟਰ ਵਿੱਚ ਧਮਾਕਾ ਹੋਇਆ ਹੈ। ਮੈਨੂੰ ਇਹ ਸਮਝਣ ਵਿੱਚ ਇੱਕ ਮਿੰਟ ਲੱਗਾ ਕਿ ਕਿਸੇ ਨੇ ਘਰ ‘ਤੇ ਬੰਬ ਸੁੱਟਿਆ ਹੈ। ਉਹਨਾਂ ਦੇ ਗੰਨਮੈਨ ਨੇ ਫ਼ੋਨ ‘ਤੇ ਪੁਲਿਸ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਕਾਲੀਆ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਖਾਸ ਗੱਲ ਇਹ ਹੈ ਕਿ ਪੁਲਿਸ ਥਾਣਾ ਘਟਨਾ ਵਾਲੀ ਥਾਂ ਤੋਂ ਕੁਝ ਮੀਟਰ ਦੀ ਦੂਰੀ ‘ਤੇ ਹੈ। ਇਸ ਤੋਂ ਬਾਅਦ ਉਹ ਖੁਦ ਪੁਲਿਸ ਸਟੇਸ਼ਨ ਪਹੁੰਚੇ ਅਤੇ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੂੰ ਦਿੱਤੀ।”
ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ‘ਸਾਨੂੰ ਇੱਥੇ ਧਮਾਕੇ ਦੀ ਸੂਚਨਾ ਸਵੇਰੇ 1 ਵਜੇ ਦੇ ਕਰੀਬ ਮਿਲੀ, ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ… ਅਸੀਂ ਸੀਸੀਟੀਵੀ ਦੀ ਵੀ ਨਿਗਰਾਨੀ ਕਰ ਰਹੇ ਹਾਂ… ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ ਕਿ ਇਹ ਬੰਬ ਨਾਲ ਕੀਤਾ ਗਿਆ ਹਮਲਾ ਹੈ ਜਾਂ ਕੁਝ ਹੋਰ…। ਪੁਲਿਸ ਦਾ ਕਹਿਣਾ ਹੈ ਕਿ ਬੰਬ ਕਾਲੀਆ ਦੇ ਘਰ ਦੇ ਗੇਟ ਕੋਲ ਡਿੱਗਿਆ। ਇਸ ਘਟਨਾ ਵਿੱਚ ਘਰ ਦੇ ਮੁੱਖ ਗੇਟ ਦੇ ਨੇੜੇ ਇੱਕ ਦਰਵਾਜ਼ਾ ਟੁੱਟ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਕਿ ਹਮਲਾਵਰ ਇੱਕ ਈ-ਰਿਕਸ਼ਾ ਵਿੱਚ ਆਏ ਸਨ, ਅਤੇ ਹਮਲੇ ਤੋਂ ਬਾਅਦ, ਉਹ ਉਸੇ ਵਾਹਨ ਵਿੱਚ ਭੱਜ ਗਏ। ਘਟਨਾ ਤੋਂ ਤੁਰੰਤ ਬਾਅਦ ਫੋਰੈਂਸਿਕ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।