ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ‘ਤੇ ਮੁਫਤ ਬਿਜਲੀ ਦੇ ਨਾਂ ‘ਤੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸਰਮਾ ਨੇ ਕਿਹਾ ਕਿ ਇਸ ਵਾਅਦੇ ਨੂੰ ਪੂਰਾ ਕਰਨਾ ਦਾਅਵਿਆਂ ਵਿਚ ਵੱਡਾ ਪਰ ਹਕੀਕਤ ਵਿਚ ਬਹੁਤ ਛੋਟਾ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਐਲਾਨ ਵਿਚ ਕਈ ਸ਼ਰਤਾਂ ਸ਼ਾਮਲ ਹਨ ਅਤੇ ਇਹ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਧੋਖਾ ਦੇਣ ਦਾ ਸਦੀਆਂ ਪੁਰਾਣਾ ਤਰੀਕਾ ਹੈ। ਇਸ ਤਹਿਤ ‘ਆਪ’ ਸਰਕਾਰ ਨੇ ਸਮਾਜ ਦੇ ਕਈ ਵਰਗਾਂ ਲਈ ਪਹਿਲਾਂ ਤੋਂ ਚੱਲ ਰਹੀਆਂ ਸਕੀਮਾਂ ਨੂੰ ਨਾ ਸਿਰਫ ਬਦਲਿਆ ਹੈ, ਸਗੋਂ ਆਮ ਵਰਗ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਐਲਾਨ ਅਨੁਸਾਰ ਜੇਕਰ ਜਨਰਲ ਵਰਗ ਨਾਲ ਸਬੰਧਤ ਕੋਈ ਖਪਤਕਾਰ ਦੋ ਮਹੀਨਿਆਂ ਵਿਚ 600 ਯੂਨਿਟਾਂ ਤੋਂ ਇਕ ਯੂਨਿਟ ਦੀ ਵੀ ਵੱਧ ਖਪਤ ਕਰਦਾ ਹੈ ਤਾਂ ਉਸ ਨੂੰ ਪੂਰਾ ਬਿੱਲ ਅਦਾ ਕਰਨਾ ਪਵੇਗਾ ਜਦੋਂਕਿ ਮੁੱਖ ਮੰਤਰੀ ਨੇ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਚੋਣ ਵਾਅਦਾ ਕਰਦਿਆਂ ਕਦੇ ਵੀ ਅਜਿਹਾ ਨਹੀਂ ਕਿਹਾ ਸੀ।ਸ਼ਰਮਾ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ‘ਆਪ’ ਨੇ ਹਕੀਕਤ ‘ਚ ਕਦੇ ਵੀ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਕਈ ਸ਼ਰਤਾਂ ਰੱਖੀਆਂ ਹਨ, ਇਸ ਨਾਲ ਸਮਾਜ ਦਾ ਵੱਡਾ ਵਰਗ ਅਣਗੌਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲਾਂ ਹੀ 27 ਲੱਖ ਦੇ ਕਰੀਬ ਖਪਤਕਾਰ ਪ੍ਰਤੀ ਮਹੀਨਾ 200 ਯੂਨਿਟ ਮੁਫਤ ਬਿਜਲੀ ਦਾ ਲਾਭ ਲੈ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੇ ਸਿਰਫ 100 ਯੂਨਿਟ ਵਾਧੂ ਜੋੜ ਕੇ ਇਸ ਦੇ ਨਾਲ ਹੀ ਕਈ ਸ਼ਰਤਾਂ ਵੀ ਲਗਾਈਆਂ ਹਨ, ਜੋ ਕਿ ਬਹੁਤੇ ਲੋਕ ਪੂਰਾ ਨਹੀਂ ਕਰ ਸਕਣਗੇ।