ਲੰਬੀ – ਸ਼ੋ੍ਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਰੱਦ ਹੋਈ ਰੈਲੀ ਸਬੰਧੀ ਬੋਲਦੇ ਕਿਹਾ ਕਿ ਜਿੰਮੇਵਾਰ ਅਫਸਰਾਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਸੂੁਬੇ ਨੂੰ ਸਜਾ ਨਹੀਂ ਦੇਣੀ ਚਾਹੀਦੀ। ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਲੋਕਤੰਤਰ ਹੈ। ਸ. ਬਾਦਲ ਅੱਜ ਲੰਬੀ ਹਲਕੇ ਦੇ ਪਿੰਡਾਂ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸੂਬੇ ਦੀਆਂ ਦੁਸ਼ਮਣ ਪਾਰਟੀਆਂ ਦਸਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਜੱਦੀ ਹਲਕਾ ਲੰਬੀ ਦੇ ਪਿੰਡਾਂ ਦਾ ਲਗਾਤਰ ਦੌਰਾ ਕੀਤਾ ਜਾ ਰਿਹਾ ਹੈ। ਅੱਜ ਵੀ ਕੜਾਕੇ ਦੀ ਠੰਡ ਅਤੇ ਬੂੰਦਾਂ ਬਾਂਦੀ ਦੇ ਬਾਵਜੂਦ ਵੀ ਸਾਬਕਾ ਮੁੱਖ ਮੰਤਰੀ ਬਾਦਲ ਨੇ ਹਲਕੇ ਦੇ ਪਿੰਡ ਸਹਿਣਾ ਖੇੜਾ, ਮਨੀਆਂ ਵਾਲਾ, ਦਿਉਣ ਖੇੜਾ, ਆਧਨੀਆਂ ਆਦਿ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਨੇ 2022 ਦੀਆਂ ਚੋਣਾਂ ਲਈ ਅਕਾਲੀ ਦਲ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ। ਇਸ ਦੌਰਾਨ ਪਿੰਡ ਮਨੀਆਂ ਵਾਲਾ ’ਚ 30 ਦੇ ਕਰੀਬ ਪਰਿਵਾਰ ਕਾਂਗਰਸ ਛੱਡ ਕੇ ਸ਼ੋ੍ਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਜਿਨ੍ਹਾਂ ਦਾ ਸਰੋਪੇ ਪਾ ਕੇ ਸਵਾਗਤ ਕੀਤਾ ਗਿਆ। ਦੂਜੇ ਪਾਸੇ ਪਿੰਡ ਮਨੀਆਂ ਵਾਲਾ ਦੇ ਸਰਪੰਚ ਦਵਿੰਦਰਪਾਲ ਸਿੰਘ ਨੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬਾਦਲ ਦਾ ਹਲਕਾ ਲੰਬੀ ਨਾਲ ਗੂੜਾ ਪਿਆਰ ਹੈ ਉਹ ਹਮੇਸ਼ਾ ਦੁਖ ਸੁਖ ਵਿਚ ਸ਼ਾਮਲ ਹੁੰਦੇ ਹਨ।