ਚੰਡੀਗੜ੍ਹ – ਪੰਜਾਬ ‘ਚ ਭਾਜਪਾ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਇਹ ਗੱਲ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ‘ਚ ਕਹੀ। ਸੂਬੇ ‘ਚ ਸਾਲ 2022 ਦੀ ਸ਼ੁਰੂਆਤ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਨੇ 77 ਸੀਟਾਂ ਜਿੱਤ ਕੇ ਸੂਬੇ ‘ਚ ਮੁਕੰਮਲ ਬਹੁਮਤ ਹਾਸਲ ਕੀਤਾ ਸੀ ਤੇ 10 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੂੰ ਬਾਹਰ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ 117 ਮੈਂਬਰੀ ਪੰਜਾਬ ਵਿਧਾਨ ਸਭਾ ‘ਚ 20 ਸੀਟਾਂ ਜਿੱਤ ਕੇ ਦੂਸਰੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਸ਼੍ਰੋਮਣੀ ਅਕਾਲੀ ਦਲ (SAD) ਸਿਰਫ਼ 15 ਸੀਟਾਂ ਹੀ ਜਿੱਤ ਸਕੀ, ਜਦਕਿ ਭਾਜਪਾ ਨੂੰ 3 ਸੀਟਾਂ ਮਿਲੀਆਂ। ਉਸ ਵੇਲੇ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਸੀ, ਪਰ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਅਕਾਲੀ ਦਲ ਭਾਜਪਾ ਤੋਂ ਅਲੱਗ ਹੋ ਗਈ ਸੀ। ਇਸ ਵਾਰ ਭਾਜਪਾ ਆਪਣੇ ਦਮ ‘ਤੇ ਚੋਣ ਮੈਦਾਨ ‘ਚ ਕੁੱਦੇਗੀ।
ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਆਪਣੀ ਹੀ ਸਰਕਾਰ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਵਾਰ ਸਿੱਧੂ ਕਿਤੇ ਨਾ ਕਿਤੇ ਸੱਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਐਲਾਨ ਕਰ ਰਹੇ ਹਨ, ਉਸ ਦੇ ਲਈ ਫੰਡ ਕਿੱਥੋਂ ਆਵੇਗਾ, ਇਹ ਸਰਕਾਰ ਦੱਸ ਹੀ ਨਹੀਂ ਰਹੀ ਹੈ। ਸਿੱਧੂ ਨੇ ਵੀ ਠੀਕ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਕਿ ਸਰਕਾਰ ਕੋਲ ਫੰਡ ਦੀ ਘਾਟ ਨਹੀਂ। ਉਨ੍ਹਾਂ ਕਿਹਾ ਕਿ ਬਿਜਲੀ ਟੈਰਿਫ ‘ਤੇ ਵੀ ਸਰਕਾਰ ਨੇ ਲੋਕਾਂ ਨੂੰ ਧੋਖੇ ਵਿਚ ਰੱਖਿਆ ਹੈ।
ਦੱਸ ਦੇਈਏ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਖਿਲਾਫ਼ ਨਿਸ਼ਾਨਾ ਵਿੰਨ੍ਹਦੇ ਰਹੇ ਹਨ। ਭਾਜਪਾ ਨੇ ਵੀ ਚੰਨੀ ਖਿਲਾਫ਼ ਮੁਹਿੰਮ ਛੇੜੀ ਹੋਈ ਹੈ। ਅਜਿਹੇ ਵਿਚ ਸਿੱਧੂ ਦੀ ਬਿਆਨਬਾਜ਼ੀ ਨਾਲ ਭਾਜਪਾ ਨੂੰ ਨਿਸ਼ਾਨਾ ਵਿੰਨ੍ਹਣ ‘ਚ ਆਸਾਨੀ ਹੋ ਰਹੀ ਹੈ। ਅਸ਼ਵਨੀ ਸ਼ਰਮਾ ਨੇ ਪੈਟਰੋਲ-ਡੀਜ਼ਲ ਦੇ ਮੁੱਦੇ ‘ਤੇ ਵੀ ਚੰਨੀ ਸਰਕਾਰ ਨੂੰ ਘੇਰਿਆ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸੀ ਆਗੂ ਹੁਣ ਤਕ ਕੇਂਦਰ ਸਰਕਾਰ ਨੂੰ ਤੇਲ ਕੀਮਤਾਂ ਦੇ ਵਾਧੇ ਲਈ ਜ਼ਿੰਮੇਵਾਰ ਠਹਿਰਾ ਰਹੇ ਸਨ। ਕੇਂਦਰ ਸਰਕਾਰ ਨੇ ਪੈਟਰੋਲ ਪੰਜ ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਕੀਤਾ ਹੈ। ਹੁਣ ਪੰਜਾਬ ਸਰਕਾਰ ਨੂੰ ਵੀ ਪੈਟਰੋਲ-ਡੀਜ਼ਲ ‘ਤੇ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਅਸ਼ਵਨੀ ਸ਼ਰਮਾ ਨੇ ਕਾਂਗਰਸੀਆਂ ਨੂੰ ਸਲਾਹ ਦਿੱਤੀ ਹੈ ਕਿ ਹੁਣ ਉਹ ਆਪਣੇ ਮੁੱਖ ਮੰਤਰੀ ਖਿਲਾਫ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ। ਲੁਧਿਆਣਾ ‘ਚ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਪਹੁੰਚੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਿਆਸਤ ਲਈ ਵਿਰੋਧ ਕਰਦੀ ਹੈ। ਜੇਕਰ ਕਾਂਗਰਸ ਸੱਚਮੁਚ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਤਾਂ ਪੰਜਾਬ ‘ਚ ਵੀ ਪੈਟਰੋਲ ਤੇ ਡੀਜ਼ਲ ਦੇ ਭਾਅ ਗੁਆਂਢੀ ਸੂਬਿਆਂ ਦੇ ਬਰਾਬਰ ਕਰਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਾਲਾਂ ਤੇ ਤੇਲਾਂ ਦੀ ਕੀਮਤ ਘਟਾਉਣ ਲਈ ਵੀ ਸਖ਼ਤ ਕਦਮ ਚੁੱਕੇ ਹਨ ਜਿਸ ਦਾ ਅਸਰ ਅਗਲੇ ਕੁਝ ਦਿਨਾਂ ਵਿਚ ਦਿਸਣ ਲੱਗੇਗਾ।