ਜਲੰਧਰ, (ਪਰਮਿੰਦਰ ਸਿੰਘ) – ਉੱਤਰਾਖੰਡ ਦੇ ਰਿਸ਼ੀਕੇਸ਼ ‘ਚ ਉਥੋਂ ਦੇ ਇਕ ਕੌਂਸਲਰ ਵੱਲੋਂ ਬਿਨਾਂ ਕਿਸੇ ਕਾਰਨ ਬੀਤੇ ਦਿਨ ਦੋ ਸਕੇ ਸਿੱਖ ਭਰਾਵਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਹਨਾਂ ਦੀ ਦਸਤਾਰ ਉਤਾਰ ਕੇ ਬੁਰੀ ਤਰ੍ਹਾਂ ਨਾਲ ਘੜੀਸਿਆ ਗਿਆ। ਜਿਸ ਦੇ ਵਿਰੋਧ ਵਿੱਚ ਜਲੰਧਰ ਦੀ ਸਿਰਮੋਰ ਸੰਸਥਾ “ਸਿੱਖ ਤਾਲਮੇਲ ਕਮੇਟੀ” ਵਲੋ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਓਹਨਾ ਵਲੋ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਕਮੇਟੀ ਦੀ ਮੰਗ ਨੂੰ ਭਾਰਤ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬੋਲਦਿਆ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ , ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ ਮੀਡੀਆ ਇੰਚਾਰਜ, ਵਿੱਕੀ ਸਿੰਘ ਖਾਲਸਾ ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਆਏ ਦਿਨ ਇਹੋ ਜਿਹੀਆਂ ਘਿਨੋਣੀਆਂ ਘਟਨਾਵਾਂ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਕਿਹਾ ਇਹੋ ਜਿਹੀਆਂ ਘਟਨਾਵਾਂ ਸਿੱਖਾ ਸਮੇਤ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਦੀ ਇੱਕ ਸੋਚੀ ਸਮਝੀ ਅਤੇ ਗਿਣੀ ਮਿਥੀ ਸਾਜਿਸ਼ ਹੈ। ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ। ਕਿ ਅਜੇ ਕੁਝ ਸਮਾਂ ਪਹਿਲਾਂ, ਜਿਸ ਇਲਾਕੇ ਵਿੱਚ ਕੁਦਰਤੀ ਆਫਤ ਵੇਲੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਸਿੱਖਾਂ ਵੱਲੋਂ ਹਰ ਲੋੜਵੰਦ ਦੀ ਬਾਂਹ ਫੜੀ ਗਈ ਸੀ । ਉਸੇ ਇਲਾਕੇ ਵਿੱਚ ਹੀ ਸਿੱਖਾਂ ਨੂੰ ਇਸ ਤਰ੍ਹਾਂ ਨਾਲ ਜਲੀਲ ਕੀਤਾ ਗਿਆ। ਅਸੀਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਹਰ ਗੁਰਸਿੱਖ ਅਤੇ ਅਮਨ ਪਸੰਦ ਲੋਕਾਂ ਦੇ ਮਨਾਂ ਨੂੰ ਨਾ ਕੇਵਲ ਅੰਦਰ ਤਕ ਵਲੂੰਦਰ ਦੀਆਂ ਹਨ ਬਲਕਿ ਸਿੱਖਾਂ ਅੰਦਰ ਬੇਗਾਨਿਆਂ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਟੁੱਟਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਿੱਖ ਇਸ ਦੇਸ਼ ਵਿੱਚ ਅਮਨ ਅਮਾਨ ਅਤੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ ਪਰ ਬਾਰ-ਬਾਰ ਸਿੱਖਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਓਹਨਾ ਅੰਦਰ ਰੋਹ ਪੈਦਾ ਕਰਦਾ ਹੈ।
‘ਸਿੱਖ ਤਾਲਮੇਲ ਕਮੇਟੀ” ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਘਵੀਰ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਪਹਿਲ ਦੇ ਅਧਾਰ ‘ਤੇ ਯਕੀਨੀ ਬਣਾਉਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਹੋ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੋਤ ਸਿੰਘ ਨੂਰ,ਪਲਵਿੰਦਰ ਸਿੰਘ ਬਾਬਾ, ਅਜੀਤ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਪਰਮਾਰ ਆਦੀ ਹਾਜਰ ਸਨ।