Literature Articles

ਪੰਜਾਬ ਦੀ ਮਿੱਟੀ ਨੂੰ ਮਣਾਂ ਮੂੰਹੀਂ ਪਿਆਰ ਕਰਨ ਵਾਲਾ ਸਾਹਿਤਕਾਰ – ਸ: ਅਮਰੀਕ ਸਿੰਘ ਤਲਵੰਡੀ

ਲੇਖਕ: ਛਿੰਦਾ ਧਾਲੀਵਾਲ, ਕੁਰਾਈ ਵਾਲਾ

ਆਪਣੀਆ ਜੀਵਨੀਆਂ ਅਤੇ ਆਪਣੀਆਂ ਇੰਟਰਵਿਊ ਵਿੱਚ ਹਰ ਪੰਜਾਬੀ ਸਖਸ਼ੀਅਤ ਇੱਕ ਗੱਲ ਜਰੂਰ ਕਹਿੰਦੇ ਹਨ ਕਿ ਅਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ ਹਾ, ਪਰ ਇਹਨਾ ਵਿਚੋਂ ਬਹੁਤ ਸਾਰੇ ਪੈਸੇ ਦੀ ਚਮਕ ਦਮਕ ਦੇਖ ਕੇ ਝੱਟ ਆਪਣੀ ਧਰਤੀ ਮਾਂ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਹਨ, ਬਹੁਤ ਥੋੜੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜੋ ਆਪਣੀ ਜਨਮਭੂਮੀ ਦਾ ਕਰਜ਼ ਉਤਾਰਨ ਦੀ ਹਮੇਸ਼ਾ ਯਤਨਸ਼ੀਲ ਰਹਿੰਦੀਆਂ ਹਨ। ਅੱਜ ਮੈਂ ਅਜਿਹੀ ਮਹਾਨ ਸਖ਼ਸ਼ੀਅਤ ਦੀ ਗੱਲ ਕਰਨ ਜਾ ਰਿਹਾ ਹਾ ਜਿਨਾ ਨੇ ਆਪਣੀ ਜਨਮਭੂਮੀ ਪੰਜਾਬ ਦੀ ਸੇਵਾ ਕਰਨ ਲਈ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਅਮਰੀਕਾ ਵਰਗੇ ਅਮੀਰ ਦੇਸ ਦੇ ਗਰੀਨ ਕਾਰਡ ਨੂੰ ਠੋਕਰ ਮਾਰ ਦਿੱਤੀ। ਪੰਜਾਬੀ ਸਾਹਿਤ, ਪੰਜਾਬੀ ਗੀਤਕਾਰੀ, ਪੰਜਾਬੀ ਵਿਰਸਾ ਅਤੇ ਪੰਜਾਬੀ ਮਾਂ ਬੋਲੀ ਦੀ ਸੱਚੇ ਦਿਲ ਨਾਲ਼ ਸੇਵਾ ਕਰਨ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆ ਵਿੱਚ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਪੰਜਾਬੀ ਸਾਹਿਤਕ ਖ਼ੇਤਰ ਦੇ ਕੋਹਿਨੂਰ ਹੀਰੇ ਸ: ਅਮਰੀਕ ਸਿੰਘ ਤਲਵੰਡੀ ਦਾ ਜਨਮ 12 ਦਸੰਬਰ 1949 ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਂ ਵਿਖੇ ਪਿਤਾ ਸ: ਪਾਲ ਸਿੰਘ ਦੇ ਘਰ ਅਤੇ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆਂ, ਬਚਪਨ ਵਿਚ ਮਾਤਾ ਪਿਤਾ ਨੂੰ ਇਲਮ ਵੀ ਨਹੀ ਸੀ ਕਿ ਇਹ ਬਾਲ ਵੱਡਾ ਹੋ ਕੇ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਬਣ ਕੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਂਗਾ। ਮੁੱਢਲੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਲਈ ਜਗਰਾਉਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਫ਼ਰ ਤੈਅ ਕੀਤਾ, ਇਸ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਬਤੌਰ ਪੰਜਾਬੀ ਅਧਿਆਪਕ ਤੌਰ ਤੇ ਅਨੇਕਾਂ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ,  ਬੜੇ ਖੁਸ਼ਨਸੀਬ ਹੋਣਗੇ ਉਹ ਵਿਦਿਆਰਥੀ ਜਿਨਾਂ ਨੂੰ ਅਮਰੀਕ ਸਿੰਘ ਤਲਵੰਡੀ ਵਰਗੇ ਨਾਮਵਰ ਸਹਿਤਕਾਰ ਤੋਂ ਵਿਦਿਆ ਗ੍ਰਹਿਣ ਕਰਨ ਦਾ ਮੌਕਾ ਮਿਲਿਆ ਹੋਵੇਗਾ । 1988 ਵਿੱਚ ਆਪ ਦੀਆਂ ਬੇਹਤਰੀਨ ਸੇਵਾਵਾਂ ਕਰਕੇ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ, ਇਸ ਤੋਂ ਬਾਅਦ 1993 ਵਿੱਚ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਸ: ਅਮਰੀਕ ਸਿੰਘ ਤਲਵੰਡੀ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ, ਇਸ ਤੋਂ ਇਲਾਵਾ ਬਾਲ ਸਾਹਿਤਕ ਸ੍ਰੋਮਣੀ ਅਵਾਰਡ ਅਤੇ ਲਗਭਗ 150 ਵੱਖ-ਵੱਖ ਜਥੇਬੰਦੀਆਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਹਨੇਰੀਆਂ ਰਾਤਾਂ ਵਿੱਚ ਕਲਮ ਦੇ ਦੀਪ ਜਲਾ ਕੇ ਰੌਸ਼ਨੀਆਂ ਕਰਨ ਵਾਲਾ ਪੰਜਾਬੀ ਮਾਂ ਬੋਲੀ ਦਾ ਮਾਣ ਅਮਰੀਕ ਸਿੰਘ ਤਲਵੰਡੀ ਨੇ ਸੈਂਕੜੇ ਪੰਜਾਬੀ ਸਭਿਆਚਾਰਕ, ਪਰਿਵਾਰਕ, ਇਤਹਾਸਿਕ, ਧਾਰਮਿਕ ਗੀਤਾਂ ਰਾਹੀਂ ਪੰਜਾਬੀ ਸਾਹਿਤ ਅਤੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ। ਸਭ ਤੋ ਪਹਿਲਾਂ ਪੰਜਾਬੀ ਸ੍ਰੋਮਣੀ ਗਾਇਕ ਸੁਰਿੰਦਰ ਛਿੰਦਾ ਨੇ ਅਮਰੀਕ ਤਲਵੰਡੀ ਦਾ ਸੁਨੇਹਾ ਗੀਤ ਰਾਹੀਂ ਪੰਜਾਬੀਆਂ ਦੇ ਰੂਬਰੂ ਕੀਤਾ, ਜਿਸ ਨੂੰ ਪੰਜਾਬੀਆਂ ਨੇ ਮਣਾਂ ਮੂੰਹੀਂ ਪਿਆਰ ਬਖਸ਼ਿਆਂ ਇਸ ਨਾਲ ਅਮਰੀਕ ਤਲਵੰਡੀ ਨੂੰ ਬਹੁਤ ਹੌਂਸਲਾ ਮਿਲਿਆਂ ਫੇਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਨੇਕਾਂ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀ ਦੇ ਨਾਮਵਰ ਕਲਾਕਾਰਾਂ ਨੇ ਆਪਣੀਆਂ ਆਵਾਜਾਂ ਨਾਲ ਨਿਵਾਜਿਆ ਅਤੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਤੱਕ ਪਹੁੰਚਦਾ ਕੀਤਾ। ਜਿਨਾਂ ਕਲਾਕਾਰਾਂ ਵਿਚੋਂ ਪ੍ਰਮੁੱਖ ਹਨ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਸ੍ਰੋਮਣੀ ਕਲਾਕਾਰ ਸੁਰਿੰਦਰ ਛਿੰਦਾ, ਨੌਜਵਾਨਾਂ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ, ਬੁਲੰਦ ਅਵਾਜ਼ ਦੇ ਮਾਲਕ ਸਵ. ਗਾਇਕ ਦਿਲਸ਼ਾਦ ਅਖ਼ਤਰ, ਵਿਰਸੇ ਦਾ ਵਾਰਿਸ ਗਾਇਕ ਪਾਲ਼ੀ ਦੇਤਵਾਲੀਆ, ਪੰਜਾਬੀ ਸਾਹਿਤਕ ਗਾਇਕ ਰੰਜਨਾ, ਗਾਇਕ ਸਤਪਾਲ ਕਿੰਗਰਾ, ਗਾਇਕ ਅੰਗਰੇਜ਼ ਅਲੀ, ਗਾਇਕਾ ਗੁਲਸ਼ਨ ਕੋਮਲ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਆਪਣੀਆਂ ਆਵਾਜਾਂ ਨਾਲ ਅਮਰੀਕ ਸਿੰਘ ਤਲਵੰਡੀ ਦੇ ਖੂਬਸੂਰਤ ਗੀਤਾਂ ਨੂੰ  ਸ਼ਿਗਾਰਿਆ, ਜਦੋਂ ਅਮਰੀਕ ਸਿੰਘ ਤਲਵੰਡੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜ਼ਿਕਰ ਕਰਦੇ ਹਨ ਉਹਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਕਿਉਂਕਿ ਕੁਲਦੀਪ ਮਾਣਕ ਨਾਲ ਤਲਵੰਡੀ ਸਾਬ ਦਾ ਰੂਹਾਂ ਦਾ ਪਿਆਰ ਸੀ, ਹਮੇਸ਼  ਕੁਲਦੀਪ ਮਾਣਕ ਨਾਲ਼ ਬਚ਼ਪਨ ਦੀ ਯਾਰੀ ਦਾ ਜ਼ਿਕਰ ਕਰਿਆ ਕਰਦੇ ਹਨ   ਅਮਰੀਕ ਸਿੰਘ ਤਲਵੰਡੀ ਨੇ ਜ਼ਮਾਨੇ ਦੀ ਦੌੜ ਵਿੱਚ ਸ਼ਾਮਲ ਲਈ ਕਦੇ ਗੀਤਾਂ ਨਾਲ ਸਮਝੋਤਾ ਨਹੀ ਕੀਤਾ। ਪੰਜਾਬੀ ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਸੱਚੇ ਦਿਲੋਂ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ। ਮੈਂ ਮਹਿਸੂਸ ਕਰਦਾ ਹਾ ਕਿ ਸ: ਅਮਰੀਕ ਸਿੰਘ ਤਲਵੰਡੀ ਸਾਹਿਤ ਦਾ ਉਹ ਭੰਡਾਰ ਹਨ, ਜੋ ਕਦੇ ਖਤਮ ਨਹੀਂ ਹੋ ਸਕਦਾ, ਜਿਨੀ ਇਸ ਭੰਡਾਰ ਦੀ ਵਰਤੋਂ ਕਰਾਂਗੇ, ਇਹ ਉਹਨਾ ਹੀ ਵਿਸ਼ਾਲ ਹੁੰਦਾ ਰਹੇਂਗਾ, ਸ: ਅਮਰੀਕ ਸਿੰਘ ਤਲਵੰਡੀ ਲਾਇਬਰੇਰੀ ਦਾ ਉਹ ਰੂਪ ਰੂਹ ਜੋ ਲੋਕਾਂ ਦੇ ਕੁੰਡੇ ਖੜਕਾ ਕੇ ਗਿਆਨ ਵੰਡ ਰਹੀ ਏ,

ਪੰਜਾਬੀ ਸਾਹਿਤ ਵਿੱਚ ਬਾਲ ਸਾਹਿਤ ਨੂੰ ਸਭ ਵੱਧ ਉਤਸ਼ਾਹਿਤ ਕਰਨ ਲਈ ਜੇ ਕਿਸੇ ਸਾਹਿਤਕਾਰ ਨੇ ਜੀਅ ਜਾਨ ਲਾ ਕੇ ਮਿਹਨਤ ਕੀਤੀ ਆ ਤਾ ਉਹ ਅਮਰੀਕ ਸਿੰਘ ਤਲਵੰਡੀ ਜੀ ਹਨ, ਜਿਨਾਂ ਨੇ ਬਾਲ ਸਾਹਿਤ ਦੀਆਂ 20 ਕਿਤਾਬਾ ਪ੍ਰਕਾਸ਼ਿਤ ਕਰਵਾ ਕੇ ਬਾਲ ਸਾਹਿਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਬਾਲ ਸਾਹਿਤ ਨੂੰ ਐਨੇ ਰੌਚਕ ਢੰਗ ਨਾਲ ਲਿਖਿਆਂ ਉਹ ਬੱਚਿਆਂ ਦੇ ਮਨੋਰੰਜਨ ਦੇ ਨਾਲ ਪ੍ਰੇਰਨਾ ਸਰੋਤ ਬਣਿਆ, ਜਦੋਂ ਅਮਰੀਕ ਸਿੰਘ ਤਲਵੰਡੀ ਨੇ ਅਧਿਆਪਕ ਹੁੰਦਿਆਂ ਇਹ ਮਹਿਸੂਸ ਕੀਤਾ ਕਿ ਬੱਚੇ ਸਿੱਖ ਧਰਮ ਤੋਂ ਦੂਰ ਹੋ ਰਹੇ ਹਨ, ਉਹਨਾ ਨੂੰ ਗੁਰੂ ਸਹਿਬਾਨਾਂ ਦੀਆਂ ਜੀਵਨੀਆਂ ਬਾਰੇ ਤਾ ਕੀ ਪਤਾ ਹੋਣਾ ਸੀ, ਉਹਨਾ ਨੂੰ ਤਾ ਦਸ ਗੁਰੂ ਸਾਹਿਬਾਨਾਂ ਦੇ ਨਾਮ ਵੀ ਯਾਦ ਨਹੀਂ ਫਿਰ ਉਹਨਾ ਨੇ ਦਸ ਗੁਰੂ ਸਾਹਿਬਾਨਾਂ ਦੀਆਂ ਜੀਵਨੀਆਂ ਕਵਿਤਾਵਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਈਆਂ, ਫੇਰ ਦੇਸ਼ ਭਗਤਾਂ, ਸ਼ਹੀਦਾਂ ਦੀਆਂ ਜੀਵਨੀਆਂ ਅਤੇ ਕੁਰਬਾਨੀਆਂ ਨੂੰ ਕਵਿਤਾਵਾਂ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ, ਜਿਸ ਰਾਹੀ ਬੱਚਿਆਂ ਨੂੰ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀਆਂ ਜੀਵਨੀਆਂ ਤੋਂ ਜਾਣੂ ਕਰਵਾਇਆ, ਬੱਚਿਆਂ ਦੀ ਪੜ੍ਹਾਈ ਵਿੱਚ ਰੁੱਚੀ ਪੈਦਾ ਕਰਨ ਲਈ ਵੀਹ ਤੱਕ ਦੇ ਹਿਸਾਬ ਦੇ ਪਹਾੜਿਆਂ ਨੂੰ ਸਰਲ ਕਰਕੇ ਕਵਿਤਾ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ, ਜੋ ਵੱਖ-ਵੱਖ ਪੰਜਾਬੀ ਦੇ ਅਖ਼ਬਾਰਾਂ ਵਿੱਚ ਛਪੀਆਂ,  ਜਿਸ ਨਾਲ ਬੱਚਿਆਂ ਨੂੰ ਜਿਥੇ ਪਹਾੜੇ ਯਾਦ ਹੋਏ ਉਥੇ ਬਹੁਤ ਸਾਰੀਆਂ ਨੈਤਿਕ ਕਦਰਾਂ-ਕੀਮਤਾਂ ਅਤੇ ਇਤਹਾਸਕ ਤੱਥਾਂ ਤੋਂ ਜਾਣੂੰ ਕਰਵਾਇਆ, ਮੈਂ ਤਾ ਆਪਣੀ ਸਮਝ ਮੁਤਾਬਕ ਅਮਰੀਕ ਸਿੰਘ ਤਲਵੰਡੀ ਨੂੰ ਬਾਲ ਸਾਹਿਤ ਦਾ ਪਿਤਾਮਾ ਹੀ ਕਹਾਂਗਾ, ਜਿਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਬਚਿਆਂ ਨੂੰ ਸਾਡੇ ਇਤਿਹਾਸ ਨਾਲ਼, ਸਾਡੇ ਸਭਿਆਚਾਰ ਨਾਲ, ਸਾਡੇ ਵਿਰਸੇ ਨਾਲ ਅਤੇ ਵਿਦਿਆਰਥੀਆਂ ਨੂੰ ਪੜਾਈ ਨਾਲ਼ ਜੋੜ ਕੇ ਰੱਖਿਆਂ।
ਹੁਣ ਤੱਕ ਲਗਭਗ 35 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ,  ਅਮਰੀਕ ਸਿੰਘ ਤਲਵੰਡੀ ਨੇ ਆਪਣੀਆਂ ਮਿੰਨੀ ਕਹਾਣੀਆਂ ਰਾਹੀ ਹਮੇਸ਼ਾ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਹੁਤ ਥੋੜੇ ਸ਼ਬਦਾਂ ਵਿਚ ਬਹੁਤ ਵੱਡਿਆਂ ਸਿਖਿਆ ਦਿੱਤੀਆਂ ਹਨ, ਹਮੇਸ਼ਾ ਸਮਾਜਿਕ ਕੁਰੀਤੀਆਂ ਨੂੰ, ਸਮਾਜਿਕ ਹਲਾਤਾਂ ਤੇ ਗਏ ਆਪਣੀਆਂ ਮਿੰਨੀ ਕਹਾਣੀਆਂ ਰਾਹੀ ਚੋਟਾਂ ਮਾਰੀਆਂ ਹਨ, ਅਮਰੀਕ ਤਲਵੰਡੀ ਜੀ ਕਵਿਤਾਵਾਂ ਨੂੰ ਆਪਣੀ ਰੂਹ ਦੇ ਸਭ ਤੋਂ ਨੇੜੇ ਮੰਨਦੇ ਹਨ, ਆਪਣੀਆ ਸਾਰੀਆਂ ਰਚਨਾਵਾਂ ਨੂੰ ਬੱਚਿਆਂ ਵਾਂਗ ਪਿਆਰ ਕਰਦੇ ਹਨ,  ਪੰਜਾਬੀ ਸਾਹਿਤ ਦੀ ਸਿਰਜਨਾ ਕਰਦਿਆਂ ਕਦੇ ਵੀ ਤਲਵੰਡੀ ਸਾਬ ਲਕੀਰ ਦੇ ਫਕੀਰ ਨਹੀ ਬਣੇ, ਬਹੁਤ ਕੁਝ ਵੱਖਰਾ ਕਰਕੇ ਸਮਾਜ ਦੀ ਝੋਲ਼ੀ ਵਿਚ ਪਾਇਆ ਏ,
ਇੱਕ ਹੋਰ ਵਜਾ ਕਰਕੇ ਵੀ ਅਮਰੀਕ ਸਿੰਘ ਤਲਵੰਡੀ ਹਮੇਸ਼ਾ ਚਰਚਾ ਵਿਚ ਰਹੇ ਹਨ, ਆਪਣੇ ਸਕੂਟਰ ਦੀ ਸਟੀਪਨੀ ਦੇ ਕਵਰ ਤੇ ਹਰ 10-15 ਦਿਨਾ ਬਾਅਦ ਨਵਾਂ ਸ਼ੇਅਰ ਲਿਖਵਾਉਂਦੇ, ਜਿਸ ਨੂੰ ਹਰੇਕ ਇਨਸਾਨ ਪੜਦਾ, ਇਹ ਸ਼ੇਅਰ ਹਮੇਸ਼ਾ ਸਮਾਜ ਲਈ ਪ੍ਰੇਰਨਾ ਸਰੋਤ ਬਣਦੇ ਹਨ, ਇਸ ਤਰਾਂ ਦੇ ਕਵਰ ਉਹ ਫਰੀ ਲੋਕਾਂ ਵਿੱਚ ਵੰਡਦੇ ਹਨ। ਬਹੁਤ ਥੋੜੇ ਸ਼ਬਦਾਂ ਵਿੱਚ ਵੱਡੀਆਂ ਵੱਡੀਆਂ ਗੱਲਾਂ ਨੂੰ ਬਿਆਨ ਕਰਦੇ ਹਨ। ਲੋਕਾਂ ਦੀ ਮਨੋਦਸ਼ਾ ਨੂੰ ਸਮਝਦੇ ਹੋਏ ਥੋੜੇ ਸ਼ਬਦਾਂ ਵਿਚ ਵੱਡਾ ਸੁਨੇਹਾ ਦਿੰਦੇ ਹਨ, ਉਹ ਸਮਝਦੇ ਹਨ ਕਿ ਬਹੁਤ ਥੋੜੇ ਲੋਕ ਨੇ ਜੋ ਅੱਜ ਦੇ ਸਮੇਂ ਵਿੱਚ ਕਿਤਾਬਾਂ ਪੜ੍ਹਦੇ ਹਨ, ਇਸ ਕਰਕੇ ਆਪਣਾ ਸੁਨੇਹਾ ਥੋੜੇ ਸ਼ਬਦਾਂ ਵਿਚ ਦਿੰਦੇ ਹਨ।
ਸਾਡੀ ਕੇਂਦਰ ਸਰਕਾਰ ਦੁਆਰਾ ਲਿਆਂਦੇ ਕਿਸਾਨ ਵਿਰੋਧੀ ਬਿੱਲਾਂ ਲਈ ਸ: ਅਮਰੀਕ ਸਿੰਘ ਤਲਵੰਡੀ ਨੇ ਹਮੇਸ਼ਾ ਆਪਣੀ ਅਵਾਜ਼ ਬੁਲੰਦ ਕੀਤੀ ਹੈ। ਇਸ ਦੇ ਰੋਸ ਵਜੋਂ ਭਾਰਤ ਸਰਕਾਰ ਦੁਆਰਾ ਦਿੱਤਾ ਗਿਆ ਨੈਸ਼ਨਲ ਅਵਾਰਡ ਭਾਰਤ ਦੇ ਰਾਸ਼ਟਰਪਤੀ ਨੂੰ ਵਾਪਿਸ ਕੀਤਾਂ, ਵੱਖ-ਵੱਖ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ, ਕਿਸਾਨ ਵਿਰੋਧੀ ਬਿੱਲਾਂ ਦਾ ਵਿਰੋਧ ਕੀਤਾ ਅਤੇ ਅਦੋਲਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਅਮਰੀਕ ਸਿੰਘ ਤਲਵੰਡੀ ਦੀ ਘਰ ਦੀ ਫੁਲਵਾੜੀ ਵਿੱਚ ਦੋ ਧੀਆਂ ਇੱਕ ਪੁੱਤਰ ਘਰ ਦੇ ਵਿਹੜੇ ਨੂੰ ਮਹਿਕਾਉਦੇ ਹੋਏ ਆਪਣੇ ਪਿਤਾ ਦੇ ਪਾਏ ਪੂਰਨਿਆਂ ਤੇ ਚੱਲ ਰਹੇ ਹਨ।  ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਤਿਕਾਰਯੋਗ ਸ: ਅਮਰੀਕ ਸਿੰਘ ਤਲਵੰਡੀ ਦੀ ਉਮਰ ਲੋਕ-ਗੀਤਾਂ ਜਿਨੀ ਲੰਮੀ ਹੋਵੇ, ਜਿਸ ਇਨਸਾਨ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਅਮਰੀਕਾ ਸਰਕਾਰ ਵੱਲੋਂ ਦਿੱਤੇ ਗਰੀਨ ਕਾਰਡ ਨੂੰ ਠੋਕਰ ਮਾਰ ਕੇ ਪੰਜਾਬ ਵਿੱਚ ਰਹਿ ਪੰਜਾਬੀ ਸਾਹਿਤ ਨੂੰ ਤਰਜੀਹ ਦਿੱਤੀ ਹੋਵੇ, ਉਸ ਇਨਸਾਨ ਅੱਗੇ ਹਮੇਸ਼ਾ ਸਾਡਾ ਸਿਰ ਝੁਕਦਾ ਏ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

Related posts

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

admin

ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ-ਸੰਗ੍ਰਹਿ !

admin