Punjab

ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੀ.ਐਸ.ਡੀ.ਐਮ. ਵੱਲੋਂ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ

ਚੰਡੀਗੜ੍ਹ – ਰੋਜ਼ਗਾਰ ਦੇ ਬਦਲਦੇ ਰੁਝਾਨਾਂ ਮੁਤਾਬਕ ਪੰਜਾਬ ਦੇ ਨੌਜਵਾਨਾਂ ਦੀ ਯੋਗਤਾ ਅਤੇ ਉੱਦਮੀ ਹੁਨਰ ਨੂੰ ਹੋਰ ਹੁਲਾਰਾ ਦੇਣ ਵਾਸਤੇ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ) ਨੇ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ ਕੀਤਾ ਹੈ।
ਇਸ ਸਮਝੌਤੇ ‘ਤੇ ਪੀ.ਐਸ.ਡੀ.ਐਮ. ਦੇ ਮਿਸ਼ਨ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ (ਆਈ.ਏ.ਐਸ.) ਅਤੇ ਤਾਲੇਰੰਗ ਦੀ ਸਹਿਯੋਗੀ ਸੰਸਥਾ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਦੀ ਮੁਖੀ ਸ਼ਵੇਤਾ ਰੈਨਾ ਨੇ ਹਸਤਾਖ਼ਰ ਕੀਤੇ। ਇਸ ਭਾਈਵਾਲੀ ਦਾ ਉਦੇਸ਼ ਰੋਜ਼ਗਾਰ ਸਬੰਧੀ ਸਿਖਲਾਈ, ਹੁਨਰ ਵਿਕਾਸ, ਇੰਟਰਨਸ਼ਿਪਸ ਅਤੇ ਨੌਕਰੀ ਦੀ ਪੇਸ਼ਕਸ਼ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ।
ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਮੱਰਥ ਬਣਾਉਣ ਦੇ ਆਪਣੇ ਉਦੇਸ਼ ਵੱਲ ਅੱਗੇ ਵਧਣ ਲਈ ਸਮੁੱਚੇ ਵਿਭਾਗ ਦੀ ਸ਼ਲਾਘਾ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਭਾਈਵਾਲੀ ਪੰਜਾਬ ਵਿੱਚ ਹੁਨਰਮੰਦ ਅਤੇ ਰੋਜ਼ਗਾਰ ਯੋਗਤਾ ਵੱਲ ਅਹਿਮ ਕਦਮ ਨੂੰ ਦਰਸਾਉਂਦੀ ਹੈ, ਜੋ ਟਿਕਾਊ ਰੋਜ਼ਗਾਰ ਸੰਭਾਵਨਾਵਾਂ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਦੇ ਵੱਡੇ ਟੀਚੇ ਦੀ ਤਰਜ਼ ‘ਤੇ ਹੈ। ਉਨ੍ਹਾਂ ਕਿਹਾ ਕਿ ਵਿਭਾਗ ਸੂਬੇ ਦੇ ਨੌਜਵਾਨਾਂ ਲਈ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਭਵਿੱਖੀ ਰੋਜ਼ਗਾਰ ਲਈ ਤਿਆਰ ਕਰਨ ਵਾਸਤੇ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਇਸ ਭਾਈਵਾਲੀ ਬਾਰੇ ਵਿਸਥਾਰ ਵਿੱਚ ਦੱਸਦਿਆਂ ਮਿਸ਼ਨ ਡਾਇਰੈਕਟਰ ਮਿਸ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਸ ਪਹਿਲਕਦਮੀ ਨੂੰ ਆਨਲਾਈਨ ਅਤੇ ਆਫ਼ਲਾਈਨ ਢੰਗ ਨਾਲ ਇੱਕ ਹਾਈਬ੍ਰਿਡ ਮਾਡਲ ਰਾਹੀਂ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਹਿੱਸਾ ਲੈਣ ਵਾਲਿਆਂ ਲਈ ਕੋਈ ਫ਼ੀਸ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ 10,000 ਯੋਗ ਉਮੀਦਵਾਰਾਂ ਦੇ ਸਮੂਹ ਵਿੱਚੋਂ ਸਿਖਰਲੇ 1,000 ਉਮੀਦਵਾਰਾਂ ਦੀ ਚੋਣ ਸਮੂਹ ਦੇ ਸਲਾਹਕਾਰ ਅਤੇ ਸਿਖਲਾਈਕਰਤਾ ਵਜੋਂ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਸਿਖਰਲੇ 500 ਉਮੀਦਵਾਰ ਇੱਕ ਆਨਲਾਈਨ ਪਲੇਟਫਾਰਮ ਅਤੇ ਮੁਲਾਂਕਣ ਸਾਧਨਾਂ ਤੱਕ ਪਹੁੰਚ ਕਰ ਸਕਣਗੇ, ਜਿਸ ਵਿੱਚੋਂ ਸਿਖਰਲੇ 100 ਉਮੀਦਵਾਰ ਇੰਟਰਨਸ਼ਿਪ ਅਤੇ ਪਲੇਸਮੈਂਟ ਲਈ ਚੁਣੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਾਜੈਕਟ ਦਾ ਉਦੇਸ਼ ਉਨ੍ਹਾਂ ਦੇ ਚੁਣੇ ਹੋਏ ਹੁਨਰ ਖੇਤਰਾਂ ਵਿੱਚ ਵਿਹਾਰਕ ਅਨੁਭਵ ਲਈ ਮਾਈਕਰੋ-ਇੰਟਰਨਸ਼ਿਪ ਪ੍ਰਦਾਨ ਕਰਨਾ, ਵਿਅਕਤੀਗਤ ਸਲਾਹ ਦੇਣਾ ਜਿਵੇਂ ਵਨ-ਟੂ-ਵਨ ਮੌਕ ਇੰਟਰਵਿਊ ਤੇ ਫੀਡਬੈਕ ਅਤੇ ਐਪ ਜ਼ਰੀਏ ਨਿਰੰਤਰ ਸਹਾਇਤਾ ਪ੍ਰਦਾਨ ਕਰਨਾ ਹੈ।
ਪੀ.ਐਸ.ਡੀ.ਐਮ. ਅਤੇ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਦਰਮਿਆਨ ਭਾਈਵਾਲੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਿਸ ਅੰਮ੍ਰਿਤ ਸਿੰਘ ਨੇ ਕਿਹਾ ਕਿ ਇਹ ਸਾਂਝਾ ਯਤਨ ਉਮੀਦਵਾਰਾਂ ਨੂੰ ਗਤੀਸ਼ੀਲ ਨੌਕਰੀ ਲਈ ਤਿਆਰ ਕਰਨ ਵਾਸਤੇ ਫਾਊਂਡੇਸ਼ਨ ਦੀ ਮੁਹਾਰਤ ਦੀ ਵਰਤੋਂ ਕਰਦਿਆਂ ਮੁਲਾਂਕਣ ਅਤੇ ਸਿਖਲਾਈ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਅਤੇ ਉੱਦਮੀ ਹੁਨਰ ਨੂੰ ਹੁਲਾਰਾ ਦੇਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਉਦਯੋਗ ਦੀਆਂ ਲੋੜਾਂ ਮੁਤਾਬਕ ਹੁਨਰਮੰਦ ਬਣ ਸਕਣ ਅਤੇ ਮੌਕਿਆਂ ਦਾ ਪੂਰਾ ਲਾਭ ਲੈ ਸਕਣ।

Related posts

ਪੰਜਾਬ ਵਿੱਚ ਹੜ੍ਹਾਂ ਨੇ 37 ਸਾਲਾਂ ਬਾਅਦ ਵੱਡੀ ਤਬਾਹੀ ਮਚਾਈ ਹੈ !

admin

ਪੰਜਾਬ ਦੇ 23 ਜਿਲ੍ਹੇ ਹੜ੍ਹਾਂ ਦੀ ਮਾਰ ਹੇਠ : ਦਿੱਲੀ ਵਿੱਚ ਵੀ ਹਾਲਾਤ ਗੰਭੀਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin