ਅਬੋਹਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਰਵਾਰ ਨੂੰ ਅਬੋਹਰ ‘ਚ ਪੰਜਾਬ ਚੋਣਾਂ ਦੇ ਮੱਦੇਨਜ਼ਰ ਆਖਰੀ ਰੈਲੀ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਅਬੋਹਰ ਵਿੱਚ ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਵਾਲੇ ਰਸਤੇ ‘ਤੇ ਲੈ ਕੇ ਜਾਣ ਵਾਲੀ ਸਰਕਾਰ ਦੀ ਲੋੜ ਹੈ ਅਤੇ ਪੰਜਾਬ ਨੂੰ ਇਹ ਖੁਸ਼ਹਾਲੀ ਭਾਜਪਾ ਦੇ ਰਾਜ ਵਿੱਚ ਹੀ ਮਿਲ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਆਖਰੀ ਪੰਜਾਬ ਫੇਰੀ ਹੈ, ਮੈਂ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਕਈ ਖੇਤਰਾ ਵਿੱਚ ਗਿਆ ਹੈ ਅਤੇ ਪੰਜਾਬ ‘ਚ ਸਿਰਫ਼ ਇੱਕ ਹੀ ਆਵਾਜ਼ ਗੂੰਜ ਰਹੀ ਹੈ, ਕਿ ਭਾਜਪਾ ਨੂੰ ਜਿਤਾਉਣਾ ਹੈ, ਐਨਡੀਏ ਨੂੰ ਜਿਤਾਉਣਾ ਹੈ। ਪੰਜਾਬ ਵਿੱਚ ਹੁਣ ਡਬਲ ਇੰਜਨ ਵਾਲੀ ਸਰਕਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਚੋਣਾਂ ਨਹੀਂ ਹਨ, ਸਗੋਂ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਲਈ ਮਹੱਤਵਪੂਰਨ ਚੋਣਾਂ ਹਨ। 20 ਤਰੀਕ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਵਿਰੋਧੀ ਪਾਰਟੀਆਂ ਦੇ ਗੁਨਾਹਾਂ ਦਾ ਹਿਸਾਬ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਦੇਸ਼ ਵਿੱਚ ਰਾਜ ਦੌਰਾਨ ਪੰਜਾਬ ਦਾ ਵਿਕਾਸ ਸਭ ਤੋਂ ਤੇਜ਼ੀ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਨ ‘ਤੇ ਪੰਜਾਬ ਵਿਚੋਂ ਰੇਤ ਮਾਫੀਆ, ਡਰੱਗ ਮਾਫੀਆ ਸਦਾ ਲਈ ਅਲਵਿਦਾ ਕਹਿ ਦੇਵੇਗਾ ਅਤੇ ਪੰਜਾਰਬ ਵਿੱਚ ਉਦਯੋਗਿਕ ਇਕਾਈਆਂ ਨਵੀਂ ਊਰਜਾ ਫੂਕਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ, ਪਰ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਉਦਯੋਗ ਇਥੋਂ ਰਜਾ ਰਹੇ ਹਨ। ਪਰੰਤੂ ਸਾਡੀ ਦੋਹਰੇ ਇੰਜਨ ਵਾਲੀ ਸਰਕਾਰ ਇਸ ਹਾਲਾਤ ਨੂੰ ਬਦਲ ਕੇ ਰੱਖ ਦੇਵੇਗੀ। ਉਨ੍ਹਾਂ ਕਿਹਾ ਅੱਜ ਪੰਜਾਬ ਦਾ ਹਰ ਕਾਰੋਬਾਰ ਮਾਫੀਆ ਦੀ ਜਕੜ ਹੇਠ ਹੈ, ਵਪਾਰੀ ਵਰਗ ਮਾਫੀਆ ਦੀ ਮਿਹਰ ‘ਤੇ ਰਹਿਣ ਲਈ ਮਜਬੂਰ ਹਨ ਜਦਕਿ ਸਭ ਤੋਂ ਵੱਡੀ ਸਮੱਸਿਆ ਛੋਟੇ ਵਪਾਰੀਆਂ ਨੂੰ ਭੁਗਤਣੀ ਪੈ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀ ਵੇਖੋਗੇ ਕਿ ਦੇਸ਼ ਦੇ ਅਜਿਹੇ ਕਈ ਸੂਬੇ ਹਨ ਜਿੱਥੇ ਕਾਂਗਰਸ ਇੱਕ ਵਾਰ ਗਈ, ਪਰ ਵਾਪਸ ਨਹੀਂ ਆਈ। ਉਨ੍ਹਾਂ ਕਿਹਾ ਕਿ ਜਿੱਥੇ ਜਿਥੇ ਭਾਜਪਾ ਨੂੰ ਆਸ਼ੀਰਵਾਦ ਮਿਲਿਆ, ਉੱਥੇ ਕਾਂਗਰਸ ਦਾ ਜੜ੍ਹ ਤੋਂ ਸਫਾਇਆ ਹੋ ਗਿਆ।
ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਪਹਿਲੀ ਵਾਰੀ ਵੋਟ ਦੀ ਵਰਤੋਂ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਇਹ ਪਹਿਲੀ ਵਾਰੀ ਵੋਟ ਤੁਹਾਡੀ ਜ਼ਿੰਦਗੀ ਦਾ ਮਹੱਤਵਪੂਰਨ ਮੌਕਾ ਹੈ। ਜਦੋਂ ਤੁਸੀ ਵੋਟ ਪਾਉਣ ਜਾ ਰਹੇ ਹੋ, ਮਤਲਬ ਤੁਸੀ ਪੰਜਾਬ ਦਾ ਭਵਿੱਖ ਤੈਅ ਕਰਨ ਦੇ ਫੈਸਲੇ ਵਿੱਚ ਹਿੱਸੇਦਾਰ ਬਣ ਰਹੋ ਹੋ।