ਪਟਿਆਲਾ – ਸਾਦੇ ਕੱਪੜਿਆਂ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਪਟਿਆਲਾ ਵਿਖੇ ਇੱਕ ਫੌਜੀ ਅਧਿਕਾਰੀ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ 13 ਮਾਰਚ ਨੂੰ ਵਾਪਰੀ ਘਟਨਾ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਨੇ ਰਾਜੇਂਦਰ ਹਸਪਤਾਲ ਦੇ ਨੇੜੇ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਫੌਜੀ ਅਧਿਕਾਰੀ ਅਤੇ ਉਸਦੇ ਪੁੱਤਰ ਦੀ ਖੂਬ ਕੁੱਟਮਾਰ ਕੀਤੀ ਸੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸਾਦੇ ਕੱਪੜਿਆਂ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਨੇ ਕਰਨਲ ਪੁਸ਼ਪੇਂਦਰ ਬਾਠ (ਦਿੱਲੀ ਆਰਮੀ ਹੈੱਡਕੁਆਰਟਰ ਵਿੱਚ ਤਾਇਨਾਤ) ਨੂੰ ਆਪਣੀ ਗੱਡੀ ਪਾਰਕ ਕਰਨ ਲਈ ਕਿਹਾ। ਜਦੋਂ ਅਧਿਕਾਰੀ ਨੇ ਪੁਲਿਸ ਵਾਲਿਆਂ ਦੇ ਲਹਿਜੇ ‘ਤੇ ਇਤਰਾਜ਼ ਕੀਤਾ ਤਾਂ ਵਿਵਾਦ ਹੋਰ ਵੀ ਵੱਧ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਅਧਿਕਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕਰਨਲ ਦੇ ਪੁੱਤਰ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲਿਆਂ ਨੇ ਉਸਨੂੰ ਵੀ ਕੁੱਟਿਆ।
ਇਸ ਘਟਨਾ ਸਬੰਧੀ ਐਸਐਸਪੀ ਡਾ ਨਾਨਕ ਸਿੰਘ ਨੇ ਕਿਹਾ ਹੈ ਕਿ, “ਇਹ ਇੱਕ ਮੰਦਭਾਗੀ ਘਟਨਾ ਹੈ ਜਿਸ ਵਿੱਚ ਇੱਕ ਫੌਜੀ ਅਧਿਕਾਰੀ ਅਤੇ ਪੁਲਿਸ ਵਿਚਕਾਰ ਝੜਪ ਹੋਈ। ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਫੌਜ ਦਾ ਸਤਿਕਾਰ ਸਾਡੀ ਤਰਜੀਹ ਹੈ। ਪੁਲਿਸ ਅਤੇ ਸਥਾਨਕ ਫੌਜ ਯੂਨਿਟ ਵਿਚਕਾਰ ਹਮੇਸ਼ਾ ਹੀ ਸੁਹਿਰਦ ਸਬੰਧ ਰਹੇ ਹਨ ਅਤੇ ਅਸੀਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਵਿਭਾਗੀ ਜਾਂਚ ਲਈ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਜਾਂਚ ਸਮਾਂਬੱਧ ਹੋਵੇਗੀ ਅਤੇ 45 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਵੇਗੀ।