ਫਗਵਾੜਾ, (ਪਰਮਿੰਦਰ ਸਿੰਘ) – ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸਵਰਗੀ ਪੈਨਸ਼ਨਰ ਆਗੂ ਸਾਧੂ ਸਿੰਘ ਜੱਸਲ ਦੇ ਮਾਤਾ ਜੀ ਸ਼੍ਰੀ ਮਤੀ ਚਰਨ ਕੌਰ ਦੇ ਸਦੀਵੀ ਵਿਛੋੜੇ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਾਂਝੇ ਤੌਰ ‘ਤੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਲੰਬੇ ਸਮੇਂ ਤੋਂ ਲਟਕਦੇ ਬਕਾਏ ਯਕਮੁਸ਼ਤ ਇੱਕੋ ਹੀ ਵਾਰ ਪੂਰੇ ਬਕਾਏ ਦੇਣ ਦੀ ਜ਼ੋਰਦਾਰ ਮੰਗ ਕੀਤੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਕਾਏ ਮਿਲਣ ਨੂੰ ਉਡੀਕਦੇ ਉਡੀਕਦੇ ਲੱਗ ਭੱਗ 35000 ਹਜ਼ਾਰ ਪੈਨਸ਼ਨਰ ਇਸ ਦੁਨੀਆਂ ਨੂੰ ਛੱਡ ਕੇ ਸਵਰਗ ਸਿਧਾਰ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਅਤੇ ਲਾਗੂ ਕਰਨ ਲਈ ਤੁਰੰਤ ਗੰਭੀਰਤਾ ਨਾ ਦਿਖਾਈ ਤਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਵੀ ਜ਼ਿਆਦਾ ਬੁਰਾ ਹਾਲ ਹੋਵੇਗਾ। ਇੱਕ ਵੱਖਰਾ ਮਤਾ ਪਾਸ ਕਰਕੇ ਸਰਕਾਰੀ ਹਸਪਤਾਲਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਪੰਜਾਬ ਸਰਕਾਰ ਦੇ ਬਿਆਨ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਆਪਣੇ ਕੀਤੇ ਹੋਏ ਚੋਣ ਵਾਅਦੇ ਅਨੁਸਾਰ ਪੰਜਾਬ ਸਰਕਾਰ ਆਪਣੇ ਖਰਚੇ ਅਤੇ ਜ਼ਿੰਮੇਵਾਰੀ ‘ਤੇ ਪੰਜਾਬ ਦੇ ਨਾਗਰਿਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਤੁਰੰਤ ਪ੍ਰਬੰਧ ਕਰੇ। ਦੂਜਾ ਮਤਾ ਪਾਸ ਕਰਦੇ ਹੋਏ ਫ਼ਗਵਾੜਾ ਵਿਖੇ ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਸ਼ਹੀਦ -ਏ-ਆਜ਼ਮ ਸ.ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਮੀਟਿੰਗ ਵਿੱਚ 17 ਮਾਰਚ ਨੂੰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ (ਰਜਿ)ਦੀ ਹੋਣ ਵਾਲੀ ਚੋਣ ਵਿੱਚ ਭਾਗ ਲੈਣ ਵਾਲੇ ਡੈਲੀਗੇਟਾਂ ਨੂੰ ਸਮੇਂ ਸਿਰ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਪੁੱਜਣ ਦੀ ਅਪੀਲ ਵੀ ਕੀਤੀ ਗਈ। ਹਾਜ਼ਰ ਮੈਂਬਰਾਂ ਨਾਲ ਆਮਦਨ/ਖ਼ਰਚ ਦੇ ਵੇਰਵੇ ਸਾਂਝੇ ਕਰਦੇ ਹੋਏ ਕੀਤੇ ਗਏ ਖਰਚੇ ਪਾਸ ਕੀਤੇ ਗਏ।
ਮੀਟਿੰਗ ਦੇ ਆਖ਼ਰ ਵਿੱਚ ਅਗਲੇ ਦੋ ਸਾਲਾਂ ਲਈ ਐਸੋਸੀਏਸ਼ਨ ਦੀ ਚੋਣ ਕਰਨ ਲਈ ਪੁਰਾਣੀ ਕਮੇਟੀ ਨੂੰ ਭੰਗ ਕਰ ਦਿੱਤਾ ਅਤੇ ਚੋਣ ਪ੍ਰਕਿਰਿਆ ਪੂਰੀ ਕਰਨ ਲਈ ਬੇਨਤੀ ਕੀਤੀ। ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਕਰਨੈਲ ਸਿੰਘ ਸੰਧੂ ਵਲੋਂ ਪੇਸ਼ ਕੀਤੇ ਗਏ ਚੋਣ ਪੈਨਲ ਨੂੰ ਸਰਬ ਸੰਮਤੀ ਨਾਲ ਪਾਸ ਕਰਦੇ ਹੋਏ ਕਰਨੈਲ ਸਿੰਘ ਸੰਧੂ ਸਰਪ੍ਰਸਤ,ਮੋਹਣ ਸਿੰਘ ਭੱਟੀ ਪ੍ਰਧਾਨ, ਕੁਲਦੀਪ ਸਿੰਘ ਕੌੜਾ ਜਨਰਲ ਸਕੱਤਰ ਦੂਜੀ ਵਾਰ,ਵਿੱਤ ਸਕੱਤਰ ਗੁਰਨਾਮ ਸਿੰਘ ਸੈਣੀ, ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ, ਜਥੇਬੰਦਕ ਸਕੱਤਰ ਨਿਰਮੋਲਕ ਸਿੰਘ ਹੀਰਾ,ਐਡੀਟਰ ਕ੍ਰਿਸ਼ਨ ਗੋਪਾਲ ਚੋਪੜਾ, ਸੀਨੀਅਰ ਮੀਤ ਪ੍ਰਧਾਨ ਪ੍ਰਮੋਦ ਕੁਮਾਰ ਜੋਸ਼ੀ, ਜੁਆਇੰਟ ਸਕੱਤਰ ਸਤਪਾਲ ਸਿੰਘ ਖੱਟਕੜ,ਕੇ ਕੇ ਪਾਂਡੇ ਅਤੇ ਹਰਭਜਨ ਲਾਲ ਕੌਲ ਕਮੇਟੀ ਮੈਂਬਰ ਆਦਿ ਅਹੁਦੇਦਾਰ ਚੁਣੇ ਗਏ।ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਗਰੇਵਾਲ,ਜਸਵਿੰਦਰ ਸਿੰਘ ਫਗਵਾੜਾ, ਗੁਰਮੀਤ ਰਾਮ ਲੁੱਗਾ,ਕੇ ਕੇ ਪਾਂਡੇ, ਹਰਭਜਨ ਲਾਲ ਕੌਲ,ਨਰੇਸ਼ ਰਵੀ ਕਰ ਆਦਿ ਪੈਨਸ਼ਨਰ ਸਾਥੀ ਹਾਜ਼ਰ ਹੋਏ।