ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਨੇ ਪਿਛਲੇ ਇਜਲਾਸ ਤੋਂ ਬਾਅਦ ਵਿਛੜ ਚੁੱਕੀਆਂ ਉੱਘੀਆਂ ਸ਼ਖਸੀਅਤਾਂ, ਆਜ਼ਾਦੀ ਘੁਲਾਟੀਆਂ, ਪੱਤਰਕਾਰ ਤੋਂ ਇਲਾਵਾ ਸਿਆਸੀ ਹਸਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
16ਵੀਂ ਪੰਜਾਬ ਵਿਧਾਨ ਸਭਾ ਦੇ ਸੱਤਵੇਂ ਸੈਸ਼ਨ ਵਿਚ ਸਦਨ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ, ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਸਾਬਕਾ ਰਾਜ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਲੋਕ ਸਭਾ ਮੈਂਬਰ ਕਮਲ ਚੌਧਰੀ, ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ, ਸਾਬਕਾ ਵਿਧਾਇਕ ਧਨਵੰਤ ਸਿੰਘ, ਆਜ਼ਾਦੀ ਘੁਲਾਟੀਏ ਸਰਦੂਲ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਜਗਦੀਸ਼ ਪ੍ਰਸ਼ਾਦ, ਉੱਘੇ ਲੇਖਕ ਤੇ ਕਵੀ ਡਾ. ਸੁਰਜੀਤ ਪਾਤਰ, ‘ਸਪੋਕਸਮੈਨ’ ਅਖਬਾਰ ਦੇ ਸੰਸਥਾਪਕ ਜੋਗਿੰਦਰ ਸਿੰਘ, ‘ਪਹਿਰੇਦਾਰ’ ਅਖਬਾਰ ਦੇ ਸੰਪਾਦਕ ਜਸਪਾਲ ਸਿੰਘ ਹੇਰਾਂ ਤੋਂ ਇਲਾਵਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦੇ ਮਾਤਾ ਜਸਬੀਰ ਕੌਰ ਲਾਲੀ ਅਤੇ ਪਤੀ ਸ਼ਰਨਜੀਤ ਸਿੰਘ ਮਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਸਤਿਕਾਰ ਵਜੋਂ ਵਿਛੜ ਚੁੱਕੀਆਂ ਹਸਤੀਆਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ।