Punjab

ਪੰਜਾਬ ਵਿੱਚ ਚੋਣ ਪ੍ਰਚਾਰ ਬੰਦ: ਬਾਹਰੋਂ ਆਏ ਲੋਕਾਂ ਨੂੰ ਪੰਜਾਬ ਛੱਡਣਾ ਪਵੇਗਾ

ਚੰਡੀਗੜ੍ਹ – ਪੰਜਾਬ ਵਿੱਚ ਚੋਣ ਪ੍ਰਚਾਰ ਦਾ ਕੱਲ੍ਹ ਆਖਰੀ ਦਿਨ ਸੀ ਅਤੇ ਕੱਲ੍ਹ ਸ਼ਾਮ 6 ਵਜੇ ਬੰਦ ਹੋ ਗਿਆ ਹੈ। ਹੁਣ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਲੀ ਮੁਹੱਲਿਆਂ ਵਿੱਚ ਲਾਊਡ ਸਪੀਕਰਾਂ ਦੇ ਸ਼ੋਰ ਪ੍ਰਦੂਸ਼ਨ ਤੋਂ ਲੋਕਾਂ ਨੂੰ ਨਿਜਾਤ ਮਿਲੀ ਹੈ। ਹੁਣ ਪੋਲਿੰਗ ਪਾਰਟੀਆਂ ਸ਼ਨੀਵਾਰ 19 ਫਰਵਰੀ ਨੂੰ ਪੋਲਿੰਗ ਬੂਥਾਂ ਲਈ ਵੋਟ ਪ੍ਰਕਿਰਿਆਂ ਦਾ ਲੋੜੀਂਦਾ ਸਮਾਨ ਲੈ ਕੇ ਰਵਾਨਾ ਹੋਣਗੀਆਂ। ਪੰਜਾਬ ਵਿੱਚ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਬਾਹਰੋਂ ਚੋਣ ਪ੍ਰਚਾਰ ਲਈ ਆਏ ਲੋਕਾਂ ਨੂੰ ਪੰਜਾਬ ਛੱਡਣਾ ਪਵੇਗਾ। ਪੰਜਾਬ ਵਿੱਚ ਸਿਰਫ਼ ਉਹੀ ਲੋਕ ਰਹਿ ਸਕਣਗੇ, ਜਿਹੜੇ ਇੱਥੋਂ ਦੇ ਵੋਟਰ ਹਨ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਰਹਿਣ ਲਈ ਕੋਈ ਬਹਾਨਾ ਨਹੀਂ ਚੱਲੇਗਾ। ਇਸ ਦੌਰਾਨ ਚੋਣ ਕਮਿਸ਼ਨ ਦੀ ਟੀਮ ਪੰਜਾਬ ਦੇ ਹੋਟਲਾਂ, ਗੈਸਟ ਹਾਊਸਾਂ ਸਮੇਤ ਸਾਰੀਆਂ ਥਾਵਾਂ ਦੀ ਤਲਾਸ਼ੀ ਲਵੇਗੀ। ਜੇਕਰ ਕੋਈ ਬਾਹਰੀ ਵਿਅਕਤੀ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਬਾਹਰ ਕਰ ਦਿੱਤਾ ਜਾਵੇਗਾ।

ਪੰਜਾਬ ‘ਚ ਚੋਣ ਪ੍ਰਚਾਰ ਖਤਮ ਹੁੰਦੇ ਹੀ ਸ਼ਰਾਬ ਅਤੇ ਨਕਦੀ ਦੀ ਵੰਡ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਰਿਟਰਨਿੰਗ ਅਫ਼ਸਰ, ਫਲਾਇੰਗ ਸਕੁਐਡ ਅਤੇ ਪੁਲਿਸ ਟੀਮਾਂ ਵੱਖ-ਵੱਖ ਵਿਧਾਨ ਸਭਾ ਸੀਟਾਂ ‘ਤੇ ਚੈਕਿੰਗ ਸ਼ੁਰੂ ਕਰ ਦੇਣਗੀਆਂ। ਜਿਨ੍ਹਾਂ ਥਾਵਾਂ ‘ਤੇ ਗਰੀਬ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਆਉਣ-ਜਾਣ ਵਾਲੇ ਲੋਕਾਂ ਦੀ ਆਵਾਜਾਈ ‘ਤੇ ਵੀ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਬਾਰਡਰ ‘ਤੇ ਵੀ ਸਖ਼ਤੀ ਵਧਾ ਦਿੱਤੀ ਗਈ ਹੈ ਤਾਂ ਜੋ ਸ਼ਰਾਬ ਨਾ ਵੰਡੀ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਦੇ ਸ਼ਰਾਬ ਦੇ ਠੇਕੇ ਸ਼ਾਮ 6 ਵਜੇ ਤੋਂ ਲੈ ਕੇ 20 ਫਰਵਰੀ ਨੂੰ ਵੋਟਾਂ ਪੈਣ ਤੱਕ ਬੰਦ ਰਹਿਣਗੇ। ਇਸ ਦੌਰਾਨ ਕਿਸੇ ਵੀ ਹੋਟਲ, ਕਲੱਬ ਜਾਂ ਹੋਰ ਥਾਵਾਂ ‘ਤੇ ਸ਼ਰਾਬ ਪਰੋਸਣ ‘ਤੇ ਵੀ ਪਾਬੰਦੀ ਰਹੇਗੀ। ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਰਹੇਗੀ। ਪੰਜਾਬ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਵਾਲਾ ਦਿਨ ਵੀ ਡਰਾਈ ਡੇ ਹੀ ਰਹੇਗਾ।

ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਾਸਤੇ 20 ਫਰਵਰੀ 2022 ਨੂੰ ਹੋਣ ਵਾਲੀਆਂ ਚੋਣਾਂ ਲਈ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਦੋ ਟਰਾਂਸਜੈਂਡਰ ਅਤੇ 93 ਔਰਤਾਂ ਹਨ, ਜਦਕਿ 1209 ਉਮੀਦਵਾਰ ਪੁਰਸ਼ ਹਨ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐੱਸ ਕਰੁਣਾ ਰਾਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰਾਂ ਵਿੱਚੋਂ 9 ਉਮੀਦਵਾਰ 25 ਸਾਲ ਦੀ ਉਮਰ ਦੇ ਹਨ ਅਤੇ 6 ਉਮੀਦਵਾਰ 80 ਸਾਲ ਤੋਂ ਵੱਧ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ (83 ਨੰਬਰ) ਤੋਂ ਸਭ ਤੋਂ ਵਡੇਰੀ ਉਮਰ (94 ਸਾਲ) ਦੇ ਉਮੀਦਵਾਰ ਚੋਣ ਲੜ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਰਾਜ ਵਿੱਚ ਕੁੱਲ 21499804 ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 11298081 ਪੁਰਸ਼, 10200996 ਇਸਤਰੀਆਂ, 727 ਟਰਾਂਸਜੈਂਡਰ , 158341 ਦਿਵਿਆਂਗ ਵੋਟਰ, 109624 ਸਰਵਿਸ ਵੋਟਰ, 1608 ਪਰਵਾਸੀ ਵੋਟਰ ਅਤੇ 80 ਸਾਲ ਤੋਂ ਵੱਧ ਉਮਰ ਦੇ 509205 ਵੋਟਰ ਹਨ। ਉਨ੍ਹਾਂ ਦੱਸਿਆ ਕਿ 14684 ਪੋਲਿੰਗ ਸਥਾਨਾਂ `ਤੇ 24740 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 1051 ਪੋਲਿੰਗ ਸਥਾਨਾਂ `ਤੇ ਸਥਿਤ 2013 ਪੋਲਿੰਗ ਸਟੇਸ਼ਨਾਂ ਦੀ ਪਛਾਣ ਨਾਜ਼ੁਕ ਪੋਲਿੰਗ ਸਟੇਸ਼ਨਾ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਵਾਲੇ ਦਿਨ ਸਾਰੇ ਪੋਲਿੰਗ ਬੂਥਾਂ ਨੂੰ ਵੈਬਕਾਸਟਿੰਗ ਅਧੀਨ ਕਵਰ ਕੀਤਾ ਜਾਵੇਗਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin