Punjab

ਪੰਜਾਬ ਵਿੱਚ 20 ਗਊਆਂ ਦੀ ਹੱਤਿਆ: ਇਲਾਕੇ ‘ਚ ਤਨਾਅ

ਹੁਸ਼ਿਆਰਪੁਰ – ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ 20 ਗਾਵਾਂ ਮਰੀਆਂ ਹੋਈਆਂ ਮਿਲੀਆਂ। ਸਾਰੀਆਂ ਗਾਵਾਂ ਦੇ ਧੜ ਤੇ ਸਿਰ ਵੱਖ-ਵੱਖ ਮਿਲੇ ਹਨ। ਇਸ ਦਾ ਪਤਾ ਲੱਗਦੇ ਹੀ ਹਿੰਦੂ ਸੰਗਠਨ ਸੜਕਾਂ ‘ਤੇ ਉਤਰ ਆਏ। ਸੰਗਠਨਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਜਲੰਧਰ-ਪਠਾਨਕੋਟ-ਜੰਮੂ ਹਾਈਵੇ ਜਾਮ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਸਮਝਾ ਕੇ ਰੋਡ ਖਾਲੀ ਕਰਵਾਇਆ।

ਬਜਰੰਗ ਦਲ ਦੇ ਮੈਂਬਰ ਸੰਦੀਪ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਉੜਮੁੜ ਵਿੱਚ ਰੇਲਵੇ ਫਾਟਕ ਦੇ ਨੇੜੇ ਇੱਕ ਆਦਮੀ ਨੇ ਖੇਤਾਂ ਕੋਲ ਗਾਵਾਂ ਨੂੰ ਮ੍ਰਿਤ ਹਾਲਤ ਵਿੱਚ ਵੇਖਿਆ। ਇਨ੍ਹਾਂ ਵਿੱਚੋਂ ਵਧੇਰੇ ਗਾਵਾਂ ਦੇ ਸਿਰ ਕੱਟੇ ਗਏ ਸਨ ਤੇ ਧੜ ਵੱਖਰੇ ਪਏ ਸਨ। ਇਸ ਦੀ ਸੂਚਨਾ ਮਿਲਦੇ ਹੀ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਰਨ ਕਰਨ ਪਾਸੀ ਤੇ ਦੂਜੇ ਸੰਗਠਨਾਂ ਦੇ ਲੋਕ ਜਮ੍ਹਾ ਹੋ ਗਏ। ਮੌਕੇ ‘ਤੇ ਪੁਲਿਸ ਵੀ ਬੁਲਾਈ ਗਈ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਨਾਰਾਜ਼ ਹੋ ਕੇ ਹਿੰਦੂ ਸੰਗਠਨਾਂ ਦੇ ਮੈਂਬਰ ਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਜਲੰਧਰ-ਪਠਾਨਕੋਟ-ਜੰਮੂ-ਹਾਈਵੇ ਜਾਮ ਕਰ ਦਿੱਤਾ। ਇਹ ਪ੍ਰਦਰਸ਼ਨ ਕਈ ਘੰਟਿਆਂ ਤੱਕ ਚੱਲਿਆ, ਜਿਸ ਪਿੱਛੋਂ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 295 ਦੇ ਤਹਿਤ ਅਣਪਛਾਤੇ ਲੋਕਾਂ ‘ਤੇ ਪਰਚਾ ਦਰਜ ਕਰ ਲਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਲੰਧਰ ਤੇ ਹੁਸ਼ਿਆਰਪੁਰ ਦੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਕਿਉਂਕਿ ਘਟਨਾ ਰੇਲਵੇ ਲਾਈਨਾਂ ਕੋਲ ਹੋਈ ਸੀ, ਇਸ ਲਈ ਰੇਲਵੇ ਪੁਲਿਸ ਦੇ ਅਫਸਰ ਵੀ ਮੌਕੇ ‘ਤੇ ਪਹੁੰਚ ਗਏ।

ਇਸ ਤੋਂ ਪਹਿਲਾਂ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਗਾਵਾਂ ਨੂੰ ਇੱਕ ਟਰੱਕ ਵਿੱਚ ਇਥੇ ਲਿਆਇਆ ਗਿਆ ਸੀ, ਜਿਸ ਟਰੱਕ ਵਿੱਚ ਗਾਵਾਂ ਨੂੰ ਲਿਆਇਆ ਗਿਆ, ਉਸ ਵਿੱਚ ਅੱਗੇ ਆਲੂ ਦੀਆਂ ਬੋਰੀਆਂ ਰਖੀਆਂ ਗਈਆਂ ਸਨ। ਟਾਂਡਾ ਉੜਮੁੜ ਵਿੱਚ ਰੇਲਵੇ ਲਾਈਨ ਦੇ ਕੋਲ ਪਹੁੰਚਣ ਤੋਂ ਬਾਅਦ ਟਰੱਕ ਤੋਂ ਗਾਵਾਂ ਨੂੰ ਲਾਹ ਕੇ ਬੇਰਹਿਮੀ ਨਾਲ ਉਨ੍ਹਾਂ ਨੂੰ ਮਾਰ ਦਿੱਤਾ ਗਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਸਾਨ੍ਹ ਵੀ ਹਨ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਚੋਲਾਂਗ ਰੇਲਵੇ ਕ੍ਰਾਸਿੰਗ ਨੇੜੇ ਗਊਆਂ ਦੀ ਹੱਤਿਆ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸੂਬੇ ਦੇ ਪੁਲਿਸ ਮੁਖੀ ਨੂੰ ਡੂੰਘਾਈ ਨਾਲ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਭਗਵੰਤ ਮਾਨ ਨੇ ਡੀ.ਜੀ.ਪੀ. ਨੂੰ ਹਦਾਇਤ ਦਿੰਦਿਆਂ ਕਿਹਾ ਕਿ ਮਾੜੇ ਅਨਸਰਾਂ ਨੂੰ ਅਜਿਹੇ ਅਣਮਨੁੱਖੀ ਕਾਰਿਆਂ ਤੋਂ ਰੋਕਿਆ ਜਾਣਾ ਚਾਹੀਦਾ ਹੈ ਕਿਉਂ ਜੋ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨਾਲ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਹਰਗ਼ਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਹ ਵੀ ਕਿਹਾ ਕਿ ਗਊਆਂ ਦੇ ਸਿਰ ਵੱਢ ਦੇਣ ਵਾਲੀ ਦੁਖਦਾਇਕ ਘਟਨਾ ਵਿਚ ਸ਼ਾਮਲ ਪਾਏ ਜਾਣ ਵਾਲੇ ਹੋਰਨਾਂ ਵਿਅਕਤੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਘਿਨਾਉਣੇ ਕੰਮਾਂ ਵਿੱਚ ਸ਼ਾਮਲ ਬਾਕੀ ਲੋਕਾਂ ਲਈ ਵੀ ਮਿਸਾਲ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾ-ਮੁਆਫ ਕਰਨ ਯੋਗ ਅਤੇ ਬੇਹੱਦ ਸ਼ਰਮਨਾਕ ਘਟਨਾ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਸਾਰਿਆਂ ਵੱਲੋਂ ਇਸ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ ਜਾਣੀ ਚਾਹੀਦੀ ਹੈ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਡੇਰੇ ਜਨਤਕ ਹਿੱਤ ਵਿੱਚ ਇਸ ਸਥਿਤੀ ‘ਚ ਸੰਜਮ ਵਰਤਣ ਕਿਉਂਕਿ ਸੂਬਾ ਪੁਲੀਸ ਨੂੰ ਪਹਿਲਾਂ ਹੀ ਦੋਸ਼ੀਆਂ ਖ਼ਿਲਾਫ਼ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ।

Related posts

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

admin

ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ

admin

ਦਲਜੀਤ ਸਫ਼ੀਪੁਰ ਬਣੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ 

admin