ਨਵੀਂ ਦਿੱਲੀ – ਪੰਜਾਬ ਸਮੇਤ ਹੋਰ ਰਾਜਾਂ ਵਿਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੀ ਤਾਰੀਖ ਵਿਚ ਵਿਚ ਬਦਲਾਅ ਕੀਤੇ ਗਏ ਹਨ। ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਪੰਜਾਬ, ਉੱਤਰ ਪ੍ਰਦੇਸ਼ ਅਤੇ ਕੇਰਲ ਵਿੱਚ ਤਿਉਹਾਰਾਂ ਦੇ ਮੱਦੇਨਜ਼ਰ 13 ਨਵੰਬਰ ਦੀ ਤਾਰੀਖ਼ ਬਦਲ ਕੇ ਵੋਟਾਂ ਪੈਣ ਦੀ ਮਿਤੀ 20 ਨਵੰਬਰ ਤੈਅ ਕੀਤੀ ਹੈ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਵਿੱਚ 9, ਪੰਜਾਬ ਵਿੱਚ 4 ਅਤੇ ਕੇਰਲ ਵਿੱਚ ਇੱਕ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਨ੍ਹਾਂ ਵਿਚ ਪੰਜਾਬ ਦੇ ਚਾਰ ਵਿਧਾਨ ਸਭਾ ਹਲਕੇ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਸ਼ਾਮਲ ਹਨ। ਕਾਂਗਰਸ, ਭਾਜਪਾ, ਬਸਪਾ ਅਤੇ ਆਰਐਲਡੀ ਸਮੇਤ ਵੱਖ-ਵੱਖ ਪਾਰਟੀਆਂ ਨੇ ਵੱਖ-ਵੱਖ ਤਿਉਹਾਰਾਂ ਦੇ ਮੱਦੇਨਜ਼ਰ ਚੋਣਾਂ ਦੀ ਤਾਰੀਖ ਮੁੜ ਤੈਅ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਵੋਟਰਾਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ।
ਕਾਂਗਰਸ ਪਾਰਟੀ ਨੇ ਕਿਹਾ ਸੀ ਕਿ ਕੇਰਲ ਦੀ ਪਲੱਕੜ ਵਿਧਾਨ ਸਭਾ ਸੀਟ ’ਤੇ ਵੋਟਰਾਂ ਦਾ ਵੱਡਾ ਹਿੱਸਾ 13 ਤੋਂ 15 ਨਵੰਬਰ ਤੱਕ ਕਲਪਥੀ ਰਾਸਤੋਲਸਵਮ ਦਾ ਤਿਉਹਾਰ ਮਨਾਏਗਾ। ਪੰਜਾਬ ਵਿੱਚ ਪਾਰਟੀ ਨੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਮਨਾਇਆ ਜਾਵੇਗਾ ਅਤੇ 13 ਨਵੰਬਰ ਤੋਂ ‘ਸ੍ਰੀ ਅਖੰਡ ਪਾਠ’ ਆਰੰਭ ਕਰਵਾਏ ਜਾਣਗੇ।
ਭਾਜਪਾ, ਬਸਪਾ ਅਤੇ ਆਰਐਲਡੀ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿੱਚ ਲੋਕ 15 ਨਵੰਬਰ ਨੂੰ ਮਨਾਈ ਜਾਣ ਵਾਲੀ ਕਾਰਤਿਕ ਪੂਰਨਿਮਾ ਤੋਂ ਤਿੰਨ-ਚਾਰ ਦਿਨ ਪਹਿਲਾਂ ਯਾਤਰਾ ਕਰਦੇ ਹਨ, ਜਿਸ ਕਾਰਨ ਵੋਟਰਾਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਵੋਟਾਂ ਪੈਣ ਦੀ ਮਿਤੀ ਵਿੱਚ ਬਦਲਾਅ ਸਾਹਮਣੇ ਆਇਆ ਹੈ।