ਚੰਡੀਗੜ੍ਹ, (ਦਲਜੀਤ ਕੌਰ) – ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਉੱਚੀ ਦੁਕਾਨ ਫਿੱਕਾ ਪਕਵਾਨ ਦੱਸਦਿਆਂ ਕਿਹਾ ਹੈ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਖੇਤੀ ਖੇਤਰ ਦੇ ਸੰਕਟ ਨੂੰ ਹੱਲ ਕਰਨ ਪੱਖੋਂ ਬਜਟ ਪੂਰੀ ਤਰ੍ਹਾਂ ਦਿਸ਼ਾਹੀਨ ਬਜਟ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਮੰਗ ਨੂੰ ਬਜਟ ਵਿੱਚ ਮੂਲੋਂ ਹੀ ਵਿਸਾਰ ਦਿੱਤਾ ਹੈ। ਜਦੋਂ ਕਿ ਬਾਸਮਤੀ, ਮੱਕੀ, ਮੂੰਗੀ, ਆਲੂ, ਮਟਰ ਅਤੇ ਗੋਭੀ ਆਦਿ ਫਸਲਾਂ ਦੀ ਐਮਐਸਪੀ ਤੇ ਖਰੀਦ ਸਬੰਧੀ ਮੰਗ ਤੋਂ ਵੀ ਇੱਕ ਢੰਗ ਨਾਲ ਟਾਲਾ ਵੱਟ ਲਿਆ ਹੈ। ਦਿਨੋਂ ਦਿਨ ਗੰਭੀਰ ਹੋ ਰਹੇ ਪਾਣੀ ਦੇ ਸੰਕਟ ਨੂੰ ਹੱਲ ਕਰਨ ਅਤੇ ਨਹਿਰੀ ਢਾਂਚੇ ਦੀ ਕਾਇਆ ਕਲਪ ਕਰਨ ਲਈ ਰੱਖੀ ਰਕਮ ਬੇਹੱਦ ਨਿਗੂਣੀ ਹੈ ਜਿਸ ਨਾਲ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦੇ ਦਾਅਵੇ ਜੁਮਲੇ ਸਾਬਤ ਹੋਣਗੇ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸੂਬੇ ਦੀ 60% ਤੋਂ ਉੱਪਰ ਵਸੋਂ ਖੇਤੀ ਤੇ ਨਿਰਭਰ ਹੈ ਖੇਤੀ ਖੇਤਰ ਕੁੱਲ ਘਰੇਲੂ ਉਤਪਾਦਨ ਦਾ 27-28% ਦੇ ਲਗਭਗ ਹੈ ਜਦੋਂ ਕਿ ਸੂਬੇ ਦੇ 2,36,080 ਕਰੋੜ ਰੁਪਏ ਦੇ ਕੁੱਲ ਬਜਟ ਵਿੱਚੋਂ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ ਸਿਰਫ 14524 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜਿਹੜਾ ਕਿ ਕੁੱਲ ਬਜਟ ਦਾ 6.15% ਬੱਣਦਾ, ਇੰਨੀ ਨਿਗੂਣੀ ਰਕਮ ਨਾਲ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਉਲੀਕੀ ਜਾ ਸਕਦੀ। ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਵਿੱਤ ਮੰਤਰੀ ਨੇ ਖੇਤੀ ਬਜਟ ਵਿੱਚ ਪੰਜ ਪ੍ਰਤੀਸ਼ਤ ਦਾ ਵਾਧਾ ਕਰਨ ਲਈ ਆਪਣੀ ਪਿੱਠ ਆਪ ਥਾਪੜੀ ਹੈ ਪਰ ਬੀਤੇ ਸਾਲਾਂ ਦੇ ਮੁਕਾਬਲੇ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਅਸਲ ਵਿੱਚ ਇਹ ਵਾਧਾ ਕੋਈ ਵਾਧਾ ਨਹੀਂ ਹੈ।
ਫਸਲੀ ਵਿਭਿੰਨਤਾ ਦੇ ਨਾਂ ਤੇ ਸਾਉਣੀ ਦੀ ਮੱਕੀ ਸਬੰਧੀ 7000 ਰੁਪਏ ਪ੍ਰਤੀ ਏਕੜ ਸਹਾਇਤਾ ਦਾ ਜ਼ਿਕਰ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਸਰਕਾਰ ਤੋਂ ਛੇ ਫਸਲਾਂ ਬਾਸਮਤੀ, ਮੱਕੀ, ਮੂੰਗੀ, ਆਲੂ, ਮਟਰ ਅਤੇ ਗੋਭੀ ਆਦਿ ਦੀ ਐਮਐਸਪੀ ਤੇ ਖਰੀਦ ਗਾਰੰਟੀ ਦੀ ਮੰਗ ਕਰ ਰਿਹਾ ਸੀ। ਪਰ ਮੌਜੂਦਾ ਬਜਟ ਵਿੱਚ ਇਸ ਸਬੰਧੀ ਕੋਈ ਵਿਵਸਥਾ ਨਹੀਂ ਕੀਤੀ ਗਈ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੂਬੇ ਵਿੱਚ ਪਾਣੀ ਦੇ ਗੰਭੀਰ ਸੰਕਟ ਦੀਆਂ ਆ ਰਹੀਆਂ ਰਿਪੋਰਟਾਂ ਦੇ ਮੱਦੇ ਨਜ਼ਰ ਬੀਤੇ ਦਿਨੀ ਵਿਧਾਨ ਸਭਾ ਵਿੱਚ ਇਸ ਤੇ ਵਿਸ਼ੇਸ਼ ਬਹਿਸ ਕੀਤੀ ਗਈ ਸੀ ਜਿਸ ਤੋਂ ਆਸ ਬੱਝਦੀ ਸੀ ਕਿ ਪੰਜਾਬ ਸਰਕਾਰ ਇਸ ਸਬੰਧੀ ਲੋੜੀਂਦੇ ਘੱਟੋ ਘੱਟ 15 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕਰੇਗੀ। ਪਰ ਨਹਿਰੀ ਢਾਂਚੇ ਦੀ ਨਵੀਂ ਉਸਾਰੀ ਤੇ ਪੁਨਰ ਨਿਰਮਾਣ ਲਈ ਸਿਰਫ 3246 ਕਰੋੜ ਰੁਪਏ ਰੱਖੇ ਗਏ ਹਨ ਉਹਨਾਂ ਵਿੱਚੋਂ ਵੀ 1343 ਕਰੋੜ ਦੇ ਪ੍ਰੋਜੈਕਟ ਤਾਂ ਪਹਿਲਾਂ ਹੀ ਚੱਲ ਰਹੇ ਹਨ। ਇੰਨੀ ਨਿਗੂਣੀ ਰਕਮ ਨਾਲ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚਾਉਣ ਦਾ ਦਾਅਵਾ ਕਾਗਜੀ ਦਾਅਵਾ ਹੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਤੇ ਪਾਣੀ ਸੰਕਟ ਦੇ ਹੱਲ ਲਈ ਜੋਰਦਾਰ ਸੰਘਰਸ਼ ਕਰਨਾ ਪਵੇਗਾ।