ਫ਼ਗਵਾੜਾ, (ਪਰਮਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਅਤੇ ਬੇਰੁਖੀ ਦੇ ਵਿਰੁੱਧ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਪੰਜਾਬ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਅੱਜ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਫ਼ਗਵਾੜਾ ਦੇ ਗਿਆਰਾਂ ਮੈਂਬਰੀ ਜਥੇ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਗਵਾੜਾ ਦੇ ਦਫ਼ਤਰ ਅੱਗੇ ਇੱਕ ਦਿਨਾ ਭੁੱਖ ਹੜਤਾਲ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਭੁੱਖ ਹੜਤਾਲ ਦੇ ਜਥੇ ਵਿੱਚ ਮੋਹਣ ਸਿੰਘ ਭੱਟੀ, ਹੰਸ ਰਾਜ ਬੰਗੜ, ਰਾਜ ਕੁਮਾਰ ਦੁੱਗਲ, ਬਲਵੀਰ ਚੰਦ,ਡਾ.ਤਰਲੋਕ ਸਿੰਘ, ਕੁਲਦੀਪ ਸਿੰਘ ਕੌੜਾ, ਗਿਆਨ ਚੰਦ ਨਈਅਰ, ਕਰਨੈਲ ਸਿੰਘ ਸੰਧੂ,ਹਰੀ ਦੇਵ ਬੇਰੀ, ਗਿਆਨ ਚੰਦ, ਹਰਦੇਵ ਸਿੰਘ,ਕੇ.ਕੇ.ਪਾਂਡੇ,ਰਤਨ ਸਿੰਘ,ਭਾਗ ਮੱਲ, ਹਰਭਜਨ ਲਾਲ ਕੌਲ, ਗੁਰਨਾਮ ਸਿੰਘ ਸੈਣੀ ਆਦਿ ਜੁਝਾਰੂ ਪੈਨਸ਼ਨਰ ਸਾਥੀ ਸ਼ਾਮਲ ਹੋਏ। ਅੱਜ ਦੀ ਭੁੱਖ ਹੜਤਾਲ ਐਕਸ਼ਨ ਦੀ ਅਗਵਾਈ ਮੋਹਣ ਸਿੰਘ ਭੱਟੀ, ਰਾਜ ਕੁਮਾਰ ਦੁੱਗਲ, ਹੰਸ ਰਾਜ ਬੰਗੜ ਨੇ ਕੀਤੀ।
ਭੁੱਖ ਹੜਤਾਲ ਸਮੇਂ ਸੰਬੋਧਨ ਕਰਦੇ ਹੋਏ ਸੂਬਾਈ ਪੈਂਨਸ਼ਨਰ ਆਗੂਆਂ ਕਰਨੈਲ ਸਿੰਘ ਸੰਧੂ, ਗਿਆਨ ਚੰਦ ਨਈਅਰ ਨੇ ਕਿਹਾ ਕਿ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਪੰਜਾਬ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਅੱਜ 07 ਫਰਵਰੀ ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ‘ਤੇ ਇੱਕ ਦਿਨ ਦੀ ਭੁੱਖ ਹੜਤਾਲ ਕਰਦੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਨੂੰ ਲੋਕਾਂ ਵਿੱਚ ਬੇਪਰਦਾ ਕਰਨ ਲਈ ਪੂਰੇ ਪੰਜਾਬ ਵਿੱਚ ਇੱਕ ਦਿਨਾ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਸਾਜ਼ਿਸ਼ੀ ਚੁੱਪ ਅਤੇ ਬੇਰੁਖੀ ਅਤਿਅੰਤ ਨਿੰਦਣਯੋਗ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਸੰਬੰਧੀ ਪਹਿਲਾਂ ਰਾਜ ਕਰਦੀਆਂ ਪਾਰਟੀਆਂ ਤੋਂ ਵੀ ਵੱਧ ਨਿਕੰਮੀ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਛੇਵੇਂ ਪੇ ਕਮਿਸ਼ਨ ਵੱਲੋਂ ਸਿਫਾਰਸ਼ ਕਰਨ ਦੇ ਬਾਵਜੂਦ ਵੀ ਪੈਂਨਸ਼ਨ ਰੀਵਾਈਜ ਲਈ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ। ਸਾਢੇ ਪੰਜ ਸਾਲਾਂ ਦੇ ਪੇ ਕਮਿਸ਼ਨ ਦੇ ਅਤੇ ਡੀ ਏ ਦੀ ਰਹਿੰਦੀਆਂ ਕਿਸ਼ਤਾਂ ਅਤੇ ਉਹਨਾਂ ਦੇ ਬਣਦੇ ਬਕਾਏ ਨਹੀਂ ਦਿੱਤੇ ਜਾ ਰਹੇ। ਮੈਡੀਕਲ ਭੱਤਾ 2000/- ਰੁਪਏ, ਕੈਸ਼ ਲੈੱਸ ਹੈੱਲਥ ਸਕੀਮ ਸੋਧ ਕੇ ਲਾਗੂ ਕਰਨ ਅਤੇ ਚੋਣ ਵਾਅਦੇ ਅਨੁਸਾਰ ਪੁਰਾਣੀ ਪੈਂਨਸ਼ਨ ਤੁਰੰਤ ਬਹਾਲ ਨਹੀਂ ਕੀਤੀ ਜਾ ਰਹੀ। ਸਮੂਹ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੂਰੇ ਪੂਰੇ ਗਰੇਡਾਂ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਆਦਿ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਸਾਜ਼ਿਸ਼ੀ ਚੁੱਪ ਅਤੇ ਬੇਰੁਖੀ ਨੂੰ ਆਮ ਲੋਕਾਂ ਸਾਹਮਣੇ ਨੰਗਾ ਕਰਨ ਲਈ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਫ਼ਗਵਾੜਾ ਵਲੋਂ ਵੀ ਅੱਜ 07 ਫਰਵਰੀ ਨੂੰ ਫ਼ਗਵਾੜਾ ਵਿਖੇ ਵੀ ਗਿਆਰਾਂ ਮੈਂਬਰੀ ਜਥੇ ਨੇ ਭੁੱਖ ਹੜਤਾਲ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵਲੋਂ 08 ਫਰਵਰੀ ਤੋਂ 20 ਫਰਵਰੀ ਤੱਕ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਐਕਸ਼ਨ ਵਿੱਚ ਵੀ ਪੈਨਸ਼ਨਰ ਵੱਧ ਚੜ੍ਹ ਸ਼ਾਮਲ ਹੋਣਗੇ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬੱਜਟ ਸੈਸ਼ਨ ਦੌਰਾਨ ਚੰਡੀਗੜ੍ਹ ਵਿਖੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਬੈਨਰ ਹੇਠ ਹੋਣ ਵਾਲੀਆਂ ਰੈਲੀਆਂ ਵਿੱਚ ਵੀ ਜੁਆਇੰਟ ਗੌਰਮਿੰਟ ਪੈਨਸ਼ਨਰਜ਼ ਫਰੰਟ ਫਗਵਾੜਾ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।ਇੱਕ ਦਿਨਾ ਭੁੱਖ ਹੜਤਾਲ ਖ਼ਤਮ ਕਰਨ ਦੇ ਮੌਕੇ ‘ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਫ਼ਗਵਾੜਾ ਦੀ ਗੈਰ ਮੌਜੂਦਗੀ ਵਿੱਚ ਦਫ਼ਤਰ ਦੇ ਸੀਨੀਅਰ ਕਸੇਲ ਸਟੈਨੋ ਸ੍ਰੀ ਨਰਿੰਦਰ ਕੁਮਾਰ ਜੀ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਪੈਂਨਸਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਸਬੰਧੀ ਮੰਗ ਪੱਤਰ ਵੀ ਭੇਜਿਆ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਖੱਟਕੜ, ਸੁਖਦੇਵ ਸਿੰਘ,ਜਨਕ ਰਾਜ, ਜਸਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ, ਹਰਚਰਨ ਭਾਰਤੀ, ਨਰਿੰਦਰ ਦਾਸ ਸ਼ਰਮਾ, ਸਤਪਾਲ ਮਹਿਮੀ, ਸ਼ਿਵ ਦਾਸ, ਸ਼ਰਮਾ ਲਲਿਤ ਕੁਮਾਰ,ਸੋਮ ਲਾਲ ਬੰਗੜ, ਹਰਮੇਸ਼ ਪਾਠਕ,ਸਵਰਨ ਸਿੰਘ, ਨਿੰਦਰ ਸਿੰਘ, ਹਰਭਜਨ ਲਾਲ,ਸੀਤਲ ਰਾਮ ਬੰਗਾ, ਲਸ਼ਕਰ ਸਿੰਘ, ਰਵਿੰਦਰ ਸਿੰਘ ,ਤੀਰਥ ਸਿੰਘ, ਪ੍ਰਮੋਦ ਕੁਮਾਰ ਜੋਸ਼ੀ,ਸੀਤਲ ਰਾਮ ਲੋਈ ਆਦਿ ਸਾਥੀ ਹਾਜ਼ਰ ਹੋਏ।