ਪੱਟੀ – ਪੱਟੀ ’ਚ ਬੁੱਧਵਾਰ ਸ਼ਾਮ ਨੂੰ ਦੋ ਕਾਰਾਂ ’ਤੇ ਸਵਾਰ ਹੋ ਕੇ ਆਏ ਕੁਝ ਲੋਕਾਂ ਨੇ ਤਿੰਨ ਨੌਜਵਾਨਾਂ ’ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਦੋ ਨੌਜਵਾਨਾ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਅੰਮਿ੍ਤਸਰ ਲਿਜਾਇਆ ਗਿਆ ਹੈ। ਦੂਜੇ ਪਾਸੇ ਮੌਕੇ ’ਤੇ ਪੁੱਜੀ ਪੁਲਿਸ ਨੇ ਜਿਥੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਮਰਨ ਵਾਲੇ ਦੋਵੇਂ ਨੌਜਵਾਨ ਕਾਂਗਰਸ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਪੱਟੀ ਸ਼ਹਿਰ ਦੀ ਸਰਹਾਲੀ ਚੂੰਗੀ ਕੋਲ ਸ਼ਾਮ ਕਰੀਬ ਸਵਾ ਪੰਜ ਵਜੇ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ ਲੋਕਾਂ ਨੇ ਤਿੰਨ ਨੌਜਵਾਨਾਂ ਉੱਪਰ 10 ਤੋਂ ਵੱਧ ਗੋਲੀਆਂ ਦਾਗੀਆਂ। ਜਿਸਦੇ ਚਲਦਿਆਂ ਉਕਤ ਤਿੰਨੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਖੂਨ ਨਾਲ ਲੱਥ ਪਥ ਹੋਏ ਉਕਤ ਨੌਜਵਾਨਾਂ ਨੂੰ ਲੋਕਾਂ ਨੇ ਤੁਰੰਤ ਪੱਟੀ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੋ ਨੌਜਵਾਨਾਂ ਨੂੰ ਮਿ੍ਤਕ ਕਰਾਰ ਦੇ ਦਿੱਤਾ। ਜਦੋਂ ਕਿ ਤੀਸਰੇ ਗੰਭੀਰ ਜ਼ਖ਼ਮੀ ਨੂੰ ਇਲਾਜ ਲਈ ਅੰਮਿ੍ਤਸਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਦੀ ਪਛਾਣ ਜਗਦੀਪ ਸਿੰਘ ਮੰਨਾ ਪੁੱਤਰ ਬਿਕਰਮ ਸਿੰਘ ਵਾਸੀ ਪੱਟੀ ਅਤੇ ਅਨਮੋਲ ਸਿੰਘ ਮੌਲਾ ਪੁੱਤਰ ਗੁਰਿੰਦਰ ਸਿੰਘ ਵਾਸੀ ਬੁਰਜ ਰਾਏਕੇ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਜਗਦੀਪ ਸਿੰਘ ਮੰਨਾ ਯੂਥ ਕਾਂਗਰਸ ਦਾ ਜ਼ਿਲ੍ਹਾ ਬੁਲਾਰਾ ਸੀ ਅਤੇ ਜ਼ਿਲ੍ਹਾ ਪ੍ਰਧਾਨ ਹਰਮਨ ਸੇਖੋਂ ਦਾ ਨਜਦੀਕੀ ਸਾਥੀ ਸੀ। ਜਖਮੀ ਦੀ ਪਛਾਣ ਗੁਰਸੇਵਕ ਸਿੰਘ ਪਿ੍ਰੰਗੜੀ ਪੁੱਤਰ ਸਰਮੁਖ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ। ਮਿ੍ਤਕਾਂ ਵਿਚ ਇਕ ਹਾਲੇ ਅਣ ਵਿਆਹਿਆ ਹੈ ਅਤੇ ਦੂਸਰੇ ਦੇ ਦੋ ਛੋਟੇ ਛੋਟੇ ਲੜਕੇ ਹਨ। ਇਹ ਦੋਵੇਂ ਮਿ੍ਰਤਕ ਪਰਿਵਾਰਾਂ ਦੇ ਇਕਲੌਤੇ ਚਿਰਾਗ ਸਨ।