ਹਾਪੁੜ – ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚਾਂ ‘ਤੇ ਸੱਟੇਬਾਜ਼ੀ ਦੀਆਂ ਖ਼ਬਰਾਂ ਤਾਂ ਤੁਸੀਂ ਬਹੁਤ ਪੜ੍ਹੀਆਂ ਹੋਣਗੀਆਂ ਪਰ ਕੁਝ ਦੋਸ਼ੀਆਂ ਨੇ ਦੇਸ਼-ਵਿਦੇਸ਼ਾਂ ਤੋਂ ਸੱਟਾ ਲਗਵਾਉਣ ਲਈ ਨਕਲੀ ਪੰਜਾਬ ਕ੍ਰਿਕਟ ਪ੍ਰੀਮੀਅਰ ਲੀਗ ਤਿਆਰ ਕਰ ਲਈ ਹੈ। ਇਸ ਫਰਜ਼ੀ ਮੁਕਾਬਲੇ ‘ਚ ਖਿਡਾਰੀ ਖੇਡ ਰਹੇ ਸਨ ਪਰ ਉਨ੍ਹਾਂ ਨੂੰ ਰਣਜੀ ਖਿਡਾਰੀ ਦਿਖਾਇਆ ਜਾ ਰਿਹਾ ਸੀ। ਜਦਕਿ, ਉਹ ਇਕ ਸਥਾਨਕ ਖਿਡਾਰੀ ਸੀ।
ਕ੍ਰਿਕਟ ਗਰਾਊਂਡ ‘ਤੇ ਖੇਡੇ ਜਾ ਰਹੇ ਮੈਚ ਦਾ ਇੰਟਰਨੈੱਟ ਮੀਡੀਆ (ਯੂ-ਟਿਊਬ) ‘ਤੇ ਵੀ ਆਨਲਾਈਨ ਪ੍ਰਸਾਰਣ ਕੀਤਾ ਜਾ ਰਿਹਾ ਸੀ। ਇਸ ਦੇ ਨਾਲ ਹੀ ਕ੍ਰਿਕਟ ਹੀਰੋਜ਼ ਆਨਲਾਈਨ ਐਪ ਰਾਹੀਂ ਇਨ੍ਹਾਂ ਮੈਚਾਂ ‘ਤੇ ਸੱਟੇਬਾਜ਼ੀ ਵੀ ਕੀਤੀ ਜਾ ਰਹੀ ਸੀ। ਇਹ ਧੰਦਾ ਰੂਸ ਵਿਚ ਬੈਠੇ ਦੋ ਮਾਸਟਰ ਮਾਈਂਡ ਚਲਾ ਰਹੇ ਸਨ।ਇਸ ਸਾਰੀ ਖੇਡ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਥਾਣਾ ਦਿਹਾਤੀ ਪੁਲਿਸ ਅਤੇ ਐੱਸਓਜੀ ਨੇ ਛਾਪਾ ਮਾਰ ਕੇ ਮੇਰਠ ਬਾਈਪਾਸ ਸਥਿਤ ਇਕ ਗਰਾਊਂਡ ਤੋਂ ਸੱਟੇਬਾਜ਼ੀ ਦੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ। ਇਸ ਮੈਦਾਨ ‘ਤੇ ਫਰਜ਼ੀ ਤਰੀਕੇ ਨਾਲ ਮੈਚ ਕਰਵਾਇਆ ਜਾਣਾ ਸੀ। ਐੱਸਪੀ ਦੀਪਕ ਭੁੱਕਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿਚ ਜ਼ਿਲ੍ਹਾ ਮੇਰਠ ਦੇ ਪਰੀਕਸ਼ਤਗੜ੍ਹ ਥਾਣਾ ਖੇਤਰ ਦੇ ਪਿੰਡ ਖਜੂਰੀ ਦਾ ਰਹਿਣ ਵਾਲਾ ਸ਼ਿਤਾਬ ਉਰਫ਼ ਸ਼ੱਬੂ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਥਾਣਾ ਜੀਵਾਜੀ ਯੂਨੀਵਰਸਿਟੀ ਖੇਤਰ ਦੇ ਤੁਲਸੀ ਵਿਹਾਰ, ਸਿਟੀ ਸੈਂਟਰ ਦਾ ਰਹਿਣ ਵਾਲਾ ਰਿਸ਼ਭ ਹੈ।
ਮੁਲਜ਼ਮਾਂ ਕੋਲੋਂ 15150 ਰੁਪਏ, 7800 ਰੁਪਏ ਦੀ ਸ੍ਰੀਲੰਕਾਈ ਕਰੰਸੀ, ਤਿੰਨ ਸੀਪੀਯੂ, ਇਕ ਯੂਪੀਐੱਸ, ਦੋ ਐਕਸਟੈਂਸ਼ਨ ਬੋਰਡ, ਇਕ ਐੱਲਈਡੀ ਮਾਨੀਟਰ, ਦੋ ਸਟੈਂਡ, ਦੋ ਕੈਮਰੇ, ਇਕ ਕੀਬੋਰਡ, ਦੋ ਮਾਊਸ, ਇਕ ਵਾਈ-ਫਾਈ ਮੋਡਮ, ਤਿੰਨ ਏਸੀ ਡੀਸੀ ਅਡਾਪਟਰ, ਦੋ HDMI KWM ਐਕਸਟੈਂਡਰ, ਮਾਨੀਟਰ ਕੇਬਲ, ਛੇ ਮੋਬਾਈਲ ਫੋਨ, ਵੋਟਰ ਕਾਰਡ, ਪੈਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਮੈਟਰੋ ਕਾਰਡ, ਨੈਸ਼ਨਲ ਹੈਲਥ ਅਥਾਰਟੀ ਕਾਰਡ ਅਤੇ ਦੋ ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਕਾਰੋਬਾਰ ਦੇ ਮਾਸਟਰ ਮਾਈਂਡ ਅਸ਼ੋਕ ਚੌਧਰੀ ਅਤੇ ਆਸਿਫ਼ ਮੁਹੰਮਦ ਹਨ। ਜੋ ਰੂਸ ਤੋਂ ਇਹ ਕਾਰੋਬਾਰ ਚਲਾ ਰਹੇ ਹਨ।
