ਫਰੀਦਕੋਟ – ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਥਾਣਾ ਸਿਟੀ ਫਰੀਦਕੋਟ ਅੱਗੇ ਧਰਨਾ ਲਾਉਣ ਦਾ ਕੀਤਾ ਐਲਾਨ ਕੀਤਾ ਹੈ।
ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਲਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਵਿੱਤ ਸਕੱਤਰ ਨੌ ਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ 22 ਅਕਤੂਬਰ ਫਰੀਦਕੋਟ ਦਾ ਇੱਕ ਵਿਅਕਤੀ ਦਲਵਿੰਦਰ ਸਿੰਘ ਉਰਫ ਸੋਨੂ ਪੁੱਤਰ ਨਰੈਣ ਸਿੰਘ ਜੋ ਕਿ ਅਮਰਜੀਤ ਸਿੰਘ ਵਾਸੀ ਗ੍ਰੀਨ ਐਵਨਿਊ ਦੇ ਘਰ ਗੇਟ ਉੱਪਰ ਦੀ ਟੱਪ ਕੇ ਘਰ ਦੇ ਅੰਦਰ ਜ਼ਬਰਦਸਤੀ ਦਾਖਲ ਹੋਇਆ ਅਤੇ ਘਰ ਵਿੱਚ ਉਸ ਵਕਤ ਅਮਰਜੀਤ ਸਿੰਘ ਦੀ ਪਤਨੀ ਇਕੱਲੀ ਸੀ, ਦੋਸ਼ੀ ਵਿਅਕਤੀ ਦਲਵਿੰਦਰ ਸਿੰਘ ਨੇ ਨਾਲੇ ਤਾਂ ਅਮਰਜੀਤ ਸਿੰਘ ਦੀ ਪਤਨੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਨਾਲੇ ਉਸ ਨੂੰ ਭੱਦੀ ਸ਼ਬਦਾਵਲੀ ਵਿੱਚ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਸਬੰਧੀ ਕੀਮਾ ਰਾਣੀ ਪਤਨੀ ਅਮਰਜੀਤ ਸਿੰਘ ਹੋਰਾਂ ਵੱਲੋਂ ਐਸਐਸਪੀ ਫਰੀਦਕੋਟ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ। ਉਹ ਦਰਖਾਸਤ ਥਾਣਾ ਸਿਟੀ ਫਰੀਦਕੋਟ ਪਹੁੰਚੀ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਵੱਲੋਂ ਉਸ ਵਿਅਕਤੀ ਖਿਲਾਫ ਅੱਜ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਉਲਟਾ ਪੀੜਤ ਧਿਰ ਨੂੰ ਹੀ ਪੁਲਿਸ ਵੱਲੋਂ ਦਬਾਇਆ ਜਾ ਰਿਹਾ ਹੈ। ਪੀੜਤ ਧਿਰ ਤੇ ਹੀ ਰਾਜ਼ੀਨਾਮਾ ਕਰਨ ਅਤੇ ਦਰਖਾਸਤ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਹੈ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਮਹਿਲਾ ਐਸਐਸਪੀ ਹੋਣ ਦੇ ਬਾਵਜੂਦ ਵੀ ਇੱਕ ਮਹਿਲਾ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਹੋਰ ਕਿਸੇ ਤੋਂ ਔਰਤਾਂ ਦੀ ਸੁਰੱਖਿਆ ਦੀ ਕੀ ਆਸ ਕੀਤੀ ਜਾਵੇਗੀ!ਜਦੋਂ ਸਮੇਂ ਸਿਰ ਅਜਿਹੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਉਹ ਹੋਰ ਵੀ ਵੱਡੇ ਜੁਰਮ ਕਰਨ ਲਈ ਅੱਗੇ ਵਧਦੇ ਹਨ।
ਹੁਣ ਦੋਸ਼ੀ ਖਿਲਾਫ ਕਾਰਵਾਈ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਆਗੂਆ ਨੇ ਕਿਹਾ ਹੈ ਕਿ ਜੇਕਰ ਇੱਕ ਹਫਤੇ ਦੇ ਅੰਦਰ ਅੰਦਰ ਦੋਸ਼ੀ ਖਿਲਾਫ਼ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਥਾਣਾ ਸਿਟੀ ਫਰੀਦਕੋਟ ਦਾ ਘਿਰਾਓ ਕੀਤਾ ਜਾਵੇਗਾ ਤੇ ਪੀੜਤ ਧਿਰ ਨੂੰ ਇਨਸਾਫ ਦਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਡਾਕਟਰ ਕੁਲਵਿੰਦਰ ਸਿੰਘ ਬੀਹਲੇ ਵਾਲਾ, ਭੁਪਿੰਦਰ ਸਿੰਘ ਕਿੰਗਰਾ, ਅਮਰਜੀਤ ਸਿੰਘ, ਕੁਲਵੰਤ ਸਿੰਘ ਹਾਜ਼ਰ ਸਨ।