ਬਾਲੀ – ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਐਤਵਾਰ ਨੂੰ ਇੱਥੇ ਖ਼ਿਤਾਬੀ ਮੁਕਾਬਲੇ ਵਿਚ ਦੱਖਣੀ ਕੋਰੀਆ ਦੀ ਆਨ ਸਿਯੋਂਗ ਹੱਥੋਂ ਸਿੱਧੀਆਂ ਗੇਮਾਂ ਵਿਚ ਹਾਰ ਕਾਰਨ ਬੀਡਬਲਯੂਐੱਫ ਵਿਸ਼ਵ ਟੂਰ ਫਾਈਨਲਜ਼ ਵਿਚ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਕੋਲ ਵਿਸ਼ਵ ਵਿਚ ਛੇਵੇਂ ਨੰਬਰ ਦੀ ਕੋਰਿਆਈ ਖਿਡਾਰਨ ਦੀ ਖੇਡ ਦਾ ਕੋਈ ਜਵਾਬ ਨਹੀਂ ਸੀ ਤੇ ਉਹ ਆਸਾਨੀ ਨਾਲ 16-21, 12-21 ਨਾਲ ਹਾਰ ਗਈ। ਸਿਯੋਂਗ ਨੇ ਨੈੱਟ ’ਤੇ ਬਿਹਤਰੀਨ ਖੇਡ ਦਿਖਾਇਆ ਤੇ ਬੇਸਲਾਈਨ ’ਤੇ ਵੀ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 39 ਮਿੰਟ ਤਕ ਚੱਲੇ ਮੈਚ ਵਿਚ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਭਾਰਤੀ ਖਿਡਾਰਨ ਨੂੰ ਕਿਸੇ ਵੀ ਸਮੇਂ ਵਾਪਸੀ ਦਾ ਮੌਕਾ ਨਹੀਂ ਦਿੱਤਾ।ਸਿਯੋਂਗ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਮਾਸਟਰਜ਼ ਤੇ ਇੰਡੋਨੇਸ਼ੀਆ ਓਪਨ ਦੇ ਖ਼ਿਤਾਬ ਜਿੱਤੇ ਸਨ। ਉਨ੍ਹਾਂ ਨੇ ਅਕਤੂਬਰ ਵਿਚ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ਵਿਚ ਵੀ ਸਿੰਧੂ ਨੂੰ ਹਰਾਇਆ ਸੀ। ਇਹ ਤੀਜਾ ਮੌਕਾ ਸੀ ਜਦ ਸਿੰਧੂ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀ ਸੀ। ਉਹ 2018 ਵਿਚ ਖ਼ਿਤਾਬ ਜਿੱਤ ਕੇ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਬਣੀ ਸੀ। ਹਾਲਾਂਕਿ ਇਸ ਵਾਰ ਉਹ ਜਿੱਤ ਹਾਸਲ ਨਹੀਂ ਕਰ ਸਕੀ। ਕੋਰੀਆ ਦੀ 19 ਸਾਲ ਦੀ ਖਿਡਾਰਨ ਖ਼ਿਲਾਫ਼ ਸਿੰਧੂ ਇਕ ਵਾਰ ਮੁੜ ਅਸਹਿਜ ਨਜ਼ਰ ਆਈ ਤੇ ਆਪਣੀ ਹਮਲਾਵਰ ਖੇਡ ਨੂੰ ਅੱਗੇ ਨਹੀਂ ਵਧਾ ਸਕੀ। ਸਿਯੋਂਗ ਨੇ ਨੈੱਟ ਦਾ ਸ਼ਾਨਦਾਰ ਇਸਤੇਮਾਲ ਕੀਤਾ ਤੇ ਸ਼ਟਲ ’ਤੇ ਬਿਹਤਰ ਵਾਰ ਨਾਲ ਉਨ੍ਹਾਂ ਨੇ ਸਿੰਧੂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਮੈਚ ਦੀ ਸ਼ੁਰੂਆਤ ’ਚ ਹੀ ਸਿੰਧੂ 0-4 ਨਾਲ ਪੱਛੜ ਗਈ। ਉਨ੍ਹਾਂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਕੋਰਿਆਈ ਖਿਡਾਰਨ ਨੇ ਉਨ੍ਹਾਂ ਨੂੰ ਇਕ ਵਾਰ ਵਿਚ ਕਈ ਅੰਕ ਹਾਸਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਸਿਯੋਂਗ ਨੇ ਆਪਣੀ ਬੜ੍ਹਤ ਨੂੰ 16-8 ਕੀਤਾ।ਹਾਲਾਂਕਿ ਸਿੰਧੂ ਨੇ ਕੁਝ ਹੱਦ ਤਕ ਵਾਪਸੀ ਕਰਦੇ ਹੋਏ ਇਸ ਫ਼ਰਕ ਨੂੰ ਘੱਟ ਕੀਤਾ ਪਰ ਉਹ ਕੋਰਿਆਈ ਖਿਡਾਰਨ ਨੂੰ 21-16 ਨਾਲ ਗੇਮ ਆਪਣੇ ਨਾਂ ਕਰਨ ਤੋਂ ਨਹੀਂ ਰੋਕ ਸਕੀ। ਸਿੰਧੂ ਨੇ ਇਸ ਤੋਂ ਬਾਅਦ ਦੂਜੀ ਗੇਮ ਵਿਚ 5-4 ਦੀ ਬੜ੍ਹਤ ਲੈ ਕੇ ਚੰਗੀ ਸ਼ੁਰੂਆਤ ਕੀਤੀ ਪਰ ਸਿਯੋਂਗ ਨੇ ਵਾਪਸੀ ਕਰਦੇ ਹੋਏ 10-6 ਦੀ ਬੜ੍ਹਤ ਲੈ ਲਈ ਤੇ ਇਸ ਗੇਮ ਨੂੰ 21-12 ਨਾਲ ਜਿੱਤ ਕੇ ਮੁਕਾਬਲਾ ਆਪਣੇ ਨਾਂ ਕੀਤਾ।