ਸਮਾਰਟਫੋਨ ਅਤੇ ਕੰਪਿਊਟਰ ‘ਚ ਫਿੰਗਰਪ੍ਰਿੰਟ ਸਕੈਨਰ ਦੀ ਵਰਤੋਂ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਤਕਨੀਕ ਕਾਰਾਂ ਦੀ ਸੁਰੱਖਿਆ ਵੀ ਵਧਾਏਗੀ। ਹੁਣੇ-ਹੁਣੇ ਟਾਇਰ ਬਣਾਉਣ ਵਾਲੀ ਪ੍ਰਸਿੱਧ ਕੰਪਨੀ ਕਾਂਟੀਨੈਂਟਲ (Continental) ਨੇ ਨਵੀਂ ਤਕਨੀਕ ਵਿਕਸਿਤ ਕੀਤੀ ਹੈ, ਜਿਸ ਨਾਲ ਕਾਰ ਨੂੰ ਸਟਾਰਟ ਕਰਨ ‘ਚ ਫਿੰਗਰਪ੍ਰਿੰਟ ਸਕੈਨਰ ਦੀ ਲੋੜ ਹੋਵੇਗੀ। ਇਸ ਤਕਨੀਕ ਦੀ ਮਦਦ ਨਾਲ ਜਿਥੇ ਕਾਰਾਂ ਦੀ ਸੁਰੱਖਿਆ ਵਧੇਗੀ, ਉਥੇ ਹੀ ਕਾਰ ਦੇ ਚੋਰੀ ਹੋਣ ਦਾ ਖ਼ਤਰਾ ਵੀ ਕਈ ਗੁਣਾ ਘੱਟ ਹੋ ਜਾਵੇਗਾ।
ਚਾਬੀ ਦੇ ਮੁਕਾਬਲੇ ਬੇਹੱਦ ਸੁਰੱਖਿਅਤ
ਕਾਂਟੀਨੈਂਟਲ ਵਲੋਂ ਬਣਾਈ ਗਈ ਇਹ ਤਕਨੀਕ ਗੱਡੀਆਂ ਵਿਚ ਵਰਤੇ ਜਾਣ ਵਾਲੇ ਸਟਾਰਟ ਅਤੇ ਸਟਾਪ ਬਟਨ ਦੇ ਨਾਲ ਮਿਲ ਕੇ ਕੰਮ ਕਰੇਗੀ। ਸਟਾਰਟ ਅਤੇ ਸਟਾਪ ਬਟਨ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਲੱਗਾ ਹੋਵੇਗਾ ਅਤੇ ਜਦੋਂ ਕਾਰ ਦਾ ਮਾਲਕ ਸਟਾਰਟ ਅਤੇ ਸਟਾਪ ਬਟਨ ‘ਤੇ ਆਪਣੀ ਉਂਗਲੀ ਰੱਖੇਗਾ ਤਾਂ ਫਿੰਗਰ ਸਕੈਨ ਹੋਣ ਤੋਂ ਬਾਅਦ ਕਾਰ ਸਟਾਰਟ ਹੋਵੇਗੀ।
ਕੈਮਰੇ ਦਾ ਵੀ ਹੋਵੇਗਾ ਅਹਿਮ ਰੋਲ
ਫਿੰਗਰਪ੍ਰਿੰਟ ਸਕੈਨਰ ਦੇ ਨਾਲ ਕੈਮਰਾ ਵੀ ਆਪਣਾ ਅਹਿਮ ਯੋਗਦਾਨ ਦੇਵੇਗਾ। ਚਾਲਕ ਵਲੋਂ ਫਿੰਗਰ ਨੂੰ ਸਕੈਨ ਕਰਦੇ ਸਮੇਂ ਕਾਰ ਵਿਚ ਲੱਗਾ ਕੈਮਰਾ ਚਾਲਕ ਨੂੰ ਸਕੈਨ ਕਰਕੇ ਉਸਦੀ ਪ੍ਰੋਫਾਈਲ ਦੀ ਜਾਂਚ ਕਰੇਗਾ। ਇਸ ਨਾਲ ਕਾਰ ਦੇ ਚੋਰੀ ਹੋਣ ਦਾ ਖਤਰਾ ਹੋਰ ਵੀ ਘੱਟ ਹੋ ਜਾਵੇਗਾ।
ਸੁਰੱਖਿਆ ਦੇ ਮੱਦੇਨਜ਼ਰ ਬਣਾਈ ਗਈ ਇਹ ਤਕਨੀਕ
ਕਾਰ ਨੂੰ ਚੋਰੀ ਹੋਣ ਤੋਂ ਬਚਾਉਣ ਤੋਂ ਇਲਾਵਾ ਇਸ ਤਕਨੀਕ ਨੂੰ ਵਿਕਸਿਤ ਕਰਨ ਦਾ ਮੁੱਖ ਟੀਚਾ ਟੀਨਏਜਰਸ ਅਤੇ ਬੱਚਿਆਂ ਦੀ ਸੁਰੱਖਿਆ ਕਰਨਾ ਵੀ ਹੈ, ਤਾਂ ਕਿ ਉਨ੍ਹਾਂ ਨੂੰ ਕਾਰ ਦੀ ਚਾਬੀ ਚੋਰੀ ਕਰਕੇ ਉਸ ਵਿਚ ਬੈਠਣ ਤੋਂ ਰੋਕਿਆ ਜਾ ਸਕੇ।
ਸੀ. ਈ. ਐੱਸ. ‘ਚ ਪੇਸ਼ ਕੀਤੀ ਜਾਵੇਗੀ ਇਹ ਤਕਨੀਕ
ਕਾਂਟੀਨੈਂਟਲ ਇਸ ਨਵੀਂ ਤਕਨੀਕ ਨੂੰ ਜਨਵਰੀ ‘ਚ ਲਾਸ ਵੇਗਾਸ ਸਥਿਤ ਹੋਣ ਵਾਲੇ 2017 ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (ਸੀ. ਈ. ਐੱਸ.) ਵਿਚ ਦੁਨੀਆ ਦੇ ਸਾਹਮਣੇ ਪੇਸ਼ ਕਰੇਗੀ।