ਕੈਨਬਰਾ – ਆਸਟ੍ਰੇਲੀਆ ਨੇ ਆਨਲਾਈਨ ਇਸ਼ਤਿਹਾਰਦਾਤਿਆਂ ’ਤੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ। ਖ਼ਾਸ ਕਰਕੇ ਬੱਚਿਆਂ ਦੇ ਮਾਮਲੇ ’ਚ ਉਹ ਫੇਸਬੁੱਕ ਸਮੇਤ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਕਾਨੂੰਨੀ ਤੌਰ ’ਤੇ ਨਜ਼ਰ ਰੱਖਣ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ ਆਸਟ੍ਰੇਲਿਆਈ ਸਰਕਾਰ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਫੇਸਬੁੱਕ ਵਰਗੇ ਇੰਟਰਨੈੱਟ ਮੀਡੀਆ ’ਤੇ ਰਹਿਣ ਲਈ ਮਾਤਾ-ਪਿਤਾ ਦੀ ਸਹਿਮਤੀ ਲੈਣ ਦਾ ਪ੍ਰਬੰਧ ਕਰਨ ਦੀ ਯੋਜਨਾ ਬਣਾਈ ਹੈ। ਇਹ ਇਤਿਹਾਸਕ ਕਾਨੂੰਨ ਆਸਟ੍ਰੇਲਿਆਈ ਨਾਗਰਿਕਾਂ ਦੀ ਆਨਲਾਈਨ ਸੁਰੱਖਿਆ ਦਾ ਖ਼ਿਆਲ ਰੱਖੇਗਾ। ਇਸ ਕਾਨੂੰਨ ਦੀ ਉਲੰਘਣਾ ਕਰਨ ’ਤੇ 75 ਲੱਖ ਡਾਲਰ ਦਾ ਜੁਰਮਾਨਾ ਤਕ ਹੋ ਸਕਦਾ ਹੈ। ਇਸ ਕਾਨੂੰਨ ਦੇ ਮਸੌਦੇ ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਨਵੇਂ ਕਾਨੂੰਨ ਤਹਿਤ ਇੰਟਰਨੈੱਟ ਮੀਡੀਆ ਨੂੰ ਸਾਰੇ ਜ਼ਿੰਮੇਵਾਰ ਕਦਮ ਚੁੱਕਣੇ ਪੈਣਗੇ ਤਾਂਕਿ ਯੂਜ਼ਰ ਦੀ ਉਮਰ ਦੀ ਪੁਸ਼ਟੀ ਕੀਤੀ ਜਾ ਸਕੇ। ਉਮਰ ਦੇ ਆਧਾਰ ’ਤੇ ਹੀ ਯੂਜ਼ਰ ਨੂੰ ਵੱਖ-ਵੱਖ ਆਨਲਾਈਨ ਪਲੇਟਫਾਰਮਾਂ ’ਤੇ ਕੋਡ ਨਾਲ ਬੰਨ੍ਹੀਆਂ ਸੇਵਾਵਾਂ ਮਿਲਣਗੀਆਂ। ਇਨ੍ਹਾਂ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਬੱਚਿਆਂ ਨਾਲ ਜੁੜੀਆਂ ਸ਼ੁਰੂਆਤੀ ਚਿੰਤਾਵਾਂ ਦਾ ਧਿਆਨ ਰੱਖਿਆ ਜਾਵੇਗਾ। ਨਿਯਮਾਂ ਨਾਲ ਬੰਨ੍ਹੇ ਇਨ੍ਹਾਂ ਕੋਡਾਂ ’ਚ ਇਨ੍ਹਾਂ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਬੱਚਿਆਂ ਦਾ ਹੋਣਾ ਕਾਫੀ ਸਹਿਜ ਤੇ ਸੁਰੱਖਿਅਤ ਹੋਵੇਗਾ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਮੰਚਾਂ ’ਤੇ ਆਉਣ ਲਈ ਮਾਤਾ-ਪਿਤਾ ਦੀ ਇਜਾਜ਼ਤ ਲੈਣਾ ਲਾਜ਼ਮੀ ਕਰ ਦਿੱਤਾ ਜਾਵੇਗਾ।ਤਜਵੀਜ਼ਸ਼ੁਦਾ ਕਾਨੂੰਨ ਦੇ ਮਸੌਦੇ ਨੂੰ ਉਦੋਂ ਲਿਆਂਦਾ ਗਿਆ ਹੈ ਜਦੋਂ ਪਿਛਲੇ ਦਿਨੀਂ ਫੇਸਬੁੱਕ ਦੇ ਸਾਬਕਾ ਪ੍ਰੋਡਕਟ ਮੈਨੇਜਰ ਫਰਾਂਸਿਸ ਹੁਗਨ ਨੇ ਕਿਹਾ ਸੀ ਕਿ ਜਦੋਂ ਵੀ ਜਨਤਾ ਦੀ ਭਲਾਈ ਤੇ ਕੰਪਨੀ ਦੇ ਫਾਇਦੇ ਵਿਚਾਲੇ ਚੋਣ ਹੋਵੇਗੀ ਤਾਂ ਉਹ ਆਪਣੇ ਹਿੱਤਾਂ ਨੂੰ ਦੇਖਣਗੇ।