
ਤੁਸੀਂ ਸਾਰਿਆਂ ਨੇ ਕੰਬਲ ਵਾਲੀ ਕਹਾਣੀ ਤਾਂ ਸੁਣੀ ਹੀ ਹੋਣੀ ਐਂ। ਲਉ, ਇੱਕ ਵਾਰ ਫੇਰ ਸੁਣ-ਪੜ੍ਹ ਲਉ। ਨਦੀ ਦੇ ਤੇਜ਼ ਵਗਦੇ ਪਾਣੀ ‘ਚ ਰੁੜ੍ਹਦੀ ਜਾ ਰਹੀ ਇੱਕ ਕਾਲ਼ੀ ਕਾਲੀ ਸ਼ੈਅ ਨੂੰ ਕੰਬਲ ਸਮਝ ਕੇ ਕੋਈ ਮੂਰਖ ਬੰਦਾ ਕੰਬਲ ਨੂੰ ਹਾਸਲ ਕਰਨ ਦੇ ਲਾਲਚ ਵਸ ਵੇਗਮਈ ਨਦੀ ‘ਚ ਛਲਾਂਗ ਮਾਰ ਬੈਠਾ। ਕੋਲ ਪੁੱਜਾ ਤਾਂ ਰੁੜ੍ਹਦੀ ਜਾ ਰਹੀ ਉਹ ਕਾਲੀ ਸ਼ੈਅ ਰਿੱਛ ਨਿਕਲੀ। ਰਿੱਛ ਨੇ ਉਸ ਬੰਦੇ ਨੂੰ ਜੱਫਾ ਮਾਰ ਲਿਆ ਤੇ ਉਹ ਮੂਰਖ ਰਿੱਛ ਦੇ ਨਾਲ ਹੀ ਰੁੜ੍ਹਨ ਲਗਾ। ਬਾਹਰੋਂ ਖੜੇ ਕਿਸੇ ਤਮਾਸ਼ਬੀਨ ਨੇ ਵਾਪਿਸ ਮੁੜਨ ਲਈ ਆਖਿਆ ਤਾਂ ਉਸ ਜਵਾਬ ਦਿਤਾ ਕਿ ‘ਉਹ ਤਾਂ ਕੰਬਲ ਨੂੰ ਛਡਦੈ ਪਰ ਹੁਣ ਕੰਬਲ ਉਸ ਨੂੰ ਨਹੀਂ ਛੱਡ ਰਿਹਾ’!
ਮਹੱਤਵ ਉਨਮਾਦੀ ਤੇ ਖਬਤੀ ਟਰੰਪ ਹੁਣ ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਹੋ ਰਹੀ ਭਿਅੰਕਰ ਜੰਗ,ਜੋ ਹੁਣ ਚੌਥੇ ਹਫਤੇ ‘ਚ ਦਾਖਲ ਹੋ ਗਈ ਹੈ, ਚੋਂ ਬਾਹਰ ਨਿਕਲਣਾ ਚਾਹੁੰਦੈ ਪਰ ਨਿਕਲ ਨਹੀਂ ਪਾ ਰਿਹਾ। ਉਸ ਦੀ ਹਾਲਤ ਵਾੜ ‘ਚ ਫਸੇ ਬਿੱਲੇ ਵਰਗੀ ਹੈ! ਅਖੇ ‘ਸੱਪ ਦੇ ਮੂੰਹ ‘ਚ ਕੋਹੜ ਕਿਰਲੀ, ਜੇ ਖਾਵੇ ਤਾਂ ਕੋਹੜੀ, ਛਡੇ ਤਾਂ ਕਲੰਕੀ’!
ਇਹ ਜੰਗ ਹੁਣ ਖਾੜੀ ਜਾਂ ਮੱਧ-ਪੂਰਵ ਜਾਂ ਪੱਛਮੀ ਏਸ਼ੀਆ ਦੀ ਜੰਗ ਨਾਂ ਰਹਿ ਕੇ ਅੰਤਰ-ਮਹਾਂਦੀਪੀ ਬਣਦੀ ਜਾ ਰਹੀ ਹੈ। ਮਾਨ ਦੀ ਖਾੜੀ, ਹਿੰਦ ਮਹਾਂ ਸਾਗਰ ਅਤੇ ਬੁਰੇ ਦੇ ਘਰ (ਅਮਰੀਕਾ) ਤੀਕ ਪੁੱਜ ਗਈ ਹੈ। ਅਮਰੀਕਾ ਦੇ ਬਦੇਸ਼ ਅਤੇ ਰੱਖਿਆ ਮੰਤਰੀਆਂ ਦੇ ਅੱਤ-ਸੁਰੱਖਿਅਤ ਇਲਾਕੇ ਵਿਚ ਸਥਿੱਤ ਨਿਵਾਸ-ਸਥਾਨਾਂ ਨੇੜੇ ਭੇਦਭਰੀ ਹਾਲਤ ‘ਚ ਦੋ ਡ੍ਰੋਨ ਦੇਖੇ ਜਾਣ ਉਪਰੰਤ ਅਮਰੀਕਾ ਅੰਦਰ ਖਲਬਲੀ ਮਚ ਗਈ ਹੈ।
ਦੂਜੇ ਦੇ ਘਰ ਲਗੀ ਅੱਗ ਬਸੰਤਰ ਲਗਦੀ ਐ ਪਰ ਆਪਣੇ ਘਰ ਲਗੀ ਅੱਗ, ਅੱਗ ਹੁੰਦੀ ਐ ਕਿਉਂਕਿ ਉਸ ਦਾ ਸੇਕ/ਤਪਸ਼ ਅਤੇ ਬਰਬਾਦੀ ਦੇ ਆਸਾਰ ਸਾਡੀਆਂ ਬਰੂਹਾਂ ਅੰਦਰ ਅਪੜ ਜਾਂਦੇ ਹਨ।
ਈਰਾਨ ਨੇ ਕਰੀਬ 4,000 ਕਿਲੋ ਮੀਟਰ ਦੀ ਦੂਰੀ ਤੇ ਸਥਿੱਤ ਡਿਏਗੋ ਗਾਰਸ਼ੀਆ ਵਿਚਲੇ ਅਮਰੀਕੀ-ਬਰਤਾਨਵੀ ਸੈਨਿਕ ਠਿਕਾਣੇ ਅਤੇ ਇਜ਼ਰਾਈਲ ਦੇ ਡਿਮੋਨਾ ਉਪਰ ਮਿਸਾਈਲ ਦਾਗ ਕੇ ਨਾਂ ਸਿਰਫ ਟਰੰਪ ਨੂੰ ਹੱਥਾਂ-ਪੈਰਾਂ ਦੀ ਪਾ ਦਿਤੀ ਹੈ ਸਗੋਂ ਇਸ ਯੁੱਧ ਵਿਚ ਬਰਤਾਨੀਆਂ ਨੂੰ ਵੀ ਲਪੇਟਣ ਦਾ ਯਤਨ ਕਰਕੇ ਯੁੱਧ ਦਾ ਘੇਰਾ ਵੀ ਵਧਾ ਦਿਤੈ। ਈਰਾਨ ਨੇ ਆਪਣੇ ਕੋਲ 5,000-5500 ਕਿਲੋ ਮੀਟਰ ਦੀ ਦੂਰੀ ਤੀਕ ਮਾਰ ਕਰਨ ਵਾਲੇ ਮਿਜ਼ਾਈਲ ਹੋਣ ਦਾ ਦਾਅਵਾ ਕੀਤਾ ਹੈ। ਉਹ ਪਹਿਲਾਂ ਹੀ ਕਹਿ ਚੱੁਕੈ ਕਿ ਜਿਥੇ ਕਿਤੇ ਵੀ ਅਮਰੀਕੀ ਸੈਨਿਕ ਅੱਡੇ ਹੋਣਗੇ ਉਹ ਉਹਨਾਂ ਉਪਰ ਹਮਲੇ ਕਰੇਗਾ। ਉਸ ਨੇ ਤਾਂ ਪਹਿਲਾਂ ਹੀ ਮਿਡਲ ਈਸਟ ਦੇ ਮੁਲਕਾਂ,ਸਮੇਤ ਸੰਯੁਕਤ ਅਰਬ ਆਮੀਰਾਤ, ਸਾਊਦੀ ਅਰਬ, ਓਮਾਨ, ਕੁਵੈਤ ਦੇ ਅਜਿਹੇ ਠਿਕਾਣਿਆਂ ਉਪਰ ਕਈ ਵਾਰ ਹਮਲੇ ਕੀਤੇ ਹਨ। ਇਹ ਹਮਲੇ ਹੋਰ ਵਧਾ ਦਿਤੇ ਗਏ ਹਨ।ਡਿਏਗੋ ਗਾਰਸ਼ੀਆਂ ਉਤੇ ਹਮਲੇ ਦੇ ਬੈਲਿਸਟਕ ਮਿਸਾਈਲ ਜੇ ਧੁਰ ਪੱੁਜਦੇ ਤਾਂ ਉਹਨਾਂ ਸਾਡੇ ਮੁਲਕ ਦੀ ਵੀ ਸਮਝੋ ਵੱਖੀ ਕੋਲੋਂ ਦੀ ਹੋ ਕੇ ਲੰਘਣਾ ਸੀ। ਹਾਂ, ਈਰਾਨ ਸਾਡੇ ਮੁਲਕ ਨਾਲ ਮਿੱਤਰਤਾ ਵਾਲੇ ਸਬੰਧ ਰਖਦੈ ਤੇ ਉਸ ਦੀ ਕੋਈ ਅਜਿਹੀ ਮਨਸ਼ਾ ਵੀ ਨਹੀਂ ਕਿ ਉਹ ਸਾਡੇ ਮੁਲਕ ਨੂੰ ਇਸ ਜੰਗ ‘ਚ ਨਿਸ਼ਾਨਾਂ ਬਣਾਵੇ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੱਖ ਵੱਖ ਧਿਰਾਂ,ਸਮੇਤ ਈਰਾਨ ਦੇ ਰਾਸ਼ਟਰਪਤੀ ਡਾ.ਮਸੂਦ ਪੇਜੇਸ਼ਕਿਆਨ ਨਾਲ,ਟੈਲੀਫੋਨ ਰਾਹੀਂ ਕੀਤੀ ਜਾ ਰਹੀ ਗਲਬਾਤ ਇਹਨਾਂ ਸੁਖਾਵੇਂ ਸਬੰਧਾਂ ਦਾ ਸੰਕੇਤ ਹੈ (ਪਰ ਵਧੇਰੇ ਅਸਰਦਾਰ ਗੱਲਬਾਤ ਹੀ ਮਸਲੇ ਨੂੰ ਕਿਸੇ ਬੰਨੇ-ਕੰਢੇ ਲਾ ਸਕਦੀ ਹੈ)। ਪੱਛਮੀ ਏਸ਼ੀਆ ਦੇ ਸੰਕਟ ਉਪਰ ਪ੍ਰਧਾਨ ਮੰਤਰੀ ਵਲੋਂ ਲੋਕ ਸਭਾ ਅਤੇ ਰਾਜ ਸਭਾ ‘ਚ ਬਿਆਨ ਵੀ ਦਿਤਾ ਗਿਐ।
ਡਿਏਗੋ ਗਾਰਸ਼ੀਆ ਹਿੰਦ ਮਹਾਂਸਾਗਰ ਦਾ ਇੱਕ ਟਾਪੂ ਹੈ ਜਿਥੇ ਅਮਰੀਕਾ ਅਤੇ ਬਰਤਾਨੀਆਂ ਦਾ ਸਾਂਝਾ ਫੌਜੀ ਅੱਡਾ ਹੈ, ਜੋ ਵਡੇ ਵਡੇ ਬੰਬਾਰਾਂ ਦਾ ਲਾਂਚਪੈਡ ਹੈ। ਭਾਂਵੇਂ ਬਰਤਾਨੀਆਂ ਇਸ ਜੰਗ ਵਿਚ ਸ਼ਾਮਿਲ ਨਹੀਂ ਹੋਇਆ ਪਰ ਉਸ ਨੇ ਅਮਰੀਕਾ ਨੂੰ ਇਹ ਅੱਡਾ ਵਰਤਣ ਦੀ ਖੁੱਲ੍ਹ ਦੇ ਦਿਤੀ ਹੈ।ਇਸ ਖੁੱਲ੍ਹ ਅਤੇ ਈਰਾਨ ਦੇ ਨਤਾਂਜ ਪ੍ਰਮਾਣੂ ਕੇਂਦਰ ਉਪਰ ਇਜ਼ਰਾਈਲੀ ਹਮਲੇ ਮਗਰੋਂ ਈਰਾਨ ਨੇ ਜਵਾਬੀ ਹਮਲਾ ਕੀਤਾ ਹੈ। ਇਸ ਹਮਲੇ ਵਿਚਲੇ ਇੱਕ ਮਿਜ਼ਾਈਲ ਨੂੰ ਤਾਂ ਰਾਹ ‘ਚ ਹੀ ਰੋਕ ਲਏ ਜਾਣ ਦੀਆਂ ਖਬਰਾਂ ਹਨ ਜਦ ਕਿ ਕਿਹਾ ਜਾਂ ਰਿਹੈ ਕਿ ਦੂਸਰਾ ਮਿਜ਼ਾਈਲ ਦਾਗਣ ਵੇਲੇ ਹੀ ਫੇਲ ਹੋ ਗਿਆ।ਰੂਸ ਨੇ ਨਤਾਂਜ ਹਮਲੇ ਦੀ ਨਿੰਦਾ ਕਰਦਿਆਂ ਇਸ ਨੂੰ ਅੰਤਰ ਰਾਸ਼ਟਰੀ ਕਾਨੂੰਨਾਂ ਦੀ ਉਲੰਘਣਾਂ ਗਰਦਾਨਿਆਂ ਹੈ।
ਇਸ ਹਮਲੇ ਨੇ ਜੰਗ ਦਾ ਮੂੰਹ-ਮੁਹਾਂਦਰਾ ਬਦਲ ਦਿਤੈ ਅਤੇ ਇਸ ਦਾ ਘੇਰਾ ਵਧਾ ਦਿਤੈ।ਇਸ ਨੇ ਡੌਨਾਲਡ ਟਰੰਪ ਦੀਆਂ ਬੜ੍ਹਕਾਂ ਅਤੇ ਗਿੱਦੜ-ਭਬਕੀਆਂ ਦੇ ਪੋਲ ਖੋਹਲ ਦਿਤੇ ਹਨ। ਟਰੰਪ ਬਾਰ ਬਾਰ ਕਹਿ ਰਿਹੈ ਕਿ ਉਸ ਨੇ ਈਰਾਨ ਦੀ ਮਿਜ਼ਾਈਲ ਸ਼ਕਤੀ ਨੇਸਤੋ-ਨਾਬੂਦ ਕਰ ਦਿਤੀ ਹੈ ਪਰ ਈਰਾਨ ਹਰ ਦਿਨ ਮਿਜ਼ਾਈਲਾਂ ਨਾਲ ਹਮਲੇ ਦਰ ਹਮਲੇ ਕਰ ਰਿਹੈ। ਟਰੰਪ ਤਾਂ ਈਰਾਨ ਵਲੋਂ ਬਿਨਾਂ ਸ਼ਰਤ‘ਸਰੈਂਡਰ’ ਕਰਨ ਦੀ ਸੰਭਾਵਨਾਂ ਅਤੇ ਜੰਗ ਦੇ ਸਮੇਟੇ ਜਾਣ (ਵਾਈਡਿੰਗ ਡਾਊਨ) ਵਲ ਵਧਣ ਦੇ ਦਾਅਵੇ ਕਰ ਰਿਹੈ ਪਰ ਈਰਾਨ ਜੰਗਬੰਦੀ ਤਕ ਵੀ ਨਹੀਂ ਚਾਹੁੰਦਾ ਬਲਕਿ ਇਸ ਜੰਗ ਨੂੰ ਕਿਸੇ ਤਣ-ਪਤਣ ਲਾਉਣ ਦੀ ਗੱਲ ਕਹਿ ਰਿਹੈ। ਦੋਵਾਂ ਧਿਰਾਂ ਦੇ ਬਿਆਨ ਆਪਾ-ਵਿਰੋਧੀ ਹਨ। ਟਰੰਪ ਕਹਿੰਦੈ ਕਿ ਉਸ ਦਾ ਮਕਸਦ ਪੂਰਾ ਹੋਣ ਅਤੇ ਜੰਗ ਖਤਮ ਹੋਣ ਕੰਢੇ ਹੈ ਪਰ ਇਜ਼ਰਾਈਲ ਕਹਿੰਦੈ ਕਿ ਜੰਗ ਹੋਰ ਤੇਜ਼ ਤੇ ਖਤਰਨਾਕ ਹੋਵੇਗੀ।
ਅਸਲ ‘ਚ ਇਜ਼ਰਾਈਲ, ਜੋ ਚਕੀ ਹੋਈ ਲੰਬੜਾਂ ਦੀ ਠਾਣੇਦਾਰ ਦੇ ਬਰੋਬਰ ਬੋਲੇ, ਵਾਂਗ ਅਮਰੀਕਾ ਦੀ ਘਨੇੜੀ ਚੜ੍ਹ ਕੇ ਈਰਾਨ ਨੂੰ ਸਬਕ ਸਿਖਾਉਣਾ ਚਾਹੁੰਦੈ। ਓਧਰ ਟਰੰਪ ਇਸ ਭਸੂੜੀ ‘ਚੋਂ ਕਿਸੇ ਨਾਂ ਕਿਸੇ ਢੰਗ ਨਾਲ ਪਲਾ ਛੁਡਾਉਣਾ ਚਾਹੁੰਦੈ। ਬੇਸ਼ਕ ਟਰੰਪ ਈਰਾਨ ਨੂੰ ਬਰਬਾਦ ਅਤੇ ਤਹਿਸ-ਨਹਿਸ ਕਰਨ ਦੇ ਦਾਅਵੇ ਕਰਦਾ ਥਕਦਾ ਨਹੀਂ ਪਰ ਉਸ ਦਾ ਈਰਾਨ ਵਿਚ ‘ਰਜੀਮ ਚੇਂਜ’ (ਰਾਜ-ਭਾਗ ਬਦਲਣ) ਜਾਂ ‘ਰਜੀਮ ਕੁਲੈਪਸ’ (ਰਾਹ ਪ੍ਰਬੰਧ ਢਹਿ ਢੇਰੀ ਹੋਣਾ) ਅਤੇ ਈਰਾਨ ਦੀ ਪ੍ਰਮਾਣੂ ਸ਼ਕਤੀ ਨਸ਼ਟ ਕਰਨ ਦਾ ਮਕਸਦ ਅਜੇ ਅਧੂਰਾ ਹੈ। ਭਾਂਵੇਂ ਇਜ਼ਰਾਈਲ ਦੀ ਖੁਫੀਆ ਏਜੰਸੀ ‘ਮੋਸਾਡ’ ਦੀ ਸਟੀਕ ਸੂਚਨਾਂ ਕਾਰਨ ਈਰਾਨ ਦੇ ਅਨੇਕਾਂ ਟੌਪ ਦੇ ਧਾਰਮਿਕ-ਸਿਆਸੀ ਆਗੂ ਅਤੇ ਫੌਜੀ ਕਮਾਂਡਰਾਂ ਦੀ ਹੱਤਿਆ ਹੋ ਚੁੱਕੀ ਹੈ ਪਰ ਈਰਾਨ ਦੀ ਸੱਤਾ ਦੀ ਹਕੂਮਤੀ ਤਰਤੀਬ ਉਵੇਂ ਦੀ ਉਵੇਂ ਕਾਇਮ ਹੈ। ਈਰਾਨ ਕੋਲ ਜੋ ਯੁਰੇਨੀਯਮ ਹੈ ਉਹ ਵੀ ਨਾਂ ਤਾਂ ਨਸ਼ਟ ਹੋਇਐ ਅਤੇ ਨਾਂ ਹੀ ਅਮਰੀਕਾ ਜਾਂ ਇਜ਼ਰਾਈਲ ਇਸ ਉਪਰ ਕਬਜ਼ਾ ਹੀ ਕਰ ਸਕੇ ਹਨ।
ਟਰੰਪ ਆਪਣੇ ਸੁਭਾ ਮੁਤਾਬਕ ਕਦੀ ਤੋਲਾ ਤੇ ਕਦੀ ਮਾਸਾ ਹੁੰਦਾ ਰਹਿੰਦੈ। ਇਕੋ ਸਾਹੇ ਤੱਤਾ-ਠੰਡਾ ਬੋਲਦਾ ਰਹਿੰਦੈ।ਜੇ ਜੰਗ ਸਮੇਟੇ ਜਾਣ ਵਲ ਵਧ ਰਹੀ ਹੈ ਤਾਂ ਫਿਰ ਅਮਰੀਕਾ ਮੈਦਾਨ-ਏ-ਜੰਗ ਵਲ ਜੰਗੀ ਬੇੜੇ ਕਿਉਂ ਰਵਾਨਾਂ ਕਰ ਰਿਹੈ? ਫਿਰ ਇਹ ਖਬਰਾਂ ਕਿਉਂ ਆ ਰਹੀਆਂ ਹਨ ਕਿ ਉਹ ਹੁਣ ਥਲ ਸੈਨਾਂ ਰਾਹੀ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹੈ?
ਕੁੱਝ ਪ੍ਰੇਸ਼ਾਨਕੁੰਨ ਪ੍ਰਸ਼ਨ ਹੋਰ ਵੀ ਹਨ।
ਕੀ ਇਜ਼ਰਾਈਲ ਅਤੇ ਅਮਰੀਕਾ ਦਾ ਹੁਣ ਇਸ ਯੁੱਧ ਪ੍ਰਤੀ ਨਜ਼ਰੀਆ ਜਾਂ ਨੀਤੀ ਵੱਖ ਵੱਖ ਹਨ?ਜਾਂ ਕੀ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਡੌਨਾਲਡ ਟਰੰਪ ਵਿਚ ਮੱਤਭੇਦ ਹੋ ਰਹੇ ਹਨ? ਜਾਂ ਕੀ ਨੇਤਨਯਾਹੂ ਹੁਣ ਟਰੰਪ ਤੋਂ ਬਾਹਰਾ ਹੋ ਕੇ ਚਲਣ ਲਗ ਪਿਆ ਅਤੇ ਆਪਣੀਆਂ ਮਨਮਾਨੀਆਂ ਕਰ ਰਿਹੈ?
ਇਸ ਦਾ ਜਵਾਬ ਖੁਦ ਟਰੰਪ ਤੋਂ ਸੁਣ ਲੈਂਦੇ ਹਾਂ। ਟਰੰਪ ਅਨੁਸਾਰ ਉਸ ਨੂੰ ਇਜ਼ਰਾਈਲ ਦੁਆਰਾ ਕਤਰ ਨਾਲ ਲਗਦੇ ਈਰਾਨ ਦੇ ਦੱਖਣੀ ਪਾਰਸ ਗੈਸ ਫੀਲਡ ਉਪਰ ਹਮਲੇ ਦੀ ਨਾਂ ਕੋਈ ਜਾਣਕਾਰੀ ਸੀ ਤੇ ਨਾਂ ਹੀ ਉਸ ਦਾ ਇਸ ‘ਚ ਕੋਈ ਹੱਥ ਸੀ। ਈਰਾਨ ਨੇ ਬਦਲੇ ਵਜੋਂ ਕਤਰ ਦੇ ਉੱਤਰੀ ਗੈਸ ਫੀਲਡ ਉਪਰ ਹਮਲਾ ਕਰ ਦਿਤਾ ਸੀ। ਇਹ ਜੁੜਵੇਂ ਗੈਸ ਫੀਲਡ ਵਿਸ਼ਵ ਦੇ ਸਭ ਤੋਂ ਵਡੇ ਗੈਸ/ਤੇਲ ਦੇ ਭੰਡਾਰ ਹਨ ਅਤੇ ਦੁਨੀਆਂ ‘ਚ ਭਾਰੀ ਮਾਤਰਾ ‘ਚ ਇਹ ਊਰਜਾ ਸਮੱਗਰੀ ਇਥੋਂ ਜਾਂਦੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਸ ਨੇ ਇਜ਼ਰਾਈਲ ਨੂੰ ਭਵਿੱਖ ‘ਚ ਅਜਿਹਾ ਨਾ ਕਰਨ ਲਈ ਕਿਹੈ।
ਪਹਿਲਾਂ ਹੀ ਇਸ ਜੰਗ ‘ਚ ਕੱਚੇ ਤੇਲ, ਗੈਸ ਅਤੇ ਹੋਰ ਊਰਜਾ ਉਤਪਾਦਾਂ ਨੂੰ ਵਿਸ਼ਵ ਦੇ ਵੱਖ ਵੱਖ ਮੁਲਕਾਂ ‘ਚ ਸਮੁੰਦਰੀ ਜਹਾਜ਼ਾਂ ਰਾਹੀਂ ਲਿਜਾਣ ਵਾਲੇ ਰਾਹ ਹੋਰਮੁਜ਼ ਜਲਡਮਰੂ ਨੂੰ ਬਲਾਕ ਕੀਤੇ ਜਾਣ ਕਾਰਨ ਸਾਰੇ ਸੰਸਾਰ ‘ਚ ਹਾਹਾਕਾਰ ਮਚੀ ਹੋਈ ਹੈ।ਇਥੇ ਅਨੇਕਾਂ ਸਮੁੰਦਰੀ ਜਹਾਜ਼ ਫਸੇ ਖੜੇ ਹਨ।ਬਰਤਾਨੀਆਂ, ਜਰਮਨੀ, ਫਰਾਂਸ, ਖਾੜੀ ਮੁਲਕਾਂ ਸਮੇਤ 22 ਦੇਸ਼ਾਂ ਨੇ ਈਰਾਨ ਨੂੰ ਇਹ ਜਲ ਮਾਰਗ ਖੋਲ੍ਹਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਦੇ ਬੰਦ ਹੋਣ ਨਾਲ ਦੁਨੀਆਂ ਭਰ ਦੇ ਲੋਕਾਂ ਸਾਹਮਣੇ ਊਰਜਾ ਦਾ ਸੰਕਟ ਪੈਦਾ ਹੋ ਗਿਐ। Eਧਰ ਟਰੰਪ ਨੇ ਈਰਾਨ ਨੂੰ ਧਮਕੀ ਦਿਤੀ ਹੈ ਕਿ ਜੇ ਕਰ ਇਹ ਜਲ ਮਾਰਗ 48 ਘੰਟਿਆਂ ਵਿਚ ਨਾਂ ਖੋਹਲਿਆ ਗਿਆ ਤਾਂ ਉਹ ਈਰਾਨ ਦੇ ਪਾਵਰ ਪਲਾਂਟਾਂ ਉਪਰ ਵਡੇ ਹਮਲੇ ਕਰਕੇ ਈਰਾਨ ਦੀ ਬੱਤੀ ਗੁੱਲ ਕਰ ਦੇਵੇਗਾ। ਪਰ ਈਰਾਨ ਨੇ ਮੋੜਵੇਂ ਜਵਾਬ ‘ਚ ਕਿਹੈ ਕਿ ਜੇ ਅਮਰੀਕਾ ਨੇ ਅਜਿਹਾ ਕਰਨ ਬਾਰੇ ਸੋਚਿਆ ਵੀ ਤਾਂ ਉਹ ਅਮਰੀਕਾ ਦੇ ਊਰਜਾ ਟਿਕਾਣੇ ਮਲੀਆ ਮੇਟ ਕਰ ਦੇਵੇਗਾ।
ਪਰ ਹੁਣ ਟਰੰਪ ਨੇ ਇਹ ਹਮਲੇ 5 ਦਿਨ ਟਾਲਣ ਦੀ ਗੱਲ ਕਰ ਦਿਤੀ ਹੈ।ਨਾਲ ਹੀ ਉਸ ਨੇ ਇਹ ਦਾਅਵਾ ਵੀ ਕੀਤੈ ਕਿ ਪਿਛਲੇ ਦੋ ਦਿਨਾਂ ਤੋਂ ਈਰਾਨ ਨਾਲ ਗੱਲਬਾਤ ਚੱਲ ਰਹੀ ਹੈ। ਪਰ ਈਰਾਨ ਨੇ ਇਸ ਦਾਅਵੇ ਨੂੰ ਮੁੱਢੋਂ ਖਾਰਜ ਕਰ ਦਿਤਾ ਹੈ ਅਤੇ ਉਲਟਾ ਇਹ ਕਿਹੈ ਕਿ ਉਸ ਵਲੋਂ ਜਵਾਬੀ ਕਾਰਵਾਈ ਦੇੇ ਡਰੋਂ ਟਰੰਪ ਨੇ ਪਲਟੀ ਮਾਰੀ ਹੈ। ਜਦ ਤੀਕ ਇਹ ਲੇਖ ਛਪੇਗਾ ਉਦੋਂ ਤਕ ਪਤਾ ਨਹੀਂ ਊਠ ਕਿਸ ਕਰਵੱਟ ਬੈਠੇਗਾ ਅਤੇ ਜੰਗ ਦਾ ਚਿਹਰਾ-ਮੁਹਰਾ ਕਿਸ ਤਰਾਂ ਦਾ ਹੋਵੇਗਾ?
ਓਧਰ ਟਰੰਪ ਬਾਰ ਦੂਸਰੇ ਮੁਲਕਾਂ ਕੋਲੋਂ ਹੋਰਮੁਜ਼ ਜਲਮਾਰਗ ਖੋਲ੍ਹਣ ਲਈ ਸਹਿਯੋਗ ਦੇਣ ਲਈ ਵੀ ਕਹਿ ਰਿਹੈ ਤਾਂ ਕਿ ਸਾਂਝੇ ਤੌਰ ਤੇ ਵੈਸ਼ਵਿਕ ਊਰਜਾ ਪੂਰਤੀ/ਸਥਿਰਤਾ ਯਕੀਨੀ ਬਣਾਈ ਜਾ ਸਕੇ। ਹੁਣ 22 ਮੁਲਕ ਇਸ ਨੂੰ ਖੁਲਵਾਉਣ ਲਈ ਸਹਿਯੋਗ ਦੀ ਹਾਮੀ ਭਰਨ ਲਗੇ ਹਨ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਵੀ ਹੋਰਮੁਜ਼ ਜਲਮਾਰਗ ਖੋਹਲੇ ਜਾਣ ਲਈ ਸੁਖਾਵੇਂ ਸੰਵਾਦੀ ਤੇ ਕੂਟਨੀਤਕ ਵਾਤਾਵਰਨ ਬਣਾਏ ਜਾਣ ਦੀ ਵਕਾਲਤ ਕੀਤੀ ਗਈ ਹੈ।
ਕੱਚੇ ਤੇਲ,ਗੈਸ ਅਤੇ ਤੇਲ ਰਿਫਾਈਨਰੀਆਂ ਉਪਰ ਹੋ ਰਹੇ ਹਮਲਿਆਂ ਨੇ ਇਸ ਜੰਗ ਨੂੰ ਊਰਜਾ ਯੁੱਧ ਵਿਚ ਤਬਦੀਲ ਕਰ ਦਿਤੈ। ਸੁਣਦੇ ਸਾਂ ਕਿ ਅਗਲਾ ਯੁੱਧ ਪਾਣੀਆਂ ਦੇ ਸੰਕਟ ਕਾਰਨ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਇਹ ਊਰਜਾ ਯੁੱਧ ਛਿੜ ਗਿਐ।
ਆਪਾਂ ਸਭ ਨੂੰ ਪਤਾ ਹੀ ਹੈ ਕਿ ਕੱਚੇ ਤੇਲ ਅਤੇ ਹੋਰ ਊਰਜਾ ਉਤਪਾਦਾਂ ਦੇ ਰੇਟ ਵਧਣ ਕਾਰਨ ਦੁਨੀਆਂ ਭਰ ‘ਚ ਇਹਨਾਂ ਵਸਤਾਂ ਦੀਆਂ ਕੀਮਤਾਂ ਅਤੇ ਕਿੱਲਤ ਵਧ ਗਈ ਹੈ। ਭਾਰਤ ਵਿਚ ਵੀ ਇਸ ਦਾ ਸੇਕ ਸਾਡੇ ਚੁਲ੍ਹਿਆਂ ਤੀਕ ਪੁੱਜ ਗਿਐ।
ਯੁੱਧ ਅੱਜ 25ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕੈ। ਇਸ ‘ਚ ਸੈਂਕੜੇ/ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ/ਹਜ਼ਾਰਾਂ ਜ਼ਖਮੀ ਹੋ ਚੁੱਕੇ ਹਨ। ਅਰਬਾਂ-ਖਰਬਾਂ ਰੁਪਏ ਦਾ ਮੂਲ ਢਾਂਚਾ ਅਤੇ ਹੋਰ ਸਾਜ਼ੋ-ਸਾਮਾਨ ਨਸ਼ਟ ਹੋ ਚੁੱਕੈ। ਵਿਸ਼ਵ ਦੀ ਅਰਥ-ਵਿਵਸਥਾ ਦੀ ਚੂਲ ਹਿੱਲੀ ਪਈ ਹੈ ਪਰ ਜੰਗ ਅੱਜ 23ਵੇਂ ਦਿਨ ‘ਚ ਪ੍ਰਵੇਸ਼ ਕਰ ਗਈ ਹੈ।
ਈਰਾਨ ਆਪਣੀ ਹੋਂਦ/ਵਜੂਦ ਦੀ ਲੜਾਈ ਲੜ ਰਿਹੈ। ਪਰ ਇਜ਼ਰਾਈਲ ਆਪਣੇ ਪੱਕੇ ਦੁਸ਼ਮਣ ਈਰਾਨ ਨਾਲ ਆਪਣੀ ਪੁਰਾਣੀ ਕਿੜ ਕੱਢ ਰਿਹੈ, ਅਮਰੀਕਾ ਟਰੰਪ ਦੀ ਟੈਂ ਮਨਾਏ ਜਾਣ ਦੀ ਲੜਾਈ ਲੜ ਰਿਹੈ ਅਤੇ ਪੂਰਾ ਵਿਸ਼ਵ ਟਰੰਪ ਦੀ ਇਸ ‘ਨੀਰੋਈ’ ਮੂਰਖਤਾ ਦਾ ਖਮਿਆਜ਼ਾ ਭੁਗਤ ਰਿਹੈ!
ਹਾਂ, ਅਮਰੀਕਾ ਦੇ ਹਥਿਆਰ ਵਿਕ ਰਹੇ ਹਨ। ਉਹ ਇਜ਼ਰਾਈਲ ਨੂੰ 151.8 ਮਿਲੀਅਨ ਅਮਰੀਕੀ ਡਾਲਰਾਂ ਦੇ ਆਧੁਨਿਕ ਹਥਿਆਰ, ਜਿਹਨਾਂ ‘ਚ 12,000 ਹਵਾਈ ਬੰਬ ਸ਼ਾਮਿਲ ਹਨ, ਦੇਣ ਦਾ ਫੈਸਲਾ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਵੀ ਹੋਰ ਹਥਿਆਰ ਸਪਲਾਈ ਕਰਨ ਦਾ ਐਲਾਨ ਕਰ ਚੁਕੈ। ਸਾਨੂੰ ਨਿਦਾ ਫਾਜ਼ਲੀ ਦਾ ਸ਼ੇਅਰ ਯਾਦ ਆ ਰਿਹੈ-
“ਸਾਤ ਸਮੰਦਰ ਪਾਰ ਸੇ, ਕੋਈ ਕਰੇ ਵਿਉਪਾਰ,
ਪਹਿਲੇ ਭੇਜੇ ਸਰਹਦੇਂ, ਫਿਰ ਭੇਜੇ ਹਥਿਆਰ’!
