ਲੁਧਿਆਣਾ – ਗੈਂਗਸਟਰ ਵਿਸ਼ਾਲ ਗਿੱਲ ਇੱਕ ਵਾਰ ਫਿਰ ਲੁਧਿਆਣਾ ਵਿੱਚ ਸਰਗਰਮ ਹੋ ਗਿਆ ਹੈ। ਵਿਸ਼ਾਲ ਗਿੱਲ ਖ਼ਿਲਾਫ਼ ਕਈ ਥਾਣਿਆਂ ਵਿੱਚ ਫਾਇਰਿੰਗ ਦੇ ਕੇਸ ਦਰਜ ਹਨ। ਬੀਤੀ ਰਾਤ ਗੈਂਗਸਟਰ ਵਿਸ਼ਾਲ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਟਿੱਬਾ ਰੋਡ ਇਲਾਕੇ ਦੇ ਇੱਕ ਰੈਸਟੋਰੈਂਟ ‘ਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ।
ਹਮਲੇ ਦੀ ਸੂਚਨਾ ਮਿਲਣ ‘ਤੇ ਪੀਸੀਆਰ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਹਮਲਾਵਰਾਂ ਨੂੰ ਰੈਸਟੋਰੈਂਟ ‘ਚੋਂ ਬਾਹਰ ਕੱਢਿਆ। ਇਸ ਦੌਰਾਨ ਸ਼ਰਾਰਤੀ ਅਨਸਰਾਂ ਨੇ ਪੀਸੀਆਰ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਦੇ ਸ਼ਰੇਆਮ ਥੱਪੜ ਮਾਰੇ।
ਹਮਲੇ ਵਿੱਚ ਏਐਸਆਈ ਕਮਲ ਅਤੇ ਏਐਸਆਈ ਅਮਰਜੀਤ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਟਿੱਬਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਘਟਨਾ ਤੋਂ ਬਾਅਦ ਵਿਸ਼ਾਲ ਗਿੱਲ ਪੁਲਿਸ ਦੇ ਹੱਥੋਂ ਫਰਾਰ ਹੋ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਹੁਣ ਤੱਕ ਕੇਵਲ ਅਨਮੋਲ ਗਿੱਲ, ਕਾਰਤਿਕ ਬੱਗਨ, ਦਿਵਿਆਸ਼ੂ, ਚਿਰਾਗ ਯਗੋਤਾ, ਸੁਵੰਸ਼ ਜਾਲਾਨ ਤੇ ਯੁਗੀਆਂਸ਼ੂ ਨੂੰ ਹੀ ਗਿ੍ਫ਼ਤਾਰ ਕੀਤਾ ਹੈ, ਜਦਕਿ ਵਿਸ਼ਾਲ ਗਿੱਲ ਅਜੇ ਫਰਾਰ ਹੈ |
ਪੁਲਿਸ ‘ਤੇ ਹਮਲੇ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ। ਪੁਲਿਸ ਨੇ ਜਦੋਂ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਆਏ ਨੌਜਵਾਨਾਂ ਵਿੱਚ ਗੈਂਗਸਟਰ ਵਿਸ਼ਾਲ ਗਿੱਲ ਸਭ ਤੋਂ ਅੱਗੇ ਸੀ, ਜਦੋਂਕਿ ਪੁਲਿਸ ਨੇ ਉਸਦੇ ਹੋਰ ਸਾਥੀਆਂ ਦੀ ਪਛਾਣ ਕਰ ਲਈ ਸੀ। ਉਕਤ ਮਾਮਲੇ ‘ਚ ਥਾਣਾ ਟਿੱਬਾ ਪੁਲਿਸ ਨੇ 20 ਤੋਂ ਵੱਧ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੇ ਹਮਲਾਵਰਾਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪਰ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਹਿਰ ਛੱਡ ਕੇ ਚਲੇ ਗਏ ਸਨ। ਜਿਨ੍ਹਾਂ ਵਿੱਚੋਂ 6 ਨੌਜਵਾਨਾਂ ਨੂੰ ਪੁਲਿਸ ਨੇ ਵੱਖ-ਵੱਖ ਸ਼ਹਿਰਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਬਾਕੀ ਹਮਲਾਵਰ ਫਰਾਰ ਦੱਸੇ ਜਾ ਰਹੇ ਹਨ।