ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬਰਨਾਲਾ ਵਿੱਚ ‘ਆਪ’ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ। ਦੋਵਾਂ ਆਗੂਆਂ ਨੇ ਇੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਹਰਿੰਦਰ ਧਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਢਾਈ ਸਾਲ ਪਹਿਲਾਂ ਪੰਜਾਬ ਦੇ ਲੋਕ ਬਿਜਲੀ ਦੇ ਬਿੱਲਾਂ ਤੋਂ ਸਭ ਤੋਂ ਵੱਧ ਪ੍ਰੇਸ਼ਾਨ ਸਨ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੇ ਸਾਰੇ ਪੁਰਾਣੇ ਬਿੱਲਾਂ ਨੂੰ ਮੁਆਫ਼ ਕਰ ਦੇਵਾਂਗੇ ਅਤੇ ਇਸ ਤੋਂ ਬਾਅਦ ਤੁਹਾਡੇ ਜ਼ੀਰੋ ਬਿੱਲ ਆਉਣਗੇ। ਅਸੀਂ ਇਹ ਵਾਅਦਾ ਪੂਰਾ ਕੀਤਾ। ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ‘ਤੇ ਆ ਰਹੇ ਹਨ।
ਅਸੀਂ ਕਿਹਾ ਸੀ ਕਿ ਅਸੀਂ ਤੁਹਾਡਾ ਇਲਾਜ ਮੁਫ਼ਤ ਕਰਾਂਗੇ। ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ‘ਤੇ ਆਮ ਆਦਮੀ ਕਲੀਨਿਕ ਖੁੱਲ੍ਹ ਰਹੇ ਹਨ। ਉੱਥੇ ਦਵਾਈਆਂ ਅਤੇ ਟੈੱਸਟ ਮੁਫ਼ਤ ਕੀਤੇ ਜਾ ਰਹੇ ਹਨ। ਸਾਰੇ ਸਰਕਾਰੀ ਹਸਪਤਾਲਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਉੱਥੇ ਇਲਾਜ ਵੀ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵੀ ਠੀਕ ਕੀਤਾ ਜਾ ਰਿਹਾ ਹੈ।
ਪਿਛਲੇ ਢਾਈ ਸਾਲਾਂ ਵਿੱਚ ਕਰੀਬ 48 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਹਨ। ਪੰਜਾਬ ਦੇ ਹਰ ਪਿੰਡ ਵਿੱਚ 4 ਤੋਂ 5 ਦੇ ਕਰੀਬ ਬੱਚਿਆਂ ਨੂੰ ਨੌਕਰੀ ਮਿਲੀ ਹੈ। ਕਿਸੇ ਤੋਂ ਇੱਕ ਪੈਸਾ ਵੀ ਨਹੀਂ ਲਿਆ ਗਿਆ ਅਤੇ ਕਿਸੇ ਨੂੰ ਸਿਫ਼ਾਰਸ਼ ਵੀ ਨਹੀਂ ਕਰਨੀ ਪਈ। ਪਿਛਲੀਆਂ ਸਰਕਾਰਾਂ ਵਿੱਚ ਬਿਨਾਂ ਸਿਫ਼ਾਰਸ਼ ਅਤੇ ਰਿਸ਼ਵਤ ਤੋਂ ਸਰਕਾਰੀ ਨੌਕਰੀ ਮਿਲਦੀ ਹੀ ਨਹੀਂ ਸੀ।
ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੰਮ ਅਜੇ ਵੀ ਜਾਰੀ ਹੈ। ਹੁਣ ਸਰਕਾਰੀ ਮੁਲਾਜ਼ਮ ਟੈਂਕੀਆਂ ‘ਤੇ ਨਹੀਂ ਮਿਲਦੇ। ਉਹ ਆਪਣੇ ਕੰਮ ‘ਤੇ ਮਿਲਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਬਰਨਾਲਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ। ਇੱਥੋਂ ਦੇ ਲੋਕਾਂ ਨੇ ਪਾਰਟੀ ਬਣਨ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜੇਤੂ ਬਣਾਇਆ ਹੈ। ਤੁਹਾਡੇ ਆਸ਼ੀਰਵਾਦ ਕਰਕੇ ਪਹਿਲਾਂ ਭਗਵੰਤ ਮਾਨ ਦੋ ਵਾਰ ਪਾਰਲੀਮੈਂਟ ਪਹੁੰਚੇ। ਇਸ ਵਾਰ ਤੁਸੀਂ ਮੀਤ ਹੇਅਰ ਨੂੰ ਜਿਤਾਇਆ। ਤੁਸੀਂ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ‘ਆਪ’ ਉਮੀਦਵਾਰਾਂ ਨੂੰ ਜਿਤਾਇਆ ਸੀ। ਇਸ ਵਾਰ ਵੀ ਸਾਡੇ ਉਮੀਦਵਾਰ ਹਰਿੰਦਰ ਧਾਲੀਵਾਲ ਨੂੰ ਜਿਤਾਓ। ਉਹ ਤੁਹਾਡਾ ਪੁੱਤ ਹੈ ਅਤੇ ਤੁਹਾਡੇ ਵਿੱਚੋਂ ਹੀ ਆਇਆ ਹੈ। ਜਦੋਂ ਵੀ ਤੁਹਾਨੂੰ ਉਸਦੀ ਲੋੜ ਹੋਵੇਗੀ ਉਹ ਤੁਹਾਡੇ ਲਈ ਉਪਲਬਧ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਤੁਹਾਡੇ ਲੋਕ ਸਭਾ ਮੈਂਬਰ, ਤੁਹਾਡੇ ਵਿਧਾਇਕ ਅਤੇ ਸੂਬਾ ਸਰਕਾਰ ਤਿੰਨੋਂ ਇੱਕੋ ਪਾਰਟੀ ਦੇ ਹੋਣਗੇ ਤਾਂ ਬਰਨਾਲਾ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਪਾਰਟੀ ਦਾ ਵਿਧਾਇਕ ਬਣਿਆ ਤਾਂ ਉਹ ਸਾਡੇ ਨਾਲ ਲੜਾਈ ਹੀ ਕਰੇਗਾ, ਉਸ ਤੋਂ ਕੰਮ ਨਹੀਂ ਹੋ ਸਕਣਗੇ, ਕਿਉਂਕਿ ਸੂਬੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਜਦਕਿ ਸਾਡਾ ਵਿਧਾਇਕ ਕੰਮ ਕਰਨ ‘ਤੇ ਹੀ ਧਿਆਨ ਦੇਵੇਗਾ।
ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ 35 ਸਾਲ ਤੱਕ ਬਰਨਾਲਾ ਦਾ ਵਿਕਾਸ ਇਸ ਲਈ ਨਹੀਂ ਹੋਇਆ ਕਿਉਂਕਿ ਪੰਜਾਬ ‘ਚ ਸਰਕਾਰ ਕਿਸੇ ਹੋਰ ਪਾਰਟੀ ਦੀ ਸੀ ਅਤੇ ਬਰਨਾਲਾ ਵਿੱਚ ਕਿਸੇ ਹੋਰ ਪਾਰਟੀ ਦਾ ਵਿਧਾਇਕ ਸੀ। ਦੋਵੇਂ ਆਪਸ ਵਿੱਚ ਲੜਦੇ ਰਹੇ। ਜਦੋਂ 2022 ‘ਚ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਅਤੇ ‘ਆਪ’ ਦੇ ਵਿਧਾਇਕ ਮੀਤ ਹੇਅਰ ਬਰਨਾਲਾ ‘ਚ ਵਿਧਾਇਕ ਬਣੇ ਤਾਂ ਉਸ ਤੋਂ ਬਾਅਦ ਬਰਨਾਲਾ ‘ਚ ਕਾਫ਼ੀ ਕੰਮ ਹੋਇਆ। ਪਹਿਲਾਂ ਇੱਥੇ ਨਹਿਰੀ ਪਾਣੀ ਨਹੀਂ ਆਉਂਦਾ ਸੀ, ਸਾਡੀ ਸਰਕਾਰ ਨੇ ਇੱਥੋਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਹਰ ਖੇਤ ਵਿੱਚ ਪਾਣੀ ਪਹੁੰਚ ਰਿਹਾ ਹੈ।
ਬਰਨਾਲਾ ਡਿਸਟਰੀਬਯੂਟਰੀ ਦਾ ਪਾਣੀ ਬਹੁਤ ਨੀਵਾਂ ਹੋ ਗਿਆ, ਹੁਣ ਉਸ ਦੀ ਰੀਲਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵਿੱਚ ਕੰਕਰੀਟ ਵਿਛਾਈ ਜਾ ਰਹੀ ਹੈ। ਇਸ ਨਾਲ 20 ਫ਼ੀਸਦੀ ਪਾਣੀ ਦੀ ਬੱਚਤ ਹੋਵੇਗੀ ਜੋ ਪਿੰਡ ਦੇ ਕਿਸਾਨਾਂ ਨੂੰ ਮਿਲੇਗਾ।
ਇਸ ਤੋਂ ਇਲਾਵਾ ‘ਆਪ’ ਸਰਕਾਰ ਦੇ ਢਾਈ ਸਾਲਾਂ ਦੌਰਾਨ ਇੱਥੇ ਕਮਿਊਨਿਟੀ ਸੈਂਟਰ ਬਣਾਏ ਗਏ । ਲਾਇਬ੍ਰੇਰੀਆਂ, ਛੱਪੜ, ਧਰਮਸ਼ਾਲਾਵਾਂ, ਸਕੂਲ, ਸਟੇਡੀਅਮ ਅਤੇ ਖੇਡ ਮੈਦਾਨ ਬਣਾਏ ਗਏ। ਗਲੀਆਂ-ਨਾਲੀਆਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਹੁਣ ਸੰਘੇੜਾ ਵਿੱਚ ਵੱਡਾ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਜਲਦੀ ਹੀ ਉਹ ਤਿਆਰ ਹੋ ਜਾਵੇਗਾ।
ਪੀਣ ਵਾਲੇ ਪਾਣੀ ਅਤੇ ਸੀਵਰੇਜ ਲਈ 87 ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਗਏ ਹਨ। ਹੁਣ ਅਜਿਹੀ ਸਮੱਸਿਆ ਦੁਬਾਰਾ ਕਦੇ ਵੀ ਨਹੀਂ ਹੋਵੇਗੀ। ਸਾਰੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ 25 ਕਰੋੜ ਰੁਪਏ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿੱਚ ਵੀ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ ਬਰਨਾਲਾ ਰਿੰਗ ਰੋਡ ਨੂੰ 4 ਮਾਰਗੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫੋਰ ਲੇਨ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ।
ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਦੀਆਂ ਸਾਰੀਆਂ ਕਮੀਆਂ ਦੂਰ ਕੀਤੀਆਂ ਜਾ ਰਹੀਆਂ ਹਨ। ਹੁਣ ਉੱਥੇ ਟਰਾਮਾ ਸੈਂਟਰ ਵੀ ਬਣਾਇਆ ਜਾਵੇਗਾ। ਸਰਕਾਰ ਬਰਨਾਲਾ ਸ਼ਹਿਰ ਵਿੱਚ ਜ਼ਮੀਨ ਦੀ ਸ਼ਨਾਖ਼ਤ ਕਰੇਗੀ ਅਤੇ ਉੱਥੇ ਉਦਯੋਗਿਕ ਫੋਕਲ ਪੁਆਇੰਟ ਬਣਾਇਆ ਜਾਵੇਗਾ ਜਿਸ ਨਾਲ ਹਜ਼ਾਰਾਂ ਰੁਜ਼ਗਾਰ ਪੈਦਾ ਹੋਣਗੇ। ਪਰ ਇਹ ਕੰਮ ਉਦੋਂ ਹੀ ਪੂਰਾ ਹੋ ਸਕਦਾ ਹੈ ਜਦੋਂ ਵਿਧਾਇਕ ਆਮ ਆਦਮੀ ਪਾਰਟੀ ਦਾ ਹੋਵੇ।
ਬਰਨਾਲੇ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਦਿੱਤਾ ਹੈ, ਇੱਥੋਂ ਮੇਰਾ ਦਿਲ ਦਾ ਰਿਸ਼ਤਾ ਹੈ – ਭਗਵੰਤ ਮਾਨ
ਭਾਜਪਾ ਉਮੀਦਵਾਰ ਕੇਵਲ ਢਿੱਲੋਂ ‘ਤੇ ਬੋਲਿਆ ਹਮਲਾ, ਕਿਹਾ- ਜਿੰਨੀ ਜਲਦੀ ਇਹ ਲੋਕ ਪਾਰਟੀਆਂ ਬਦਲ ਲੈਂਦੇ ਹਨ, ਮੌਸਮ ਵੀ ਓਨੀ ਜਲਦੀ ਨਹੀਂ ਬਦਲਦਾ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲ ਦਿੱਤੀ ਹੈ। ਉਹ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਇਨਕਮ ਟੈਕਸ ਕਮਿਸ਼ਨਰ ਸਨ। ਪਰ ਉਨ੍ਹਾਂ ਨੇ ਦੇਸ਼ ਲਈ ਨੌਕਰੀ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਝਾੜੂ ਨਾਲ ਘਰਾਂ ਦੀ ਸਫ਼ਾਈ ਕਰਦੇ ਸੀ ਪਰ ਹੁਣ ਝਾੜੂ ਨਾਲ ਪੂਰਾ ਭਾਰਤ ਸਾਫ਼ ਕੀਤਾ ਜਾ ਰਿਹਾ ਹੈ।
ਮਾਨ ਨੇ ਕਿਹਾ ਕਿ ਕਈ ਰਾਜਾਂ ਵਿੱਚ ਸਾਡਾ ਝਾੜੂ ਚੱਲ ਚੁੱਕਾ ਹੈ। ਪੰਜਾਬ ਅਤੇ ਦਿੱਲੀ ਵਿੱਚ ਸਾਡੀਆਂ ਸਰਕਾਰਾਂ ਹਨ। ਗੁਜਰਾਤ, ਗੋਆ ਅਤੇ ਜੰਮੂ ਵਿੱਚ ਸਾਡੇ ਵਿਧਾਇਕ ਜਿੱਤੇ ਹਨ। ਚੰਡੀਗੜ੍ਹ ਅਤੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਸਾਡਾ ਮੇਅਰ ਹਨ। ਸਿਰਫ਼ ਦਸ ਸਾਲਾਂ ਵਿੱਚ ਹੀ ਆਮ ਆਦਮੀ ਪਾਰਟੀ ਦੇਸ਼ ਦੀ ਕੌਮੀ ਪਾਰਟੀ ਬਣ ਗਈ
ਮਾਨ ਨੇ ਕਿਹਾ ਕਿ ਬਰਨਾਲਾ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ।ਇੱਥੋਂ ਦੇ ਲੋਕਾਂ ਨਾਲ ਮੇਰਾ ਦਿਲ ਦਾ ਰਿਸ਼ਤਾ ਹੈ। ਇਹ ਮੇਰੇ ਸੰਸਦੀ ਹਲਕੇ ਦਾ ਹਿੱਸਾ ਹੈ। ਇੱਥੋਂ ਦੇ ਲੋਕਾਂ ਨੇ 2014 ਅਤੇ 2019 ਦੋਵਾਂ ਵਿੱਚ ਲੀਡ ਪ੍ਰਦਾਨ ਕੀਤੀ
ਵਿਰੋਧੀ ਉਮੀਦਵਾਰਾਂ ‘ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ‘ਤੇ ਭਰੋਸਾ ਨਾ ਕਰਿਓ। ਮੌਸਮ ਵੀ ਓਨੀ ਜਲਦੀ ਨਹੀਂ ਬਦਲਦਾ ਜਿੰਨੀ ਜਲਦੀ ਇਹ ਲੋਕ ਪਾਰਟੀਆਂ ਬਦਲ ਲੈਂਦੇ ਹਨ। ਕੇਵਲ ਢਿੱਲੋਂ ਪਹਿਲਾਂ ਕਾਂਗਰਸ ਤੋਂ ਹਾਰ ਗਏ ਸਨ। ਹੁਣ ਭਾਜਪਾ ਦੀ ਤਰਫ਼ੋਂ ਘੁੰਮ ਰਹੇ ਹਨ। ਉਨ੍ਹਾਂ ਦਾ ਕੋਈ ਪਤਾ ਨਹੀਂ ਕਿ ਉਹ ਕਿਹੜੇ ਵੇਲੇ ਕਿਹੜੇ ਪਾਸੇ ਹੋ ਜਾਣ। ਇਹ ਲੋਕ ਪੈਸੇ ਦੇ ਬਲਬੂਤੇ ਚੋਣਾਂ ਜਿੱਤਣਾ ਚਾਹੁੰਦੇ ਹਨ। ਪਰ ਉਨ੍ਹਾਂ ਕੋਲ ਪੈਸਾ ਹੈ ਅਤੇ ਸਾਡੇ ਕੋਲ ਜਨਤਾ ਦਾ ਪਿਆਰ ਹੈ। ਉਨ੍ਹਾਂ ਨੂੰ ਇਹ ਭੁਲੇਖਾ ਹੈ ਕਿ ਉਹ ਪੈਸੇ ਦੇ ਦਮ ‘ਤੇ ਜਿੱਤ ਜਾਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਾਲੇ ਵੀ ਕੰਮ ਦੀ ਗੱਲ ਕਰਨ ਲੱਗ ਪਏ ਹਨ। ਅਸੀਂ ਉਨ੍ਹਾਂ ਦਾ ਮੈਨੀਫੈਸਟੋ ਬਦਲ ਦਿੱਤਾ ਹੈ। ਪਹਿਲਾਂ ਉਹ ਕਦੇ ਸਕੂਲ-ਹਸਪਤਾਲ, ਬਿਜਲੀ-ਪਾਣੀ ਅਤੇ ਰੁਜ਼ਗਾਰ ਦੇ ਨਾਂ ‘ਤੇ ਚੋਣਾਂ ਨਹੀਂ ਲੜਦੇ ਸਨ। ਉਨ੍ਹਾਂ ਦੱਸਿਆ ਕਿ ਉਹ ਅੱਜ ਸਵੇਰੇ ਹੀ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਵਿੱਚ 1700 ਦੇ ਕਰੀਬ ਕਾਂਸਟੇਬਲ ਅਤੇ ਸਬ-ਇੰਸਪੈਕਟਰ ਲੜਕੇ-ਲੜਕੀਆਂ ਦੀ ਭਰਤੀ ਲਈ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਇੱਥੇ ਆਏ ਹਨ। ਅੱਜ ਦੀਆਂ ਨੌਕਰੀਆਂ ਸਮੇਤ, ਅਸੀਂ 48,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਢਾਈ ਸਾਲ ਬਾਕੀ ਹਨ। ਇਸ ਵਿੱਚ ਹੋਰ ਵੀ ਚੰਗੇ ਕੰਮ ਹੋਣਗੇ। ਬਰਨਾਲਾ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਨੂੰ ਜਿਤਾਓ। ਸਾਡਾ ਬਟਨ ਪਹਿਲੇ ਨੰਬਰ ‘ਤੇ ਹੈ ਅਤੇ ਸਿਰਫ ਪਹਿਲੇ ਨੰਬਰ ‘ਤੇ ਆਉਣਾ ਚਾਹੀਦਾ ਹੈ। ਕਿਸੇ ਹੋਰ ਪਾਰਟੀ ਵੱਲ ਨਾ ਦੇਖਿਓ। ਇਹ ਲੋਕ ਕੰਮ ਰੋਕ ਦੇਣਗੇ। ਉਨ੍ਹਾਂ ਕਿਹਾ ਕਿ ਧਾਲੀਵਾਲ ਤੁਹਾਡਾ ਆਪਣਾ ਹੈ। ਉਹ ਪਿੰਡ ਦਾ ਵਸਨੀਕ ਹੈ। ਦੂਜੇ ਤਾਂ ਪੰਚਕੂਲਾ ਅਤੇ ਚੰਡੀਗੜ੍ਹ ਤੋਂ ਹਨ। ਚੋਣਾਂ ਤੋਂ ਬਾਅਦ ਤੁਹਾਨੂੰ ਉਨ੍ਹਾਂ ਨੂੰ ਲੱਭਣਾ ਪਵੇਗਾ, ਪਰ ਉਹ ਨਹੀਂ ਮਿਲਣਗੇ। ਉਹ ਲੋਕ ਤੁਹਾਡੇ ਨਾਲ ਹੱਥ ਮਿਲਾ ਕੇ ਸੈਨੀਟਾਈਜ਼ਰ ਨਾਲ ਹੱਥ ਧੋਂਦੇ ਹਨ। ਇਸ ਲਈ ਉਸ ਨੂੰ ਵੋਟ ਨਾ ਦਿਓ।
ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਪਰ ਚੰਡੀਗੜ੍ਹ ਜਾ ਕੇ ਉਨ੍ਹਾਂ ਨੇ ਆਪਣੇ ਦਰਵਾਜ਼ੇ ਅੰਦਰੋਂ ਬੰਦ ਕਰ ਦਿੱਤੇ, ਫਿਰ 2022 ‘ਚ ਲੋਕਾਂ ਨੇ ਉਨ੍ਹਾਂ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ। ਉਹ ਕਦੇ ਵੀ ਆਮ ਲੋਕਾਂ ਨੂੰ ਨਹੀਂ ਮਿਲੇ। ਜਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋ ਗਈ।