ਚਮੋਲੀ – ਉੱਤਰਾਖੰਡ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਦੇ ਵਿਚਕਾਰ ਭਾਰਤ-ਚੀਨ (ਤਿੱਬਤ) ਸਰਹੱਦੀ ਖੇਤਰ ਵਿਚ ਮਾਨਾ ਕੈਂਪ ਦੇ ਨੇੜੇ ਬਰਫ਼ਬਾਰੀ ਦੌਰਾਨ 16 ਮਜ਼ਦੂਰ ਬਰਫ਼ ਹੇਠ ਦੱਬ ਗਏ, ਜਿਨ੍ਹਾਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ, ਆਈਟੀਬੀਪੀ ਅਤੇ ਫ਼ੌਜ ਦੀ ਮਦਦ ਨਾਲ ਤਿੰਨ ਲੋਕਾਂ ਨੂੰ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਦਸਿਆ ਜਾ ਰਿਹਾ ਹੈ ਕਿ ਹੋਰ ਵੀ ਕਈ ਮਜ਼ਦੂਰ ਬਰਫ਼ ਹੇਠ ਦੱਬੇ ਹੋ ਸਕਦੇ ਹਨ। ਫ਼ੌਜ ਤੇ ਆਈਟੀਬੀਪੀ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਐਨਡੀਆਰਐਫ਼ ਦੀ ਟੀਮ ਨੂੰ ਵੀ ਭੇਜਿਆ ਗਿਆ ਹੈ। ਇਸ ਹਾਦਸੇ ਵਿਚ 59 ਮਜ਼ਦੂਰ ਫਸ ਗਏ ਸਨ ਜਿਨ੍ਹਾਂ ਵਿਚੋਂ 16 ਨੂੰ ਬਚਾ ਲਿਆ ਗਿਆ ਹੈ ਜਦ ਕਿ 43 ਦੇ ਲੱਗਭਗ ਮਜ਼ਦੂਰ ਅੱਜੇ ਵੀ ਫਸੇ ਹੋਏ ਦਸੇ ਜਾ ਰਹੇ ਹਨ ਜਿਨ੍ਹਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ।
ਉਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰ ਕੇ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਪਿੰਡ ਮਾਨਾ ਨੇੜੇ B.R.O. ਵਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਦੌਰਾਨ ਬਰਫ਼ ਦੇ ਤੋਦੇ ਹੇਠਾਂ ਬਹੁਤ ਮਜ਼ਦੂਰ ਦੱਬ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ITBP, BRO ਅਤੇ ਹੋਰ ਬਚਾਅ ਟੀਮਾਂ ਵਲੋਂ ਰਾਹਤ ਅਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਅਸੀਂ ਸਾਰੇ ਮਜ਼ਦੂਰ ਭਰਾਵਾਂ ਦੀ ਸੁਰੱਖਿਆ ਲਈ ਭਗਵਾਨ ਬਦਰੀ ਵਿਸ਼ਾਲ ਅੱਗੇ ਪ੍ਰਾਰਥਨਾ ਕਰਦੇ ਹਾਂ।